ਸਿੱਧਵਾਂ ਨਹਿਰ ਨੂੰ ‘ਸੈਰ ਸਪਾਟਾ’ ਸਥਾਨ ਵਜੋਂ ਵਿਕਸਤ ਕੀਤਾ ਜਾਵੇਗਾ-ਭਾਰਤ ਭੂਸ਼ਣ ਆਸ਼ੂ

Loading

ਸ਼ਹਿਰ ਦਾ ਸਰਬਪੱਖੀ ਵਿਕਾਸ ਅਤੇ ਸੁੰਦਰਤਾ ਪ੍ਰਮੁੱਖ ਤਰਜੀਹ-ਰਵਨੀਤ ਸਿੰਘ ਬਿੱਟੂ

ਲੁਧਿਆਣਾ, 19 ਮਈ ( ਸਤ ਪਾਲ ਸੋਨੀ ) : ਪੰਜਾਬ ਸਰਕਾਰ ਦੇ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲਿਆਂ ਬਾਰੇ ਵਿਭਾਗ ਦੇ ਕੈਬਨਿਟ ਮੰਤਰੀ  ਭਾਰਤ ਭੂਸ਼ਣ ਆਸ਼ੂ ਨੇ ਸ਼ਹਿਰ ਦੀ ‘ਸਾਹ ਰਗ’ (ਲਾਈਫ਼ ਲਾਈਨ) ਵਜੋਂ ਜਾਣੀ ਜਾਂਦੀ ਸਿੱਧਵਾਂ ਨਹਿਰ ਨੂੰ ‘ਸੈਰ ਸਪਾਟਾ’ ਸਥਾਨ ਵਜੋਂ ਵਿਕਸਤ ਕਰਨ ਦਾ ਐਲਾਨ ਕੀਤਾ ਹੈ। ਸ਼ਹਿਰ ਵਾਸੀਆਂ ਦੇ ਸੁਝਾਅ ਲੈਣ ਲਈ  ਆਸ਼ੂ ਅਤੇ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਅੱਜ ਸਥਾਨਕ ਕੋਚਰ ਮਾਰਕੀਟ ਵਿਖੇ ਵੱਖ-ਵੱਖ ਗੈਰ ਸਰਕਾਰੀ ਸੰਗਠਨਾਂ (ਐੱਨ. ਜੀ. ਓਜ਼) ਨਾਲ ਮੀਟਿੰਗ ਕੀਤੀ ਅਤੇ ਇਸ ਲਈ ਬਕਾਇਦਾ ਪ੍ਰੋਜੈਕਟ ਤਿਆਰ ਕਰਨ ਦਾ ਫੈਸਲਾ ਹੋਇਆ। ਇਸ ਪ੍ਰੋਜੈਕਟ ਨੂੰ ਮੁਕੰਮਲ ਹੋਣ ਤੱਕ ਲਗਾਤਾਰ ਰਿਵਿਊ ਕੀਤਾ ਜਾਇਆ ਕਰੇਗਾ।
ਮੀਟਿੰਗ ਦੌਰਾਨ ਪੰਜਾਬ ਸਰਕਾਰ ਦੀ ਸ਼ਹਿਰ ਦੇ ਸਰਬਪੱਖੀ ਵਿਕਾਸ ਪ੍ਰਤੀ ਵਚਨਬੱਧਤਾ ਦਾ ਪ੍ਰਗਟਾਵਾ ਕਰਦਿਆਂ ਆਸ਼ੂ ਨੇ ਕਿਹਾ ਕਿ ਪ੍ਰਦੂਸ਼ਣ ਦੇ ਮਾਰ ਝੱਲ ਰਹੇ ਸ਼ਹਿਰ ਲੁਧਿਆਣਾ ਦੇ ਲੋਕਾਂ ਲਈ ਸਿੱਧਵਾਂ ਨਹਿਰ ਲਾਈਫ਼ਲਾਈਨ ਦਾ ਕੰਮ ਕਰਦੀ ਹੈ, ਜਿਸ ਨੂੰ ਸੈਰ ਸਪਾਟਾ ਸਥਾਨ ਵਜੋਂ ਵਿਕਸਤ ਕੀਤਾ ਜਾਵੇਗਾ ਤਾਂ ਜੋ ਲੋਕ ਇਸ ਸਥਾਨ ‘ਤੇ ਆ ਕੇ ਸਰੀਰਕ ਅਤੇ ਮਾਨਸਿਕ ਤੌਰ ‘ਤੇ ਤੰਦਰੁਸਤ ਹੋ ਸਕਣ। ਉਨਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਨਹਿਰ ਦੀ ਕਾਇਆ ਕਲਪ ਕਰਨ ਲਈ ਆਪਣੇ ਕੀਮਤੀ ਸੁਝਾਅ ਨਗਰ ਨਿਗਮ ਜਾਂ ਜ਼ਿਲਾ ਪ੍ਰਸਾਸ਼ਨ ਜਾਂ ਉਨਾਂ (ਆਸ਼ੂ ਅਤੇ ਬਿੱਟੂ) ਤੱਕ ਪਹੁੰਚਾ ਸਕਦੇ ਹਨ।
ਮੀਟਿੰਗ ਦੌਰਾਨ ਵਿਚਾਰ ਵਟਾਂਦਰਾ ਕਰਦਿਆਂ ਆਸ਼ੂ ਨੇ ਕਿਹਾ ਕਿ ਮੁੱਢਲੇ ਗੇੜ ਦੌਰਾਨ ਨਹਿਰ ਦੇ ਬਾਹਰੀ ਹਿੱਸਿਆਂ ਦੀ ਸਫਾਈ ਕਰਵਾ ਕੇ ਉਥੇ ਭਾਂਤ-ਭਾਂਤ ਦੇ ਪੌਦੇ ਅਤੇ ਘਾਹ ਲਗਾਏ ਜਾਣਗੇ। ਲੈਂਡਸਕੇਪਿੰਗ ਨਾਲ ਇਸ ਦੀ ਸੁੰਦਰਤਾ ਵਿੱਚ ਵਾਧਾ ਕੀਤਾ ਜਾਵੇਗਾ। ਲੋਕਾਂ ਦੇ ਮਨੋਰੰਜਨ ਲਈ ਇਥੇ ਬੋਟਿੰਗ (ਕਿਸ਼ਤੀਬਾਜ਼ੀ), ਵਾਟਰ ਗੇਮਜ਼ (ਪਾਣੀ ਵਿੱਚ ਖੇਡੀਆਂ ਜਾਣ ਵਾਲੀਆਂ ਖੇਡਾਂ) ਅਤੇ ਫਲੋਟਿੰਗ ਰੈਸਟੋਰੈਂਟ ਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ। ਐੱਲ. ਈ. ਡੀ. ਲਾਈਟਾਂ ਇਸ ਦੀ ਸੁੰਦਰਤਾ ਨੂੰ ਹੋਰ ਵਧਾਉਣਗੀਆਂ ਅਤੇ ਸੈਲਾਨੀਆਂ ਨੂੰ ਆਕਰਸ਼ਿਤ ਕਰਨਗੀਆਂ।
ਉਨਾਂ ਕਿਹਾ ਕਿ ਇਸ ਨਹਿਰ ਵਿੱਚ ਕੂੜਾ ਕਰਕਟ ਅਤੇ ਧਾਰਮਿਕ ਆਸਥਾ ਤਹਿਤ ਸੁੱਟੀ ਜਾਣ ਵਾਲੀ ਪੂਜਾ ਸਮੱਗਰੀ ਨੂੰ ਰੋਕਣ ਲਈ ਨਹਿਰ ਦੇ ਕਿਨਾਰਿਆਂ ‘ਤੇ ਲੋਹੇ ਦੀਆਂ ਜਾਲੀਆਂ ਲਗਾਈਆਂ ਜਾਣਗੀਆਂ। ਇਸ ਦਿਸ਼ਾ ਵਿੱਚ ਪਿਛਲੇ ਦਿਨਾਂ ਦੌਰਾਨ ਪੁਜਾਰੀਆਂ ਨੂੰ ਮੀਟਿੰਗ ਦੌਰਾਨ ਜਾਗਰੂਕ ਵੀ ਕੀਤਾ ਗਿਆ ਸੀ। ਪੂਜਾ ਸਮੱਗਰੀ ਅਤੇ ਛੱਠ ਪੂਜਾ ਵਰਗੇ ਮੌਕਿਆਂ ਦੀ ਮਹੱਤਤਾ ਨੂੰ ਧਿਆਨ ਵਿੱਚ ਰੱਖ ਕੇ ਨਹਿਰ ਦੇ ਵੱਖ-ਵੱਖ ਭਾਗਾਂ ਵਿੱਚ ਵਿਸ਼ੇਸ਼ ‘ਘਾਟ’ ਬਣਾਏ ਜਾਣਗੇ, ਜੋ ਕਿ ਫ਼ਿਲਟਰ ਦੀ ਸਹੂਲਤ ਵਾਲੇ ਹੋਣਗੇ। ਇਥੇ ਜਦੋਂ ਲੋਕ ਪੂਜਾ ਕਰਨਗੇ ਤਾਂ ਪੂਜਾ ਦਾ ਸਮਾਨ ਸਾਰੇ ਪਾਣੀ ਵਿੱਚ ਨਾ ਮਿਲਕੇ ਇੱਕ ਜਗਾ ਇਕੱਠਾ ਹੋ ਜਾਇਆ ਕਰੇਗਾ। ਪੱਖੋਵਾਲ ਸੜਕ ਸਥਿਤ ਮੱਛੀ ਬਾਜ਼ਾਰ ਅਤੇ ਸਬਜੀ ਮੰਡੀ ਦਾ ਕੂੜਾ ਵੀ ਇਸ ਨਹਿਰ ਵਿੱਚ ਪੈਣ ਤੋਂ ਰੋਕਿਆ ਜਾਵੇਗਾ। ਨਹਿਰ ਨੂੰ ਸਾਫ਼ ਸੁਥਰਾ ਰੱਖਣ ਲਈ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਵਿਸ਼ੇਸ਼ ਐਕਟ ਨੂੰ ਸਹੀ ਮਾਅਨਿਆਂ ਵਿੱਚ ਲਾਗੂ ਕੀਤਾ ਜਾਵੇਗਾ।
ਮੀਟਿੰਗ ਦੌਰਾਨ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਉਨਾਂ ਦੀ ਸਰਕਾਰ ਵੱਲੋਂ ਸ਼ਹਿਰ ਲੁਧਿਆਣਾ ਦਾ ਸਰਬਪੱਖੀ ਵਿਕਾਸ ਅਤੇ ਸੁੰਦਰਤਾ ਨੂੰ ਹਮੇਸ਼ਾਂ ਵਿਸ਼ੇਸ਼ ਤਰਜੀਹ ਦਿੱਤੀ ਜਾਂਦੀ ਰਹੇਗੀ। ਉਨਾਂ ਦੱਸਿਆ ਪਿਛਲੀ ਸਰਕਾਰ ਦੌਰਾਨ ਵਿਕਾਸ ਪੱਖੋਂ ਕਾਫੀ ਪਿੱਛੇ ਚਲੇ ਗਏ ਸ਼ਹਿਰ ਨੂੰ ਹੁਣ ਸਹੀ ਮਾਅਨਿਆਂ ਵਿੱਚ ਸਮਾਰਟ ਸਿਟੀ ਵਜੋਂ ਵਿਕਸਤ ਕੀਤਾ ਜਾਵੇਗਾ। ਵਿਕਸਤ ਹੋਣ ਵਾਲੀਆਂ ਚਾਰ ਲੈਈਅਰ ਵੈਲੀਆਂ ਨਾਲ ਸ਼ਹਿਰ ਦੀ ਸੁੰਦਰਤਾ ਵਿੱਚ ਭਾਰੀ ਵਾਧਾ ਹੋਵੇਗਾ। ਪੂਰੇ ਸ਼ਹਿਰ ਵਿੱਚ ਸਮਾਰਟ ਕੂੜਾਦਾਨ ਲਗਾਏ ਜਾਣਗੇ। ਜਗਰਾਂਉ ਪੁੱਲ ਅਤੇ ਪੱਖੋਵਾਲ ਰੇਲਵੇ ਓਵਰਬ੍ਰਿਜ ਨਾਲ ਸ਼ਹਿਰ ਦੀ ਆਵਾਜਾਈ ਸਮੱਸਿਆ ਦਾ ਹੱਲ ਹੋਵੇਗਾ। ਮੀਟਿੰਗ ਦੌਰਾਨ ਸ਼ਹਿਰ ਦੇ ਹੋਰ ਵਿਕਾਸ ਕਾਰਜਾਂ ‘ਤੇ ਵੀ ਚਰਚਾ ਹੋਈ।
ਮੀਟਿੰਗ ਦੌਰਾਨ ਲੁਧਿਆਣਾ (ਪੂਰਬੀ) ਦੇ ਵਿਧਾਇਕ ਸੰਜੇ ਤਲਵਾੜ, ਨਗਰ ਨਿਗਮ ਲੁਧਿਆਣਾ ਦੇ ਮੇਅਰ ਬਲਕਾਰ ਸਿੰਘ ਸੰਧੂ, ਮਮਤਾ ਆਸ਼ੂ, ਸੰਨੀ ਭੱਲਾ, ਡਾ. ਹਰੀ ਸਿੰਘ, ਮਿਸ ਨੀਲਮ ਸ਼ਰਮਾ (ਸਾਰੇ ਕੌਂਸਲਰ), ਹਰਜਿੰਦਰ ਸਿੰਘ ਢੀਂਡਸਾ ਨਿੱਜੀ ਸਹਾਇਕ , ਬਿੱਟੂ. ਪ੍ਰਦੀਪ ਢੱਲ ਅਤੇ ਵੱਖ-ਵੱਖ ਸੰਗਠ ਦੇਨਾਂ ਮੈਂਬਰ ਹਾਜ਼ਰ ਸਨ।

19000cookie-checkਸਿੱਧਵਾਂ ਨਹਿਰ ਨੂੰ ‘ਸੈਰ ਸਪਾਟਾ’ ਸਥਾਨ ਵਜੋਂ ਵਿਕਸਤ ਕੀਤਾ ਜਾਵੇਗਾ-ਭਾਰਤ ਭੂਸ਼ਣ ਆਸ਼ੂ

Leave a Reply

Your email address will not be published. Required fields are marked *

error: Content is protected !!