ਸਾਹਨੇਵਾਲ ਹਵਾਈ ਅੱਡੇ ਤੋਂ ਉਡਾਣਾਂ ਲਈ ਤਿਆਰੀਆਂ ਮੁਕੰਮਲ, ਯਾਤਰੀਆਂ ਨੂੰ ਸਾਹਨੇਵਾਲ ਤੋਂ ਕੋਹਾਡ਼ਾ ਬਾਈਪਾਸ ਵਾਲਾ ਰਸਤਾ ਵਰਤਣ ਦੀ ਸਲਾਹ

Loading

 

-ਡਿਪਟੀ ਕਮਿਸ਼ਨਰ ਵੱਲੋਂ ਸੰਬੰਧਤ ਅਧਿਕਾਰੀਆਂ ਨਾਲ ਹਵਾਈ ਅੱਡੇ ਦਾ ਮੁਡ਼ ਨਿਰੀਖਣ

-ਪਹਿਲੇ ਗੇਡ਼ ‘ਚ 70 ਸੀਟਾਂ ਵਾਲੇ ਜਹਾਜ਼ ਦੇਣਗੇ ਹਵਾਈ ਸੇਵਾਵਾਂ

ਲੁਧਿਆਣਾ,  30 ਅਗਸਤ  ( ਸਤ ਪਾਲ ਸੋਨੀ ) : ਸ਼ਹਿਰ ਲੁਧਿਆਣਾ ਦੇ ਪੈਰਾਂ  ਵਿੱਚ ਵੱਸਦੇ ਕਸਬਾ ਸਾਹਨੇਵਾਲ ਦੇ ਹਵਾਈ ਅੱਡੇ ਤੋਂ ਘਰੇਲੂ ਹਵਾਈ ਉਡਾਣਾਂ 2 ਸਤੰਬਰ ਤੋਂ ਸ਼ੁਰੂ ਹੋਣ ਜਾ ਰਹੀਆਂ ਹਨ। ਜਿਸ ਲਈ ਜ਼ਿਲਾ  ਪ੍ਰਸਾਸ਼ਨ ਵੱਲੋਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਜਿਸ ਦਾ ਅੱਜ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਖੁਦ ਮੁਡ਼ ਜਾਇਜ਼ਾ ਲਿਆ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ।
ਉਡਾਣਾਂ ਸੰੰਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਅਗਰਵਾਲ ਨੇ ਦੱਸਿਆ ਕਿ ਇਹ ਘਰੇਲੂ ਉਡਾਣਾਂ ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ‘ਉਡਾਣ ਯੋਜਨਾ’ ਤਹਿਤ ਸ਼ੁਰੂ ਹੋਣ ਜਾ ਰਹੀਆਂ ਹਨ। ਉਨਾਂ ਕਿਹਾ ਕਿ ਬੁਨਿਆਦੀ ਢਾਂਚੇ ਵਜੋਂ ਹਵਾਈ ਅੱਡਾ ਘਰੇਲੂ ਹਵਾਈ ਉਡਾਣਾਂ ਲਈ ਬਿਲਕੁਲ ਤਿਆਰ ਹੈ, ਜਿਸ ਵਿੱਚ ਪਿਛਲੇ ਸਮੇਂ ਦੌਰਾਨ ਕਾਫੀ ਸੁਧਾਰ ਵੀ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਯਾਤਰੀਆਂ ਦੇ ਹਵਾਈ ਅੱਡੇ ਲਈ ਆਉਣ ਅਤੇ ਜਾਣ ਲਈ ਸਭ ਤੋਂ ਵਧੀਆ ਅਤੇ ਸੁਰੱਖਿਅਤ ਰਸਤਾ ਸਾਹਨੇਵਾਲ ਰੇਲਵੇ ਓਵਰਬ੍ਰਿਜ ਤੋਂ ਕੋਹਾਡ਼ਾ ਵੱਲ ਨੂੰ ਉੱਤਰ ਕੇ ਬਾਈਪਾਸ ਰਾਹੀਂ ਹਵਾਈ ਅੱਡੇ ਨੂੰ ਜਾਣ ਵਾਲਾ ਰਸਤਾ ਹੈ। ਯਾਤਰੀਆਂ ਨੂੰ ਇਸ ਰਸਤੇ ਨੂੰ ਵਰਤਣ ਨੂੰ ਪਹਿਲ ਦੇਣੀ ਚਾਹੀਦੀ ਹੈ ਕਿਉਂਕਿ ਇਸ ਤਰਾਂ  ਉਹ ਮੁੱਖ ਸਡ਼ਕ ਤੋਂ ਆਉਣ ਵਾਲੇ ਰੇਲਵੇ ਲਾਂਘੇ ਦੀ ਪ੍ਰੇਸ਼ਾਨੀ ਤੋਂ ਵੀ ਬਚ ਸਕਦੇ ਹਨ। ਇਸ ਸੰਬੰਧੀ ਰਸਤਾ ਦਰਸਾਉ ਸਾਈਨ ਬੋਰਡ ਲਗਾਉਣ ਦੀਆਂ ਹਦਾਇਤਾਂ ਦੇ ਦਿੱਤੀਆਂ ਗਈਆਂ ਹਨ।
ਉਨਾਂ ਕਿਹਾ ਕਿ ਅੱਜ ਦੀ ਮੀਟਿੰਗ ਦੌਰਾਨ ਸੰਬੰਧਤ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਹਵਾਈ ਅੱਡੇ ਨੂੰ ਆਉਣ ਵਾਲੀਆਂ ਸਾਰੀਆਂ ਸਡ਼ਕਾਂ ਦੀ ਮੁਰੰਮਤ, ਰੇਲਵੇ ਲਾਈਨ ਵਾਲੇ ਲਾਂਘੇ ਦੀ ਲੈਵਲਿੰਗ (ਪੱਧਰ), ਲੋਡ਼ ਮੁਤਾਬਿਕ ਦਰੱਖ਼ਤਾਂ ਦੀ ਕਾਂਟ-ਛਾਂਟ, ਨਵੇਂ ਪੌਦਿਆਂ ਦੀ ਲਵਾਈ, ਸਡ਼ਕਾਂ ਦੀਆਂ ਬਰਮਾਂ ਦੀ ਮੁਰੰਮਤ, ਸਾਰੇ ਹਵਾਈ ਅੱਡੇ ਦੀ ਅੰਦਰੋਂ ਬਾਹਰੋਂ ਸਫਾਈ ਮਿਤੀ 31 ਅਗਸਤ ਤੱਕ ਮੁਕੰਮਲ ਕਰ ਦਿੱਤੀ ਜਾਵੇ। ਇਸ ਤੋਂ ਇਲਾਵਾ ਪੁਲਿਸ ਨੂੰ ਹਦਾਇਤ ਕੀਤੀ ਗਈ ਕਿ ਬੇਲੋਡ਼ੇ ਵਾਹਨਾਂ ਦੀ ਸਡ਼ਕਾਂ ‘ਤੇ ਬੇਤਰਤੀਬੀ ਠਹਿਰ ਰੋਕੀ ਜਾਵੇ। ਇਸ ਮੌਕੇ ਉਨਾਂ ਸਾਰੀਆਂ ਸਡ਼ਕਾਂ, ਪੁੱਲਾਂ ਅਤੇ ਨਾਲ ਲੱਗਦੇ ਖੇਤੀਬਾਡ਼ੀ ਏਰੀਏ ਦਾ ਵੀ ਜਾਇਜ਼ਾ ਲਿਆ। ਹਵਾਈ ਜਹਾਜ਼ ਦੇ ਚਡ਼ਨ ਅਤੇ ਉੱਤਰਨ ਦੀ ਪੂਰੀ ਪ੍ਰਕਿਰਿਆ ਬਾਰੇ ਜਾਣਕਾਰੀ ਲਈ ਗਈ।
ਹਵਾਈ ਅੱਡੇ ਦੇ ਕਾਰਜਕਾਰੀ ਡਾਇਰੈਕਟਰ ਸ੍ਰੀ ਅਮਰਦੀਪ ਨਹਿਰਾ ਨੇ ਦੱਸਿਆ ਕਿ ਸਾਹਨੇਵਾਲ ਹਵਾਈ ਅੱਡੇ ‘ਤੇ ਇਸ ਵੇਲੇ 70 ਸੀਟਾਂ ਵਾਲੇ ਜਹਾਜ਼ ਦੇ ਚਡ਼ਨ ਅਤੇ ਉੱਤਰਨ ਦੀ ਸਮਰੱਥਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ ਖੰਨਾ ਸ੍ਰੀ ਅਜੇ ਸੂਦ, ਕਾਰਜਕਾਰੀ ਇੰਜੀਨੀਅਰ ਲੋਕ ਨਿਰਮਾਣ ਵਿਭਾਗ, ਪੁਲਿਸ ਅਧਿਕਾਰੀ, ਨੈਸ਼ਨਲ ਹਾਈਵੇਜ਼ ਅਥਾਰਟੀ ਦੇ ਨੁਮਾਇੰਦੇ, ਰੇਲਵੇ ਵਿਭਾਗ ਦੇ ਨੁਮਾਇੰਦੇ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।
ਸਾਹਨੇਵਾਲ ਹਵਾਈ ਅੱਡੇ ਤੋਂ ਘਰੇਲੂ ਉਡਾਣਾਂ 2 ਸਤੰਬਰ ਤੋਂ
ਦੱਸਣਯੋਗ ਹੈ ਕਿ ਸਾਹਨੇਵਾਲ ਹਵਾਈ ਅੱਡੇ ਤੋਂ ਘਰੇਲੂ ਹਵਾਈ ਉਡਾਣਾਂ ਮਿਤੀ 2 ਸਤੰਬਰ, 2017 ਤੋਂ ਮੁਡ਼ ਤੋਂ ਸ਼ੁਰੂ ਹੋਣ ਜਾ ਰਹੀਆਂ ਹਨ। ਏਅਰ ਇੰਡੀਆ ਦੀ ਦਿੱਲੀ ਤੋਂ ਸਾਹਨੇਵਾਲ ਫਲਾਈਟ 2 ਸਤੰਬਰ ਨੂੰ ਬਾਅਦ ਦੁਪਹਿਰ 4 ਵਜੇ ਤੋਂ ਬਾਅਦ ਸਾਹਨੇਵਾਲ ਹਵਾਈ ਅੱਡੇ ‘ਤੇ ਪੁੱਜੇਗੀ, ਜਦਕਿ 70 ਸੀਟਾਂ ਵਾਲਾ ਜਹਾਜ਼ ਸਾਹਨੇਵਾਲ ਤੋਂ ਮੁਡ਼ ਦਿੱਲੀ ਲਈ ਸ਼ਾਮ 5 ਵਜੇ ਦੇ ਕਰੀਬ ਰਵਾਨਾ ਹੋਵੇਗਾ।

2080cookie-checkਸਾਹਨੇਵਾਲ ਹਵਾਈ ਅੱਡੇ ਤੋਂ ਉਡਾਣਾਂ ਲਈ ਤਿਆਰੀਆਂ ਮੁਕੰਮਲ, ਯਾਤਰੀਆਂ ਨੂੰ ਸਾਹਨੇਵਾਲ ਤੋਂ ਕੋਹਾਡ਼ਾ ਬਾਈਪਾਸ ਵਾਲਾ ਰਸਤਾ ਵਰਤਣ ਦੀ ਸਲਾਹ

Leave a Reply

Your email address will not be published. Required fields are marked *

error: Content is protected !!