![]()

ਗੁਰਦਾਸਪੁਰ ਚੋਣ ਨੇ ਵਿਰੋਧੀ ਪਾਰਟੀਆਂ ਨੂੰ ਅਸਲੀਅਤ ਦਾ ਸ਼ੀਸ਼ਾ ਦਿਖਾਇਆ
ਲੁਧਿਆਣਾ, 15 ਅਕਤੂਬਰ ( ਸਤ ਪਾਲ ਸੋਨੀ ) : ਗੁਰਦਾਸਪੁਰ ਲੋਕ ਸਭਾ ਜ਼ਿਮਨੀ ਚੋਣ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਸ੍ਰੀ ਸੁਨੀਲ ਜਾਖਡ਼ ਨੂੰ ਮਿਲੀ ਇਤਿਹਾਸਕ ਜਿੱਤ ਤੋਂ ਉਤਸ਼ਾਹਿਤ ਹੋਏ ਲੋਕ ਸਭਾ ਮੈਂਬਰ ਸ੍ਰ. ਰਵਨੀਤ ਸਿੰਘ ਬਿੱਟੂ ਨੇ ਕਿਹਾ ਹੈ ਕਿ ਇਸ ਜਿੱਤ ਨਾਲ ਸੂਬੇ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਗਠਜੋਡ਼ ਅਤੇ ਆਮ ਆਦਮੀ ਪਾਰਟੀ ਦੀ ਪੁੱਠੀ ਗਿਣਤੀ ਸ਼ੁਰੂ ਹੋ ਗਈ ਹੈ। ਉਨਾਂ ਕਿਹਾ ਕਿ ਵੈਸੇ ਤਾਂ ਵਿਧਾਨ ਸਭਾ ਚੋਣਾਂ ਵਿੱਚ ਮਿਲੀ ਹਾਰ ਨਾਲ ਹੀ ਇਨਾਂ ਦੋਵਾਂ ਪਾਰਟੀਆਂ ਦੇ ਪੁੱਠੇ ਦਿਨ ਸ਼ੁਰੂ ਹੋ ਗਏ ਸਨ, ਪਰ ਇਸ ਹਾਰ ਨਾਲ ਇਨਾਂ ਤਿੰਨਾਂ ਪਾਰਟੀਆਂ ਦੀ ਪੁੱਠੀ ਗਿਣਤੀ ਸ਼ੁਰੂ ਹੋ ਗਈ ਹੈ। ਗੁਰਦਾਸਪੁਰ ਜ਼ਿਮਨੀ ਚੋਣ ਦੌਰਾਨ ਲੋਕਾਂ ਨੇ ਜਿੱਥੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਛੇ ਮਹੀਨੇ ਦੀ ਕਾਰਗੁਜ਼ਾਰੀ ‘ਤੇ ਮੋਹਰ ਲਗਾਈ ਹੈ, ਉਥੇ ਹੀ ਇਨਾਂ ਵਿਰੋਧੀ ਪਾਰਟੀਆਂ ਨੂੰ ਉਨਾਂ ਦੇ ਡਿੱਗਦੇ ਮਿਆਰ ਦੀ ਅਸਲੀਅਤ ਦਾ ਸ਼ੀਸ਼ਾ ਦਿਖਾ ਦਿੱਤਾ ਹੈ।
ਸ੍ਰ. ਬਿੱਟੂ ਨੇ ਕਿਹਾ ਕਿ ਇਸ ਜਿੱਤ ਨਾਲ ਕਾਂਗਰਸ ਪਾਰਟੀ ਨੂੰ ਸੂਬੇ ਦੇ ਸਰਬਪੱਖੀ ਵਿਕਾਸ ਲਈ ਹੋਰ ਤੱਕਡ਼ਾ ਹੋ ਕੇ ਕੰਮ ਕਰਨ ਲਈ ਉਤਸ਼ਾਹ ਮਿਲੇਗਾ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਗਾਮੀ ਨਗਰ ਨਿਗਮ ਚੋਣਾਂ ਵਿੱਚ ਵੀ ਇਨਾਂ ਪਾਰਟੀਆਂ ਨੂੰ ਧੋਬੀ ਪਟਕਾ ਦੇ ਕੇ ਇਹ ਦੱਸ ਦੇਣ ਕਿ ਸੂਬੇ ਦੇ ਹਿੱਤ ਸਿਰਫ਼ ਤੇ ਸਿਰਫ਼ ਕਾਂਗਰਸ ਪਾਰਟੀ ਦੇ ਹੱਥ ਵਿੱਚ ਹੀ ਸੁਰੱਖਿਅਤ ਹਨ।