![]()

ਸਮਾਗਮ ਵਿੱਚ ਕਈ ਉੱਚ ਅਧਿਕਾਰੀਆਂ ਦੇ ਪਹੁੰਚਣ ਦੀ ਸੰਭਾਵਨਾ
ਲੁਧਿਆਣਾ, 6 ਫਰਵਰੀ( ਸਤ ਪਾਲ ਸੋਨੀ ) : ਸ਼ਹਿਰ ਲੁਧਿਆਣਾ ਦੇ ਜੰਮਪਲ ਅਤੇ ਵਿਜ਼ਨਮ ਗਰੁੱਪ ਦੇ ਚੇਅਰਮੈਨ ਕਰਨਵੀਰ ਸਿੰਘ ਵਿਆਹ ਬੰਧਨ ਵਿੱਚ ਬੱਝਣ ਜਾ ਰਹੇ ਹਨ। ਵਿਸ਼ਵ ਪੱਧਰੀ ਕਾਰੋਬਾਰੀ ਅਤੇ ਬਹੁਪੱਖੀ ਸਖ਼ਸ਼ੀਅਤ ਵਜੋਂ ਜਾਣੇ ਜਾਂਦੇ ਕਰਨਵੀਰ ਸਿੰਘ ਦਾ ਵਿਆਹ ਭਾਰਤੀ ਵਿਦੇਸ਼ ਸੇਵਾ ਦੀ ਅਧਿਕਾਰੀ ਗੁਰਲੀਨ ਕੌਰ ਨਾਲ ਹੋਣ ਜਾ ਰਿਹਾ ਹੈ, ਜੋ ਕਿ ਇਸ ਵੇਲੇ ਸਵਿਟਜ਼ਰਲੈਂਡ ਵਿੱਚ ਵਿਸ਼ਵ ਵਪਾਰ ਸੰਗਠਨ ਲਈ ਪ੍ਰਮਾਨੈਂਟ ਮਿਸ਼ਨ ਆਫ਼ ਇੰਡੀਆ ਦੇ ਮੈਂਬਰ ਵਜੋਂ ਸੇਵਾਵਾਂ ਨਿਭਾਅ ਰਹੀ ਹੈ। ਜਦਕਿ ਕਰਨਵੀਰ ਭਾਰਤ ਸਰਕਾਰ ਅਤੇ ਵਿਸ਼ਵ ਪੱਧਰੀ ਵਪਾਰਕ ਅਦਾਰਿਆਂ ਵਿੱਚ ਇੱਕ ਪੁੱਲ ਦੀ ਤਰਾਂ ਕੰਮ ਕਰ ਰਹੇ ਹਨ। ਇਹ ਜੋੜੀ ‘ਸਿੱਖ ਪਾਵਰ ਕਪਲ’ ਦੇ ਨਾਮ ਨਾਲ ਜਾਣੀ ਜਾਣ ਲੱਗੀ ਹੈ। ਇਸ ਜੋੜੀ ਦਾ ਨੌਜਵਾਨਾਂ, ਖਾਸ ਕਰਕੇ ਭਾਰਤੀ ਨੌਜਵਾਨਾਂ ’ਤੇ ਬੜਾ ਹਾਂ ਪੱਖੀ ਪ੍ਰਭਾਵ ਹੈ, ਜਿਸ ਕਾਰਨ ਅੱਜ ਹਜ਼ਾਰਾਂ ਨੌਜਵਾਨ ਆਪਣੇ ਭਵਿੱਖ ਦੇ ਸੁਪਨੇ ਪੂਰੇ ਕਰਨ ਅਤੇ ਦੇਸ਼ ਲਈ ਸੇਵਾਵਾਂ ਦੇਣ ਲਈ ਇਨਾਂ ਤੋਂ ਗਾਈਡੈਂਸ ਲੈਣ ਲਈ ਉਤਾਵਲੇ ਹਨ।
ਇਸ ਜੋੜੀ ਦਾ ਵਿਆਹ ਮਿਤੀ 9 ਫਰਵਰੀ ਨੂੰ ਲੁਧਿਆਣਾ ਵਿਖੇ ਹੋ ਰਿਹਾ ਹੈ ਅਤੇ ਇਸ ਸਮਾਗਮ ਵਿੱਚ ਕਈ ਉੱਚ ਅਧਿਕਾਰੀਆਂ ਦੇ ਪਹੁੰਚਣ ਦੀ ਸੰਭਾਵਨਾ ਹੈ। ਇਸ ਜੋੜੀ ਦਾ ਇਕੋ ਇੱਕ ਮਕਸਦ ਦੇਸ਼ ਦੀ ਸੇਵਾ ਕਰਨਾ ਅਤੇ ਦੇਸ਼ ਨੂੰ ਲੋਕਾਂ ਦੇ ਰਹਿਣ ਲਈ ਸਭ ਤੋਂ ਵਧੀਆ ਜਗ੍ਹਾਂ ਬਣਾਉਣਾ ਹੈ। ਕਰਨਵੀਰ ਸਿੰਘ ਇੱਕ ਅੰਤਰਰਾਸ਼ਟਰੀ ਪੱਧਰ ਦੇ ਬੁਲਾਰੇ ਅਤੇ ਤਕਨੀਕੀ ਤੌਰ ’ਤੇ ਆਏ ਦਿਨ ਨਵਾਂ ਕਰਨ ਕਰਕੇ ਜਾਣੇ ਜਾਂਦੇ ਹਨ, ਨੇ ਭਾਰਤ ਨੂੰ ਹੁਣ ਸੰਯੁਕਤ ਰਾਸ਼ਟਰ, ਵਿਸ਼ਵ ਵਪਾਰ ਸੰਗਠਨ ਅਤੇ ਹੋਰ ਕਈ ਮੰਚਾਂ ਸਮੇਤ ਕਰੀਬ 30 ਦੇਸ਼ਾਂ ਵਿੱਚ ਪੇਸ਼ ਕੀਤਾ ਹੈ। ਕਰਨਵੀਰ ਉਪਰੋਕਤ ਤੋਂ ਇਲਾਵਾ ਇਸ ਵੇਲੇ ਇੰਟਰਨੈਸ਼ਨਲ ਯੂਥ ਕੌਂਸਲ, ਨੈਸ਼ਨਲ ਇੰਟਰਪ੍ਰਾਈਨਿਊਰ ਨੈੱਟਵਰਕ, ਸਟਾਰਟ ਅੱਪ ਇੰਡੀਆ, ਹੈੱਲਪ ਐੱਨ. ਜੀ. ਓ., ਆਈ. ਆਈ. ਐੱਮ. ਰੋਹਤਕ ਦੇ ਇੰਨਕਿਊਬੇਸ਼ਨ ਸੈਂਟਰ ਨਾਲ ਬਤੌਰ ਸਲਾਹਕਾਰ ਵੀ ਕੰਮ ਕਰ ਰਿਹਾ ਹੈ।
ਇਸ ਤੋਂ ਇਲਾਵਾ ਕਰਨਵੀਰ ਦੇਸ਼ ਦੇ ਕਈ ਮੰਤਰਾਲਿਆਂ, ਪ੍ਰਸਾਸ਼ਕੀ ਅਦਾਰਿਆਂ ਅਤੇ ਹੋਰ ਅਦਾਰਿਆਂ ਨਾਲ ਨੀਤੀਘਾੜੇ ਵਜੋਂ ਵੀ ਕੰਮ ਕੀਤਾ ਹੈ। ਕਰਨਵੀਰ ਨੇ ਆਪਣੀ ਸਕੂਲੀ ਵਿਦਿਆ ਲੁਧਿਆਣਾ ਦੇ ਗੁਰੂ ਨਾਨਕ ਇੰਟਰਨੈਸ਼ਨਲ ਪਬਲਿਕ ਸਕੂਲ ਤੋਂ ਪ੍ਰਾਪਤ ਕੀਤੀ, ਜਦਕਿ ਇਲੈਕਟ੍ਰੋਨਿਕਸ ਐਂਡ ਟੈਲੀਕਮਿਊਨੀਕੇਸ਼ਨ ਵਿੱਚ ਗ੍ਰੈਜੂਏਸ਼ਨ ਤੋਂ ਬਾਅਦ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਵਿੱਚ ਮਾਸਟਰ ਡਿਗਰੀ ਕਰਨ ਉਪਰੰਤ ਆਈ. ਆਈ. ਐੱਮ. ਰੋਹਤਕ ਤੋਂ ਐੱਮ. ਬੀ. ਏ. ਕੀਤੀ। ਉਸਨੇ ਸਾਈਲੈਂਟ ਕਮਿਊਨੀਕੇਸ਼ਨ ਵਿੱਚ ਪੀ. ਐੱਚ. ਡੀ. ਸਕਾਲਰਸ਼ਿਪ ਪ੍ਰਾਪਤ ਕੀਤੀ। ਕਰਨਵੀਰ ਨੇ ਪਿੱਛੇ ਜਿਹੇ ਦਾਵੋਸ (ਸਵਿੱਟਜ਼ਰਲੈਂਡ) ਵਿਖੇ ਵਰਲਡ ਇਕਨਾਮਿਕ ਫੋਰਮ ਵਿੱਚ ‘ਗਲੋਬਲ ਸ਼ੇਪਰ’ ਵਜੋਂ ਭਾਗ ਲਿਆ ਸੀ ਅਤੇ ਨਾਮਣਾ ਖੱਟਿਆ ਸੀ।