ਸੂਬੇ ਨੂੰ ਆਰਥਿਕ ਪੱਖੋਂ ਮਜ਼ਬੂਤ ਅਤੇ ਨੌਜਵਾਨਾਂ ਨੂੰ ਪੈਰਾਂ ‘ਤੇ ਖਡ਼ੇ  ਕਰਨ ਲਈ ਯਤਨ ਜਾਰੀ-ਰਵਨੀਤ ਸਿੰਘ ਬਿੱਟੂ

Loading

 

ਜ਼ਿਲਾ ਪੱਧਰੀ ਪਸ਼ੂਧੰਨ ਮੇਲਾ ਅਤੇ ਦੁੱਧ ਚੁਆਈ ਮੁਕਾਬਲਿਆਂ ਦੇ ਜੇਤੂਆਂ ਨੂੰ 7 ਲੱਖ ਰੁਪਏ ਦੇ ਇਨਾਮਾਂ ਦੀ ਵੰਡ

ਲੁਧਿਆਣਾ, 4 ਨਵੰਬਰ ( ਸਤ ਪਾਲ ਸੋਨੀ ) :  ”ਪੰਜਾਬ ਸਰਕਾਰ ਵੱਲੋਂ ਜਿੱਥੇ ਸੂਬੇ ਨੂੰ ਆਰਥਿਕ ਪੱਖੋਂ ਪੈਰਾਂ ਸਿਰ   ਕਰਨ ਲਈ ਯਤਨ ਕੀਤੇ ਜਾ ਰਹੇ ਹਨ, ਉਥੇ ਹੀ ਨੌਜਵਾਨਾਂ ਦਾ ਭਵਿੱਖ ਸੁਨਹਿਰੀ ਬਣਾਉਣ ਲਈ ਉਨਾਂ ਨੂੰ ਜਿੱਥੇ ਯੋਗਤਾ ਮੁਤਾਬਿਕ ਨੌਕਰੀਆਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ, ਉਥੇ ਹੀ ਉਨਾਂ ਨੂੰ ਰੋਜ਼ਗਾਰ ਦੇ ਕਾਬਿਲ ਬਣਾ ਕੇ ਸਵੈ-ਕਿੱਤੇ ਜਾਂ ਸਹਾਇਕ ਕਿੱਤਿਆਂ ਨਾਲ ਜੋਡ਼ਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।” ਇਹ ਵਿਚਾਰ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਪਿੰਡ ਬੱਦੋਵਾਲ ਵਿਖੇ ਆਯੋਜਿਤ ਕੀਤੇ ਗਏ ਦੋ ਰੋਜ਼ਾ ਜ਼ਿਲਾ ਪੱਧਰੀ ਪਸ਼ੂ ਧੰਨ ਮੇਲਾ ਅਤੇ ਦੁੱਧ ਚੁਆਈ ਮੁਕਾਬਲਿਆਂ ਦੇ ਜੇਤੂਆਂ ਨੂੰ 7 ਲੱਖ ਦੇ ਇਨਾਮ ਵੰਡਣ ਤੋਂ ਪਹਿਲਾਂ ਲੋਕਾਂ ਨੂੰ ਸੰਬੋਧਨ ਕਰਦਿਆਂ ਕਹੇ।
ਉਨਾਂ ਕਿਹਾ ਕਿ ਪੰਜਾਬ ਸਰਕਾਰ ਦੀ ਕੋਸ਼ਿਸ਼ ਹੈ ਕਿ ਜੋ ਨੌਜਵਾਨ ਚੰਗੇ ਕੰਮ ਕਰਨਗੇ ਉਨਾਂ ਨੂੰ ਹਰ ਤਰਾਂ  ਦਾ ਸਨਮਾਨ ਮੁਹੱਈਆ ਕਰਵਾਇਆ ਜਾਵੇ ਤਾਂ ਜੋ ਉਨਾਂ ਤੋਂ ਹੋਰ ਨੌਜਵਾਨ ਵੀ ਸੇਧ ਲੈਣ। ਜਿੱਥੇ ਪਡ਼ੇ  ਲਿਖੇ ਨੌਜਵਾਨਾਂ ਨੂੰ ਉਨਾਂ ਦੀ ਯੋਗਤਾ ਮੁਤਾਬਿਕ ਨੌਕਰੀਆਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ, ਉਥੇ ਹੀ ਕਿੱਤਾਮੁੱਖੀ ਨੌਜਵਾਨਾਂ ਨੂੰ ਬੈਂਕਾਂ ਤੋਂ ਕਰਜ਼ੇ ਅਤੇ ਸਬਸਿਡੀਆਂ ਦਿਵਾ ਕੇ ਪੈਰਾਂ  ‘ਤੇ ਖਡ਼ਾ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਪੂਰੀ ਉਮੀਦ ਹੈ ਕਿ ਆਉਣ ਵਾਲੀ ਪੀਡ਼ੀ ਖੇਤੀ ਦੇ ਨਾਲ-ਨਾਲ ਸਹਾਇਕ ਧੰਦੇ ਵੀ ਅਪਨਾਏਗੀ। ਉਨਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਦੀ ਕੋਸ਼ਿਸ਼ ਹੈ ਕਿ ਹਰੇਕ ਪਰਿਵਾਰ ਦੀ ਆਮਦਨ ਵਿੱਚ ਵਾਧਾ ਕੀਤਾ ਜਾਵੇ।
ਉਨਾਂ ਕਿਹਾ ਕਿ ਚਾਲੂ ਝੋਨੇ ਦੇ ਸੀਜਨ ਮੌਕੇ ਹਰ ਕਿਸਾਨ ਦਾ ਇੱਕ-ਇੱਕ ਦਾਣਾ ਮੰਡੀਆਂ ‘ਚੋਂ ਚੁੱਕਿਆ ਜਾ ਰਿਹਾ ਹੈ ਅਤੇ ਹਰ ਕਿਸਾਨ ਦੀ ਫਸਲ ਦਾ ਭੁਗਤਾਨ ਸਮੇਂ ਸਿਰ ਕੀਤਾ ਜਾ ਰਿਹਾ ਹੈ। ਕਿਸਾਨ ਪੱਖੀ ਫੈਸਲੇ ਕਰਨ ਵਾਲੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਮੌਜੂਦਾ ਸਰਕਾਰ ਨੇ ਕਿਸਾਨਾਂ ਨੂੰ ਆਰਥਿਕ ਤੌਰ ‘ਤੇ ਮਜਬੂਤ ਕਰਨ ਦਾ ਕੰਮ ਕੀਤਾ ਹੈ ਅਤੇ ਇਹ ਭਵਿੱਖ ਵਿੱਚ ਵੀ ਜਾਰੀ ਰਹੇਗਾ। ਇਸੇ ਤਰਾਂ  ਆਉਣ ਵਾਲੇ ਕਣਕ ਦੇ ਸੀਜਨ ਜਾਂ ਹਾਡ਼ੀ ਲਈ ਖਾਦ ਅਤੇ ਬੀਜਾਂ ਦੀ ਤਿਆਰੀ ਮੁਕੰਮਲ ਕਰ ਲਈ ਹੈ। ਉਹਨਾਂ ਕਿਹਾ ਕਿ ਅਜਿਹੇ ਪ੍ਰਬੰਧ ਪਿਛਲੇ 10 ਸਾਲਾਂ ਵਿੱਚ ਕਦੀ ਨਹੀਂ ਹੋ ਸਕੇ।
ਬਿੱਟੂ ਨੇ ਕਿਹਾ ਕਿ ਕਿਸਾਨੀ ਤੋਂ ਇਲਾਵਾ ਪੰਜਾਬ ਦੇ ਪਸ਼ੂ ਪਾਲਕਾਂ ਨੂੰ ਸਰਕਾਰ ਵਧੀਆ ਨਸਲ ਦੇ ਪਸ਼ੂ ਤਿਆਰ ਕਰਕੇ ਦੇਵੇਗੀ, ਇਸ ਲਈ ਗੁਜਰਾਤ ਤੋਂ ਗਿਰ ਨਸਲ ਦੀਆਂ ਗਾਵਾਂ ਮੰਗਾਈਆਂ ਗਈਆਂ ਹਨ ਅਤੇ ਪੰਜਾਬ ਵਿੱਚ ਸਾਹੀਵਾਲ ਵਰਗੀ ਦੇਸੀ ਨਸਲ ਨੂੰ ਹੋਰ ਬੇਹਤਰ ਕਰਕੇ ਕਿਸਾਨਾਂ ਦੇ ਸਪੁਰਦ ਕੀਤਾ ਜਾਵੇਗਾ। ਜਿਸ ਨਾਲ ਦੁੱਧ ਵਧੀਆ ਕੁਆਲਟੀ ਦਾ ਹੋਵੇਗਾ ਅਤੇ ਵੱਧ ਵੀ ਹੋਵੇਗਾ। ਇਸ ਸਹਾਇਕ ਧੰਦੇ ਨਾਲ ਕਿਸਾਨਾਂ ਦੀ ਆਮਦਨ ਵੀ ਵਧੇਗੀ। ਉਨਾਂ ਦੱਸਿਆ ਕਿ ਸਰਕਾਰ ਵੱਲੋਂ ਇਸ ਪਸ਼ੂ ਮੇਲੇ ਦੀ ਸਫਲਤਾ ਨੂੰ ਦੇਖਦੇ ਹੋਏ ਪਟਿਆਲਾ ਜ਼ਿਲੇ ‘ਚ ਰਾਜ ਪੱਧਰੀ ਮੇਲਾ 1 ਦਸੰਬਰ ਤੋਂ 5 ਦਸੰਬਰ ਤੱਕ ਲਾਇਆ ਜਾ ਰਿਹਾ ਹੈ। ਇਸ ਮੇਲੇ ਵਿੱਚ ਸਵਾ ਕਰੋਡ਼ ਰੁਪਏ ਦੇ ਨਗਦ ਇਨਾਮ ਵਧੀਆ ਕਿਸਮ ਦੇ ਪਸ਼ੂ ਰੱਖਣ ਵਾਲੇ ਕਿਸਾਨਾਂ ਨੂੰ ਦਿੱਤੇ ਜਾਣਗੇ।
ਇਸ ਮੌਕੇ ਬਿੱਟੂ ਨੇ ਮੇਲੇ ਦਾ ਦੌਰਾ ਕਰਕੇ ਪਸ਼ੂ ਪਾਲਕਾਂ ਨੂੰ ਉਤਸ਼ਾਹਿਤ ਕੀਤਾ। ਉਨਾਂ ਨਾਲ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਸੀਨੀਅਰ ਆਗੂਕੇ. ਕੇ. ਬਾਵਾ, ਜ਼ਿਲਾ ਪ੍ਰਧਾਨ  ਗੁਰਦੇਵ ਸਿੰਘ ਲਾਪਰਾਂ, ਜ਼ਿਲਾ ਯੂਥ ਪ੍ਰਧਾਨ  ਰਾਜੀਵ ਰਾਜਾ, ਸੀਨੀਅਰ ਕਾਂਗਰਸੀ ਆਗੂ ਮੇਜਰ ਸਿੰਘ ਭੈਣੀ,  ਮੇਜਰ ਸਿੰਘ ਮੁੱਲਾਂਪੁਰ,  ਅਮਰਜੋਤ ਸਿੰਘ ਸਰਪੰਚ ਬੱਦੋਵਾਲ, ਪਸ਼ੂ ਪਾਲਣ ਵਿਭਾਗ ਵੱਲੋਂ ਡਿਪਟੀ ਡਾਇਰੈਕਟਰ ਡਾ. ਗੁਰਚਰਨ ਸਿੰਘ ਤੂਰ ਅਤੇ ਹੋਰ ਅਧਿਕਾਰੀ ਮੌਜੂਦ ਸਨ।

7440cookie-checkਸੂਬੇ ਨੂੰ ਆਰਥਿਕ ਪੱਖੋਂ ਮਜ਼ਬੂਤ ਅਤੇ ਨੌਜਵਾਨਾਂ ਨੂੰ ਪੈਰਾਂ ‘ਤੇ ਖਡ਼ੇ  ਕਰਨ ਲਈ ਯਤਨ ਜਾਰੀ-ਰਵਨੀਤ ਸਿੰਘ ਬਿੱਟੂ

Leave a Reply

Your email address will not be published. Required fields are marked *

error: Content is protected !!