![]()

ਨਗਰ ਨਿਗਮ ਸ਼ਹਿਰ ਨੂੰ ਹਰਾ-ਭਰਾ ਅਤੇ ਸਾਫ਼ ਕਰਨ ਲਈ ਵਚਨਬੱਧ-ਮੇਅਰ
ਲੁਧਿਆਣਾ, 13 ਜੁਲਾਈ ( ਸਤ ਪਾਲ ਸੋਨੀ ) : ਪੰਜਾਬ ਸਰਕਾਰ ਵੱਲੋਂ ਚਲਾਏ ‘ਮਿਸ਼ਨ ਤੰਦਰੁਸਤ ਪੰਜਾਬ’ ਨੂੰ ਸਫ਼ਲ ਕਰਨ ਲਈ ਅਤੇ ਸ਼ਹਿਰ ਦੀ ਸਿੱਧਵਾਂ ਨਹਿਰ ਨੂੰ ਹਰਾ-ਭਰਾ ਕਰਨ ਲਈ ਸ਼ਹਿਰ ਦੇ ਕਈ ਗੈਰ ਸਰਕਾਰੀ ਸੰਗਠਨਾਂ ਨੇ ਸਾਂਝਾ ਹੰਭਲਾ ਮਾਰਿਆ ਹੈ। ਸਾਰੇ ਸੰਗਠਨਾਂ ਵੱਲੋਂ ਅੱਜ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ 150 ਤੋਂ ਵਧੇਰੇ ਪੌਦੇ ਸਿੱਧਵਾਂ ਨਹਿਰ ਦੇ ਨਾਲ-ਨਾਲ ਲਗਾਏ ਗਏ। ਮੁਹਿੰਮ ਦੀ ਸ਼ੁਰੂਆਤ ਨਗਰ ਨਿਗਮ ਲੁਧਿਆਣਾ ਦੇ ਮੇਅਰ ਬਲਕਾਰ ਸਿੰਘ ਸੰਧੂ ਨੇ ਕੀਤੀ। ਜਦਕਿ ਕੌਂਸਲਰ ਮਮਤਾ ਆਸ਼ੂ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਸਨ।
ਇਸ ਮੌਕੇ ਜਾਣਕਾਰੀ ਦਿੰਦਿਆਂ ਮੇਅਰ ਸੰਧੂ ਨੇ ਕਿਹਾ ਕਿ ਅੱਜ ਅਮਲਤਾਸ, ਗੁਲਮੋਹਰ, ਪਿੱਪਲ ਅਤੇ ਹੋਰ ਪੌਦੇ ਲਗਾਏ ਗਏ ਹਨ, ਜੋ ਕਿ ਵਾਤਾਵਰਣ ਨੂੰ ਸਾਫ਼ ਰੱਖਣ ਵਿੱਚ ਸਹਾਈ ਹੁੰਦੇ ਹਨ। ਉਨਾਂ ਕਿਹਾ ਕਿ ਮਿਸ਼ਨ ਤੰਦਰੁਸਤ ਪੰਜਾਬ ਇੱਕ ਬਹੁਤ ਵਧੀਆ ਮੁਹਿੰਮ ਹੈ। ਜਿਸ ਨਾਲ ਸੂਬੇ ਵਿੱਚ ਸ਼ੁੱਧ ਹਵਾ, ਪਾਣੀ, ਭੋਜਨ ਅਤੇ ਵਾਤਾਵਰਨ ਮਿਲ ਸਕੇਗਾ। ਉਨਾਂ ਗੈਰ ਸਰਕਾਰੀ ਸੰਗਠਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਮਿਸ਼ਨ ਨੂੰ ਸਫ਼ਲ ਕਰਨ ਲਈ ਅਤੇ ਸ਼ਹਿਰ ਨੂੰ ਸੁੰਦਰ ਬਣਾਉਣ ਲਈ ਇਕੱਠੇ ਹੋ ਕੇ ਕੰਮ ਕਰਨ। ਉਨਾਂ ਕਿਹਾ ਕਿ ਲਗਾਏ ਗਏ ਪੌਦਿਆਂ ਨੂੰ ਸੰਭਾਲਣ ਲਈ ਵੀ ਯਤਨ ਕੀਤੇ ਜਾਣੇ ਚਾਹੀਦੇ ਹਨ। ਉਨਾਂ ਭਰੋਸਾ ਦਿੱਤਾ ਕਿ ਨਗਰ ਨਿਗਮ ਵੱਲੋਂ ਸ਼ਹਿਰ ਨੂੰ ਹਰਾ-ਭਰਾ ਅਤੇ ਸਾਫ਼ ਕਰਨ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ।
ਇਸ ਮੁਹਿੰਮ ਵਿੱਚ ਭਾਗ ਲੈਣ ਵਾਲੇ ਸੰਗਠਨਾਂ ਵਿੱਚ ਐੱਸ. ਜੀ. ਐੱਮ. ਨਿਸ਼ਕਾਮ ਸੇਵਾ ਸੁਸਾਇਟੀ, ਸੰਤ ਭਵਰਾ ਪਬਲਿਕ ਸਕੂਲ ਅਤੇ ਡਿਜੀਟਲ ਪਾਠਸ਼ਾਲਾ ਦੇ ਵਿਦਿਆਰਥੀ, ਇਸਾਈ ਭਾਈਚਾਰੇ ਦੇ ਲੋਕ, ਯੰਗ ਬ੍ਰਿਗੇਡ ਮਾਡਲ ਟਾਊਨ, ਦੁਰਗਾ ਮਾਤਾ ਮੰਦਿਰ ਪਾਸੀ ਨਗਰ, ਸਨਾਤਨ ਧਰਮ ਮੰਦਿਰ ਵਿਸ਼ਾਲ ਨਗਰ ਅਤੇ ਹੋਰ ਸ਼ਾਮਿਲ ਸਨ। ਇਸ ਮੌਕੇ ਕਾਰਾਂ ਵਿੱਚ ਰੱਖਣ ਵਾਲੇ ਛੋਟੇ-ਛੋਟੇ ਕੂਡ਼ਾਦਾਨ ਵੀ ਲਾਂਚ ਕੀਤੇ ਗਏ ਅਤੇ ਰਾਹਗੀਰਾਂ ਨੂੰ ਮੁਫ਼ਤ ਵੰਡੇ ਗਏ। ਇਸ ਮੌਕੇ ਸੰਨੀ ਭੱਲਾ, ਦਿਲਰਾਜ ਸਿੰਘ, ਪੰਕਜ ਕਾਕਾ, ਰੁਪਿੰਦਰ ਕੌਰ, ਸੁਖਮਿੰਦਰ ਸਿੰਘ, ਅਲਬਰਟ ਦੂਆ, ਪ੍ਰਦੀਪ ਢੱਲ ਅਤੇ ਹੋਰ ਵੀ ਹਾਜ਼ਰ ਸਨ।