![]()
ਗੁਰੂ ਨਾਨਕ ਭਵਨ ਵਿਖੇ ‘ਪ੍ਰਾਰਥਨਾ ਸਭਾ’ ਵਿੱਚ ਕੇਂਦਰੀ ਮੰਤਰੀ ਜੇ. ਪੀ. ਨੱਢਾ, ਮੈਂਬਰ ਲੋਕ ਸਭਾ ਰਵਨੀਤ ਸਿੰਘ ਬਿੱਟੂ ਸਮੇਤ ਕਈ ਪ੍ਰਮੁੱਖ ਸਖ਼ਸ਼ੀਅਤਾਂ ਵੱਲੋਂ ਸ਼ਿਰਕਤ

ਲੁਧਿਆਣਾ, 24 ਅਗਸਤ ( ਸਤ ਪਾਲ ਸੋਨੀ ) : ਸਾਬਕਾ ਪ੍ਰਧਾਨ ਮੰਤਰੀ ਮਰਹੂਮ ਅਟਲ ਬਿਹਾਰੀ ਵਾਜਪਾਈ ਨੂੰ ਅੱਜ ਸਥਾਨਕ ਗੁਰੂ ਨਾਨਕ ਭਵਨ ਵਿਖੇ ਵੱਖ-ਵੱਖ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨੇ ਰਾਜਸੀ ਪੱਧਰ ਤੋਂ ਉੱਪਰ ਉੱਠ ਕੇ ਸ਼ਰਧਾਂਜਲੀ ਭੇਟ ਕੀਤੀ। ਇਸ ਪ੍ਰਾਰਥਨਾ ਸਭਾ ਵਿੱਚ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਜੇ. ਪੀ. ਨੱਢਾ, ਪੰਜਾਬ ਸਰਕਾਰ ਵੱਲੋਂ ਮੈਂਬਰ ਲੋਕ ਸਭਾ ਰਵਨੀਤ ਸਿੰਘ ਬਿੱਟੂ ਸਮੇਤ ਕਈ ਪ੍ਰਮੁੱਖ ਸਖ਼ਸ਼ੀਅਤਾਂ ਨੇ ਹਿੱਸਾ ਲਿਆ।
ਸਮਾਗਮ ਨੂੰ ਸੰਬੋਧਨ ਕਰਦਿਆਂ ਨੱਢਾ ਨੇ ਸ੍ਰੀ ਵਾਜਪਾਈ ਵੱਲੋਂ ਦੇਸ਼ ਦੇ ਨਿਰਮਾਣ ਵਿੱਚ ਪਾਏ ਯੋਗਦਾਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨਾਂ ਵੱਲੋਂ ਦਿੱਤੀ ਅਗਵਾਈ ਨਾਲ ਦੇਸ਼ ਨੇ ਕਈ ਲੰਮੇ ਪੈਂਡੇ ਆਸਾਨੀ ਨਾਲ ਤੈਅ ਕੀਤੇ। ਉਨਾਂ ਵੱਲੋਂ ਦਿੱਤੀ ਅਗਵਾਈ ਨੂੰ ਭਵਿੱਖ ਵਿੱਚ ਪੂਰਾ ਦੇਸ਼ ਯਾਦ ਕਰਦਾ ਰਹੇਗਾ। ਇਸ ਤੋਂ ਪਹਿਲਾਂ ਜਾਰੀ ਇੱਕ ਸੰਦੇਸ਼ ਵਿੱਚ ਪੰਜਾਬ ਸਰਕਾਰ ਦੇ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲਿਆਂ ਬਾਰੇ ਵਿਭਾਗ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਵਾਜਪਾਈ ਉਹ ਨੇਤਾ ਸਨ, ਜਿਨਾਂ ਨੂੰ ਸਮੂਹ ਦੇਸ਼ ਵਾਸੀ ਪਿਆਰ ਕਰਦੇ ਸਨ। ਉਨਾਂ ਦਾ ਘਾਟਾ ਕਦੇ ਪੂਰਾ ਨਹੀਂ ਹੋਣਾ।
ਬਿੱਟੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਸ੍ਰੀ ਵਾਜਪਾਈ ਦੇ ਜਾਣ ਨਾਲ ਇੱਕ ਯੁੱਗ ਦਾ ਅੰਤ ਹੋਇਆ ਹੈ। ਉਨਾਂ ਕਿਹਾ ਕਿ ਸ੍ਰੀ ਵਾਜਪਾਈ ਇੱਕ ਸਿਆਣੇ ਰਾਜਨੀਤੀਵਾਨ ਹੋਣ ਦੇ ਨਾਲ-ਨਾਲ ਵਧੀਆ ਕਵੀ ਅਤੇ ਹੋਰ ਰੂਪਾਂ ਲਈ ਚਿਰ ਸਦੀਵੀ ਜਾਣੇ ਜਾਂਦੇ ਰਹਿਣਗੇ। ਮੈਂਬਰ ਰਾਜ ਸਭਾ ਸ੍ਰੀ ਸ਼ਵੇਤ ਮਲਿਕ ਨੇ ਕਿਹਾ ਕਿ ਸ੍ਰੀ ਵਾਜਪਾਈ ਨੇ ਆਪਣਾ ਸਾਰਾ ਜੀਵਨ ਆਮ ਲੋਕਾਂ ਦੇ ਉਥਾਨ ਅਤੇ ਦੇਸ਼ ਦੇ ਸਰਬਪੱਖੀ ਵਿਕਾਸ ਦੇ ਲੇਖੇ ਲਗਾ ਦਿੱਤਾ। ਇਸ ਮੌਕੇ ਸ੍ਰੀ ਵਾਜਪਾਈ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਦਿੱਤੀ ਗਈ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਨਗਰ ਨਿਗਮ ਲੁਧਿਆਣਾ ਦੇ ਮੇਅਰ ਬਲਕਾਰ ਸਿੰਘ ਸੰਧੂ, ਸਾਬਕਾ ਸਪੀਕਰ ਪੰਜਾਬ ਵਿਧਾਨ ਸਭਾ ਚਰਨਜੀਤ ਸਿੰਘ ਅਟਵਾਲ, ਸਾਬਕਾ ਮੰਤਰੀ ਮਨੋਰੰਜਨ ਕਾਲੀਆ, ਮਹੇਸ਼ਇੰਦਰ ਸਿੰਘ ਗਰੇਵਾਲ , ਮਦਨ ਮੋਹਨ ਮਿੱਤਲ, ਅਸ਼ਵਨੀ ਸ਼ਰਮਾ, ਜਗਦੀਸ਼ ਸਾਹਨੀ, ਅਰੁਨੇਸ਼ ਸੇਖ਼ਡ਼ੀ, ਸਾਬਕਾ ਵਿਧਾਇਕ ਰਣਜੀਤ ਸਿੰਘ ਢਿੱਲੋਂ, ਪ੍ਰੋ. ਰਾਜਿੰਦਰ ਭੰਡਾਰੀ, ਅਨਿਲ ਸਰੀਨ,ਕਮਲ ਚੇਟਲੀ, ਸਾਬਕਾ ਮੇਅਰ ਹਰਚਰਨ ਸਿੰਘ ਗੋਹਲਵਡ਼ੀਆ ਅਤੇ ਹੋਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।