ਸੂਚਨਾ ਦਾ ਅਧਿਕਾਰ ਐਕਟ ਸੰਬੰਧੀ ਦੋ ਰੋਜ਼ਾ ਸਿਖ਼ਲਾਈ ਪ੍ਰੋਗਰਾਮ ਸ਼ੁਰੂ

Loading

 

ਸੂਚਨਾ ਦਾ ਅਧਿਕਾਰ ਐਕਟ ਲੋਕਤੰਤਰ ਵਿੱਚ ਲੋਕਾਂ ਨੂੰ ਮਜ਼ਬੂਤ ਕਰਨ ਦਾ ਮਹੱਤਵਪੂਰਨ ਜ਼ਰੀਆ-ਵਧੀਕ ਡਿਪਟੀ ਕਮਿਸ਼ਨਰ

ਲੁਧਿਆਣਾ, 13 ਸਤੰਬਰ ( ਸਤ ਪਾਲ ਸੋਨੀ ) :  ਸੂਚਨਾ ਦਾ ਅਧਿਕਾਰ ਐਕਟ-2005 ਬਾਰੇ ਸਿਖ਼ਲਾਈ ਦੇਣ ਦੇ ਮੰਤਵ ਨਾਲ ਮਹਾਤਮਾ ਗਾਂਧੀ ਰਾਜ ਲੋਕ ਪ੍ਰਸਾਸ਼ਕੀ ਸੰਸਥਾ (ਮੈਗਸੀਪਾ) ਦੇ ਖੇਤਰੀ ਕੇਂਦਰ ਪਟਿਆਲਾ ਵੱਲੋਂ ਦੋ ਰੋਜ਼ਾ ਪ੍ਰੋਗਰਾਮ ਅੱਜ ਸਥਾਨਕ ਬਚਤ ਭਵਨ ਵਿਖੇ ਸ਼ੁਰੂ ਹੋਇਆ। ਪਹਿਲੇ ਦਿਨ ਵੱਖ-ਵੱਖ ਵਿਭਾਗਾਂ ਨਾਲ ਸੰਬੰਧਤ ਲੋਕ ਸੂਚਨਾ ਅਧਿਕਾਰੀਆਂ ਅਤੇ ਸਹਾਇਕ ਲੋਕ ਸੂਚਨਾ ਅਧਿਕਾਰੀਆਂ ਸਮੇਤ 35 ਅਧਿਕਾਰੀਆਂ ਨੇ ਭਾਗ ਲਿਆ। ਇਹ ਸਿਖ਼ਲਾਈ ਪ੍ਰੋਗਰਾਮ ਪ੍ਰਸੋਨਲ ਅਤੇ ਸਿਖ਼ਲਾਈ ਵਿਭਾਗ, ਪੰਜਾਬ ਸਰਕਾਰ ਵੱਲੋਂ ਸਪਾਂਸਰ ਕੀਤਾ ਗਿਆ ਹੈ ਤਾਂ ਜੋ ਇਸ ਐਕਟ ਨਾਲ ਜੁਡ਼ੇ ਅਧਿਕਾਰੀਆਂ ਨੂੰ ਐਕਟ ਵਿੱਚ ਸਮੇਂ-ਸਮੇਂ ਹੁੰਦੀਆਂ ਤਬਦੀਲੀਆਂ ਬਾਰੇ ਜਾਣੂ ਕਰਵਾਇਆ ਜਾ ਸਕੇ।
ਇਸ ਸਿਖ਼ਲਾਈ ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰ. ਇਕਬਾਲ ਸਿੰਘ ਸੰਧੂ ਨੇ ਕਿਹਾ ਕਿ ਲੋਕਤੰਤਰ ਵਿੱਚ ਲੋਕਾਂ ਨੂੰ ਮਜ਼ਬੂਤ ਕਰਨ ਲਈ ਸੂਚਨਾ ਦਾ ਅਧਿਕਾਰ ਐਕਟ-2005 ਇੱਕ ਮਹੱਤਵਪੂਰਨ ਜ਼ਰੀਆ ਹੈ। ਇਸ ਤੋਂ ਇਲਾਵਾ ਇਸ ਐਕਟ ਨਾਲ ਸਰਕਾਰੀ ਕੰਮਾਂ ਵਿੱਚ ਪਾਰਦਰਸ਼ਤਾ ਅਤੇ ਜਵਾਬਦੇਹੀ ਵੀ ਵਿਕਸਤ ਹੁੰਦੀ ਹੈ। ਉਨਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਇਸ ਦੋ ਰੋਜ਼ਾ ਸਿਖ਼ਲਾਈ ਦਾ ਪੂਰਾ ਲਾਭ ਲੈਣ ਤਾਂ ਜੋ ਇਸ ਐਕਟ ਨੂੰ ਜ਼ਿਲਾ ਲੁਧਿਆਣਾ ਵਿੱਚ ਵਧੀਆ ਤਰੀਕੇ ਨਾਲ ਲਾਗੂ ਕੀਤਾ ਜਾ ਸਕੇ।  ਉਨਾਂ ਇਸ ਉੱਦਮ ਲਈ ਮੈਗਸੀਪਾ ਦਾ ਵੀ ਧੰਨਵਾਦ ਕੀਤਾ।
ਸਿਖ਼ਲਾਈ ਦੌਰਾਨ ਇਸ ਐਕਟ ਦੀ ਮਹੱਤਤਾ ‘ਤੇ ਚਾਨਣਾ ਪਾਉਂਦਿਆਂ ਮੈਗਸੀਪਾ ਦੇ ਕੋਰਸ ਡਾਇਰੈਕਟਰ (ਆਰ. ਟੀ. ਆਈ.) ਸ੍ਰ. ਜਰਨੈਲ ਸਿੰਘ ਨੇ ਦੱਸਿਆ ਕਿ ਮੈਗਸੀਪਾ ਵੱਲੋਂ ਅਜਿਹੇ ਸਿਖ਼ਲਾਈ ਪ੍ਰੋਗਰਾਮ ਸੂਬੇ ਦੇ ਹਰੇਕ ਜ਼ਿਲਾ ਹੈੱਡਕੁਆਰਟਰ ‘ਤੇ ਕਰਵਾਇਆ ਜਾ ਰਿਹਾ ਹੈ ਤਾਂ ਜੋ ਇਸ ਐਕਟ ਦੀਆਂ ਬਾਰੀਕੀਆਂ ਬਾਰੇ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਜਾ ਸਕੇ। ਉਨਾਂ ਦੱਸਿਆ ਕਿ ਸੰਸਥਾ ਵੱਲੋਂ ਹਰੇਕ ਸਾਲ ਸੂਬੇ ਵਿੱਚ 200 ਦੇ ਕਰੀਬ ਅਜਿਹੇ ਸਿਖ਼ਲਾਈ ਪ੍ਰੋਗਰਾਮ ਕਰਵਾਏ ਜਾਂਦੇ ਹਨ, ਜਿਨਾਂ ਵਿੱਚ ਸੂਚਨਾ ਦਾ ਅਧਿਕਾਰ ਐਕਟ, ਸਵਓਤਮ, ਦਫ਼ਤਰੀ ਕਾਰਵਾਈਆਂ, ਸਿਵਲ ਸਰਵਿਸਿਜ਼ ਰੂਲਜ਼, ਵਿੱਤ ਪ੍ਰਬੰਧਨ, ਸਾਫ਼ਟ ਸਕਿੱਲਜ਼ ਆਦਿ ਵਿਸ਼ਿਆਂ ਬਾਰੇ ਸਿਖ਼ਲਾਈ ਦਿੱਤੀ ਜਾਂਦੀ ਹੈ। ਇਨਾਂ ਸਿਖ਼ਲਾਈ ਪ੍ਰੋਗਰਾਮਾਂ ਦੌਰਾਨ ਸੰਬੰਧਤ ਵਿਸ਼ਾ ਮਾਹਿਰਾਂ ਵੱਲੋਂ ਸਿਖ਼ਲਾਈ ਦਿੱਤੀ ਜਾਂਦੀ ਹੈ।
ਸਿਖ਼ਲਾਈ ਪ੍ਰੋਗਰਾਮ ਦੌਰਾਨ ਪੰਜਾਬੀ ਯੂਨੀਵਰਸਿਟੀ ਦੇ ਲਾਅ ਵਿਭਾਗ ਦੇ ਮੁੱਖੀ ਪ੍ਰੋਫੈਸਰ ਪਰਮਜੀਤ ਸਿੰਘ ਨੇ ਐਕਟ ਦੇ ਵੱਖ-ਵੱਖ ਪੱਖਾਂ ਬਾਰੇ ਜਾਣਕਾਰੀ ਦਿੱਤੀ ਜਦਕਿ ਸੂਚਨਾ ਦਾ ਅਧਿਕਾਰ ਐਕਟ ਦੇ ਮਾਹਿਰ ਸ੍ਰੀ ਡੀ. ਸੀ. ਗੁਪਤਾ ਅਤੇ ਸੀਨੀਅਰ ਐਡਵੋਕੇਟ ਸ੍ਰੀ ਪੂਰਨ ਚੰਦ ਅਰੋਡ਼ਾ ਨੇ ਇਸ ਐਕਟ ਵਿੱਚ ਸਮੇਂ-ਸਮੇਂ ‘ਤੇ ਆ ਰਹੀਆਂ ਤਬਦੀਲੀਆਂ ਬਾਰੇ ਜਾਣੂ ਕਰਵਾਇਆ।
ਸਿਖ਼ਲਾਈ ਪ੍ਰੋਗਰਾਮ ਦੇ ਦੂਜੇ ਦਿਨ ਐਕਟ ਦੇ ਮਾਹਿਰ ਅਤੇ ਪੰਜਾਬ ਯੂਨੀਵਰਸਿਟੀ ਦੇ ਲਾਅ ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾ. ਐੱਸ. ਕੇ. ਡੋਗਰਾ ਅਤੇ ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਸਹਾਇਕ ਡਾਇਰੈਕਟਰ ਸ੍ਰੀ ਯਸ਼ਪਾਲ ਮਾਨਵੀ ਵੱਲੋਂ ਲੈਕਚਰ ਦਿੱਤੇ ਜਾਣਗੇ। ਸਿਖ਼ਲਾਈ ਦੇ ਅੰਤ ਵਿੱਚ ਮੈਗਸੀਪਾ ਦੇ ਖੇਤਰੀ ਕੇਂਦਰ ਪਟਿਆਲਾ ਦੇ ਪ੍ਰੋਜੈਕਟ ਕੋਆਰਡੀਨੇਟਰ ਸ੍ਰ. ਅਮਰਜੀਤ ਸਿੰਘ ਸੋਢੀ ਨੇ ਇਸ ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦਿਆਂ ਪਹਿਲੇ ਦਿਨ ਦੇ ਸਮਾਪਤੀ ਸਮਾਰੋਹ ਬਾਰੇ ਦੱਸਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲਾ ਮਾਲ ਅਫ਼ਸਰ ਸ੍ਰੀਮਤੀ ਸਵਿਤਾ, ਜ਼ਿਲਾ ਲੋਕ ਸੰਪਰਕ ਅਫ਼ਸਰ ਸ੍ਰ. ਪ੍ਰਭਦੀਪ ਸਿੰਘ ਨੱਥੋਵਾਲ, ਵੱਖ-ਵੱਖ ਤਹਿਸੀਲਦਾਰ, ਬਲਾਕ ਵਿਕਾਸ ਅਤੇ ਪੰਚਾਇਤ ਅਧਿਕਾਰੀ ਅਤੇ ਹੋਰ ਹਾਜ਼ਰ ਸਨ।

3970cookie-checkਸੂਚਨਾ ਦਾ ਅਧਿਕਾਰ ਐਕਟ ਸੰਬੰਧੀ ਦੋ ਰੋਜ਼ਾ ਸਿਖ਼ਲਾਈ ਪ੍ਰੋਗਰਾਮ ਸ਼ੁਰੂ

Leave a Reply

Your email address will not be published. Required fields are marked *

error: Content is protected !!