ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਵਿਸ਼ਵ ਵਾਤਾਵਰਨ ਦਿਵਸ ਮੌਕੇ ਮਿਸ਼ਨ ਤੰਦਰੁਸਤ ਪੰਜਾਬ ਲੋਕਾਂ ਨੂੰ ਕੀਤਾ ਸਮਰਪਿਤ

Loading

ਲੋਕਾਂ ਨੂੰ ਸ਼ੁੱਧ ਪਾਣੀ, ਹਵਾ ਅਤੇ ਸਾਫ਼ ਭੋਜਨ ਮੁਹੱਈਆ ਕਰਵਾ ਕੇ ਪੰਜਾਬ ਨੂੰ ਸਿਹਤਮੰਦ ਸੂਬਾ ਬਣਾਉਣ ਦੀ ਵਚਨਬੱਧਤਾ ਦੁਹਰਾਈ

ਲੁਧਿਆਣਾ, 5 ਜੂਨ ( ਸਤ ਪਾਲ ਸੋਨੀ ) : ਪੰਜਾਬ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ  ਬ੍ਰਹਮ ਮਹਿੰਦਰਾ ਨੇ ਅੱਜ ਵਿਸ਼ਵ ਵਾਤਾਵਰਨ ਦਿਵਸ ਮੌਕੇ ਪੰਜਾਬ ਰਾਜ ਦੇ ਸਾਰੇ ਨਾਗਰਿਕਾਂ ਨੂੰ ਮਿਆਰੀ ਹਵਾ, ਮਿਆਰੀ ਪਾਣੀ ਅਤੇ ਮਿਲਾਵਟ ਰਹਿਤ ਭੋਜਨ/ਖੁਰਾਕ ਮੁਹੱਈਆ ਕਰਵਾਉਣ ਦੇ ਨਾਲ-ਨਾਲ ਉਨਾਂ  ਨੂੰ ਸਿਹਤ ਸੰਭਾਲ ਪ੍ਰਤੀ ਜਾਗਰੂਕ ਕਰਨ ਲਈ ਸ਼ੁਰੂ ਮਿਸ਼ਨ ਤੰਦਰੁਸਤ ਪੰਜਾਬ ਨੂੰ ਲੋਕਾਂ ਲਈ ਸਮਰਪਿਤ ਕੀਤਾ। ਇਹ ਮਿਸ਼ਨ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤਾ ਗਿਆ ਹੈ। ਉਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸੋਚ ਦਾ ਪ੍ਰਤੀਕ ਇਸ ਮਿਸ਼ਨ ਦੇ ਟੀਚੇ ਨੂੰ ਪ੍ਰਾਪਤ ਕਰਨਾ ਸਮੇਂ ਦੀ ਲੋਡ਼ ਹੈ।
ਅੱਜ ਸਥਾਨਕ ਗੁਰੂ ਨਾਨਕ ਦੇਵ ਭਵਨ ਵਿਖੇ ਮਿਸ਼ਨ ਤੰਦਰੁਸਤ ਪੰਜਾਬ ਨੂੰ ਸ਼ੁਰੂ ਕਰਨ ਲਈ ਰੱਖੇ ਜਿਲਾ  ਪੱਧਰੀ ਸਮਾਗਮ ਨੂੰ ਮੁੱਖ ਮਹਿਮਾਨ ਵਜੋਂ ਸੰਬੋਧਨ ਕਰਦਿਆਂ ਮਹਿੰਦਰਾ ਨੇ ਕਿਹਾ ਕਿ ਇਸ ਮਿਸ਼ਨ ਨੂੰ ਸ਼ੁਰੂ ਕਰਨ ਪਿੱਛੇ ਸੋਚ ਹੈ ਕਿ ਪੰਜਾਬ ਦੀ ਆਬੋ-ਹਵਾ, ਪੌਣ ਪਾਣੀ ਅਤੇ ਭੋਜਨ ਦੀ ਗੁਣਵੱਤਾ ਵਿੱਚ ਸੁਧਾਰ ਲਿਆ ਕੇ ਸੂਬੇ ਦੇ ਲੋਕਾਂ ਨੂੰ ਤੰਦਰੁਸਤ ਅਤੇ ਸਿਹਤਮੰਦ ਜੀਵਨ ਮੁਹੱਈਆ ਕਰਾਇਆ ਜਾਵੇ।
ਉਨਾਂ ਕਿਹਾ ਕਿ ਇਸ ਮਿਸ਼ਨ ਤਹਿਤ ਪੰਜਾਬ ਸਰਕਾਰ ਦੇ 12 ਵਿਭਾਗਾਂ ਦੇ ਸਾਂਝੇ ਉੱਦਮਾਂ ਨਾਲ ਸੂਬੇ ਨੂੰ ਤੰਦਰੁਸਤ ਸੂਬੇ ਵਜੋਂ ਵਿਕਸਤ ਕੀਤਾ ਜਾਣਾ ਹੈ। ਟੀਚਾ ਪ੍ਰਾਪਤ ਕਰਨ ਲਈ ਵੱਡੇ ਪੱਧਰ ਉੱਪਰ ਜਾਗਰੂਕਤਾ ਮੁਹਿੰਮ ਵਿੱਢੀ ਗਈ ਹੈ।ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਇਸ ਲੋਕ ਹਿਤ ਉਪਰਾਲੇ ਵਿੱਚ ਪੰਜਾਬ ਸਰਕਾਰ ਦਾ ਸਾਥ ਦੇਣ। ਉਨਾਂ ਆਮ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਤੇ ਸਰਕਾਰੀ ਮਹਿਕਮਿਆਂ ਨੂੰ ਮਿਲਾਵਟਖੋਰਾਂ ਤੇ ਪ੍ਰਦੂਸ਼ਣ ਫੈਲਾਉਣ ਵਾਲਿਆਂ ਵਿਰੁੱਧ ਮੁਹਿੰਮ ਚਲਾਉਣ ਲਈ ਵੀ ਆਖਿਆ।
ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ  ਮਹਿੰਦਰਾ ਨੇ ਕਿਹਾ ਕਿ ਸੂਬੇ ਵਿੱਚ ਜਲਦ ਹੀ 306 ਡਾਕਟਰ ਸਿਹਤ ਵਿਭਾਗ ਨੂੰ ਆਪਣੀ ਸੇਵਾਵਾਂ ਦੇਣੀਆਂ ਸ਼ੁਰੂ ਕਰ ਦੇਣਗੇ। ਉਨਾਂ ਜੋਰ ਦੇ ਕੇ ਕਿਹਾ ਕਿ ਪਿਛਲੀ ਸਰਕਾਰ ਵੱਲੋਂ ਸਿਹਤ ਖੇਤਰ ਵਿੱਚ ਕੋਈ ਵੀ ਕੰਮ ਨਹੀਂ ਕੀਤਾ ਗਿਆ। ਜਿਸ ਦਾ ਨਤੀਜਾ ਇਹ ਨਿਕਲਿਆ ਕਿ ਉਨਾਂ  ਦੇ ਵਿਭਾਗ ਦਾ ਅਹੁਦਾ ਸੰਭਾਲਣ ਮੌਕੇ ਵਿਭਾਗ ਦੀ ਹਾਲਤ ਬਹੁਤ ਮਾਡ਼ੀ ਸੀ ਪਰ ਹੁਣ ਬਡ਼ੀ ਤੇਜੀ ਨਾਲ ਹਾਲਾਤ ਸੁਧਰ ਰਹੇ ਹਨ।ਉਨਾਂ ਕਿਹਾ ਕਿ ਸੂਬੇ ਵਿੱਚ ਮੀਜ਼ਲ-ਰੁਬੇਲਾ ਮੁਹਿੰਮ ਸਫ਼ਲਤਾ ਪੂਰਵਕ ਚੱਲ ਰਹੀ ਹੈ। ਸੂਬੇ ਵਿੱਚ ਹੁਣ ਤੱਕ 48.55 ਲੱਖ ਬੱਚਿਆਂ ਦਾ ਟੀਕਾਕਰਨ ਹੋ ਚੁੱਕਾ ਹੈ, ਜਦਕਿ ਕੁੱਲ 73 ਲੱਖ਼ ਵਿੱਚੋਂ ਬਾਕੀ ਰਹਿੰਦੇ ਬੱਚਿਆਂ ਦਾ ਵੀ ਟੀਕਾਕਰਨ ਤੈਅ ਸਮਾਂ ਸੀਮਾ ਵਿੱਚ ਕਰ ਦਿੱਤਾ ਜਾਵੇਗਾ।
ਉਨਾਂ ਕਿਹਾ ਕਿ ਫੈਕਟਰੀਆਂ ਅਤੇ ਸਨਅਤਾਂ ਦੇ ਗੰਦੇ ਪਾਣੀ ਨੂੰ ਸੋਧਣ ਲਈ ਲੁਧਿਆਣਾ ਵਿੱਚ ਤਿੰਨ ਸਾਂਝੇ ਪ੍ਰਦੂਸ਼ਣ ਪਾਣੀ ਸੋਧਕ ਪਲਾਂਟ ਸਥਾਪਤ ਕੀਤੇ ਜਾ ਰਹੇ ਹਨ, ਜਿਨਾਂ ਦੀ ਸਥਾਪਤੀ ਨਾਲ ਪਾਣੀ ਦੇ ਪ੍ਰਦੂਸ਼ਣ ਦੀ ਸਮੱਸਿਆ ਨੂੰ ਕਾਫੀ ਹੱਦ ਤੱਕ ਸੁਧਾਰ ਲਿਆ ਜਾਵੇਗਾ। ਪਰਾਲੀ ਸਾਡ਼ਨ ਦੇ ਰੁਝਾਨ ਬਾਰੇ ਪੁੱਛੇ ਜਾਣ ਉੱਪਰ ਉਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਤਿੰਨ ਕੰਪਨੀਆਂ ਨਾਲ ਰਾਬਤਾ ਕੀਤਾ ਹੋਇਆ ਹੈ, ਜੋ ਕਿ ਕਿਸਾਨਾਂ ਤੋਂ ਪਰਾਲੀ ਖਰੀਦ ਕੇ ਇਸ ਤੋਂ ਬਿਜਲੀ ਪੈਦਾ ਕਰਿਆ ਕਰਨਗੀਆਂ। ਇਸ ਨਾਲ ਕਿਸਾਨ ਪਰਾਲੀ ਵੇਚ ਕੇ ਸੋਹਣੀ ਕਮਾਈ ਵੀ ਕਰ ਸਕਣਗੇ। ਇਸ ਮੌਕੇ ਉਨਾਂ  ਪਰਾਲੀ ਨਾ ਸਾਡ਼ਨ ਵਾਲੇ ਜਿਲਾ  ਲੁਧਿਆਣਾ ਦੇ 110 ਕਿਸਾਨਾਂ ਦਾ ਸਨਮਾਨ ਵੀ ਕੀਤਾ। ਇਸ ਮੌਕੇ ਵੱਖ-ਵੱਖ ਵਿਭਾਗਾਂ ਵੱਲੋਂ ਕੀਤੇ ਜਾ ਰਹੇ ਕਾਰਜਾਂ ਬਾਰੇ ਪ੍ਰਦਰਸ਼ਨੀ ਵੀ ਲਗਾਈ ਗਈ, ਜਿਸ ਦਾ ਮੁੱਖ ਮਹਿਮਾਨ ਨੇ ਦੌਰਾ ਕੀਤਾ। ਉਨ੍ਹਾਂ ਮਿਸ਼ਨ ਤੰਦਰੁਸਤ ਪੰਜਾਬ ਬਾਰੇ ਇੱਕ ਕਿਤਾਬਚਾ ਵੀ ਜਾਰੀ ਕੀਤਾ। ਇਸ ਮੌਕੇ ਸਿਹਤ ਵਿਭਾਗ ਵੱਲੋਂ ਖੂਨ ਦਾਨ ਅਤੇ ਸਿਹਤ ਜਾਂਚ ਕੈਂਪ ਵੀ ਲਗਾਇਆ ਗਿਆ।
ਇਸ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਵ) ਡਾ. ਸ਼ੇਨਾ ਅਗਰਵਾਲ ਨੇ ਤੰਦਰੁਸਤ ਪੰਜਾਬ ਬਾਰੇ ਪੇਸ਼ਕਾਰੀ ਪੇਸ਼ ਕੀਤੀ। ਇਸ ਤੋਂ ਇਲਾਵਾ ਨਗਰ ਨਿਗਮ ਲੁਧਿਆਣਾ ਦੇ ਸੰਯੁਕਤ ਕਮਿਸ਼ਨਰ ਸਤਵੰਤ ਸਿੰਘ ਨੇ ਨਗਰ ਨਿਗਮ ਵੱਲੋਂ ਸ਼ਹਿਰ ਨੂੰ ਸਾਫ਼ ਸੁਥਰਾ ਅਤੇ ਸੁੰਦਰ ਬਣਾਉਣ ਲਈ ਕੀਤੇ ਜਾ ਰਹੇ ਕਾਰਜਾਂ ਦਾ ਵੇਰਵਾ ਪੇਸ਼ ਕੀਤਾ। ਇਸ ਮੌਕੇ ਦਯਾਨੰਦ ਹਸਪਤਾਲ ਦੇ ਡੀਨ ਡਾ. ਰਾਜੂ ਸਿੰਘ ਛੀਨਾ, ਪੰਜਾਬ ਖੇਤੀਬਾਡ਼ੀ ਯੂਨੀਵਰਸਿਟੀ ਸਥਿਤ ਆਰਗੈਨਿਕ ਫਾਰਮਿੰਗ ਸਕੂਲ ਦੇ ਡਾਇਰੈਕਟਰ ਡਾ. ਚਰਨਜੀਤ ਸਿੰਘ ਔਲਖ਼, ਸਵਾਮੀ ਵਿਵੇਕਾਨੰਦ ਟਰੱਸਟ ਲੁਧਿਆਣਾ ਦੇ ਅਨਿਲ ਭਾਰਤੀ ਨੇ ਵਕਤਿਆਂ ਵਜੋਂ ਵੱਖ-ਵੱਖ ਵਿਸ਼ਿਆਂ ਬਾਰੇ ਵਿਚਾਰ ਸਾਂਝੇ ਕੀਤੇ। ਬ੍ਰਹਮ ਮਹਿੰਦਰਾ ਨੇ ਸਮਾਗਮ ਤੋਂ ਪਹਿਲਾਂ ਸਥਾਨਕ ਰੱਖ਼ਬਾਗ ਵਿਖੇ ਪੌਦੇ ਲਗਾ ਕੇ ਵਾਤਾਵਰਨ ਨੂੰ ਹਰਾ-ਭਰਾ ਬਣਾਉਣ ਦਾ ਸੁਨੇਹਾ ਦਿੱਤਾ।
ਇਸ ਮੌਕੇ ਵਿਧਾਇਕ  ਰਾਕੇਸ਼ ਪਾਂਡੇ, ਸੰਜੇ ਤਲਵਾਡ਼, ਮੁੱਖ ਮੰਤਰੀ ਦੇ ਪ੍ਰਚਾਰ ਸਕੱਤਰ  ਵਿਮਲ ਸੁੰਬਲੀ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਸੀਨੀਅਰ ਡਿਪਟੀ ਮੇਅਰ ਸ਼ਾਮ ਸੁੰਦਰ ਮਲਹੋਤਰਾ, ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ, ਜਿਲਾ ਪ੍ਰਧਾਨ ਕਾਂਗਰਸ ਗੁਰਦੇਵ ਸਿੰਘ ਲਾਪਰਾਂ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।

 

19910cookie-checkਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਵਿਸ਼ਵ ਵਾਤਾਵਰਨ ਦਿਵਸ ਮੌਕੇ ਮਿਸ਼ਨ ਤੰਦਰੁਸਤ ਪੰਜਾਬ ਲੋਕਾਂ ਨੂੰ ਕੀਤਾ ਸਮਰਪਿਤ

Leave a Reply

Your email address will not be published. Required fields are marked *

error: Content is protected !!