![]()

ਲੁਧਿਆਣਾ, 19 ਜਨਵਰੀ ( ਸਤ ਪਾਲ ਸੋਨੀ ) : ਪੰਜਾਬ ਦੇ ਜੰਗਲਾਤ ਅਤੇ ਜੰਗਲੀ ਜੀਵਾਂ ਬਾਰੇ ਵਿਭਾਗਾਂ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਹੈ ਕਿ ਸ਼ਹੀਦ ਕਿਸੇ ਵੀ ਦੇਸ਼ ਦਾ ਸਰਮਾਇਆ ਹੁੰਦੇ ਹਨ। ਦੇਸ਼ ਦਾ ਸਹੀ ਅਰਥਾਂ ਵਿੱਚ ਵਿਕਾਸ ਸ਼ਹੀਦੀਆਂ ਦੇਣ ਵਾਲਿਆਂ ਵੱਲੋਂ ਦਰਸਾਏ ਰਸਤੇ ‘ਤੇ ਚੱਲ ਕੇ ਹੀ ਕੀਤਾ ਜਾ ਸਕਦਾ ਹੈ। ਉਹ ਅੱਜ ਇਥੇ ਸਾਬਕਾ ਮੰਤਰੀ ਸਵਰਗੀ ਜੋਗਿੰਦਰ ਪਾਲ ਪਾਂਡੇ ਦੇ ਬਰਸੀ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ।ਭਰਵੇਂ ਸਮਾਗਮ ਨੂੰ ਸੰਬੋਧਨ ਕਰਦਿਆਂ ਧਰਮਸੋਤ ਨੇ ਕਿਹਾ ਕਿ ਪੰਜਾਬ ਵਿੱਚ ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਦੀ ਬਹਾਲੀ ਲਈ ਸਾਬਕਾ ਮੁੱਖ ਮੰਤਰੀ ਸਵਰਗੀ ਬੇਅੰਤ ਸਿੰਘ, ਸਵਰਗੀ ਜੋਗਿੰਦਰ ਪਾਲ ਪਾਂਡੇ ਅਤੇ ਹੋਰ ਕਈ ਸ਼ਹੀਦਾਂ ਨੇ ਆਪਣੇ ਖੂਨ ਦਾ ਤੁਪਕਾ-ਤੁਪਕਾ ਵਹਾ ਦਿੱਤਾ। ਇੰਨੀਆਂ ਕੁਰਬਾਨੀਆਂ ਨਾਲ ਪ੍ਰਾਪਤ ਹੋਏ ਇਸ ਅਮਨ ਅਤੇ ਸ਼ਾਂਤੀ ਵਾਲੇ ਮਾਹੌਲ ਨੂੰ ਕਿਸੇ ਵੀ ਹੀਲੇ ਹੁਣ ਖ਼ਰਾਬ ਨਹੀਂ ਹੋਣ ਦਿੱਤਾ ਜਾਵੇਗਾ। ਉਨਾਂ ਕਿਹਾ ਕਿ ਪੰਜਾਬ ਸਰਕਾਰ ਬੇਅੰਤ ਸਿੰਘ ਅਤੇ ਜੋਗਿੰਦਰ ਪਾਲ ਪਾਂਡੇ ਵਰਗੇ ਸ਼ਹੀਦਾਂ ਦੇ ਸੁਪਨਿਆਂ ਦਾ ਪੰਜਾਬ ਸਿਰਜਣ ਲਈ ਦ੍ਰਿੜ ਵਚਨਬੱਧ ਹੈ।

ਸਮਾਗਮ ਨੂੰ ਸੰਬੋਧਨ ਕਰਦਿਆਂ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਯੋਜਨਾ ਬੋਰਡ ਦੇ ਉੱਪ ਚੇਅਰਪਰਸਨ ਬੀਬੀ ਰਾਜਿੰਦਰ ਕੌਰ ਭੱਠਲ ਅਤੇ ਮੈਂਬਰ ਲੋਕ ਸਭਾ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਜੋਗਿੰਦਰ ਪਾਲ ਪਾਂਡੇ ਨੇ ਆਪਣੇ ਰਾਜਸੀ ਅਤੇ ਸਮਾਜਿਕ ਜੀਵਨ ਦੌਰਾਨ ਆਪਣੇ ਰਾਜਸੀ ਅਤੇ ਹੋਰ ਸਾਰੇ ਹਿੱਤਾਂ ਤੋਂ ਉੱਪਰ ਉੱਠ ਕੇ ਕੰਮ ਕੀਤਾ। ਉਨਾਂ ਵੱਲੋਂ ਅੱਤਵਾਦ ਖ਼ਿਲਾਫ਼ ਚੁੱਕੇ ਝੰਡੇ ਦੀ ਬਦੌਲਤ ਹੀ ਅੱਜ ਪੰਜਾਬ ਵਿੱਚ ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਦਾ ਮਾਹੌਲ ਹੈ। ਉਨਾਂ ਕਿਹਾ ਕਿ ਪੰਜਾਬ ਦੇ ਅਮਨ ਪਸੰਦ ਲੋਕ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਅਤੇ ਜੋਗਿੰਦਰ ਪਾਲ ਪਾਂਡੇ ਦੀ ਕੁਰਬਾਨੀ ਨੂੰ ਕਦੇ ਵੀ ਵਿਸਾਰ ਨਹੀਂ ਸਕਦੇ।

ਸਮਾਗਮ ਨੂੰ ਲੁਧਿਆਣਾ (ਉੱਤਰੀ) ਦੇ ਵਿਧਾਇਕ ਰਾਕੇਸ਼ ਪਾਂਡੇ, ਨਗਰ ਨਿਗਮ ਲੁਧਿਆਣਾ ਦੇ ਮੇਅਰ ਬਲਕਾਰ ਸਿੰਘ ਸੰਧੂ, ਸਾਬਕਾ ਮੰਤਰੀ ਸਤਪਾਲ ਗੁਸਾਂਈ, ਜ਼ਿਲਾ ਕਾਂਗਰਸ (ਸ਼ਹਿਰੀ) ਪ੍ਰਧਾਨ ਅਸ਼ਵਨੀ ਸ਼ਰਮਾ, ਅਸ਼ੋਕ ਪ੍ਰਾਸ਼ਰ ਪੱਪੀ, ਕੌਂਸਲਰ ਰਾਸ਼ੀ ਅਗਰਵਾਲ ਅਤੇ ਹੋਰਾਂ ਨੇ ਵੀ ਸੰਬੋਧਨ ਕੀਤਾ।

ਸ ਇਸ ਮੌਕੇ ਮੈਡੀਕਲ ਅਤੇ ਖੁਨ ਦਾਨ ਕੈਂਪ ਵੀ ਲਗਾਇਆ ਗਿਆ । ਕੈਂਪ ਵਿੱਚ ਆਏ ਮਰੀਜ਼ਾਂ ਦਾ ਮੁੱਫਤ ਚੈੱਕ ਅੱਪ ਕੀਤਾ ਗਿਆ ਅਤੇ ਉਨਾਂ ਨੂੰ ਮੁੱਫਤ ਦਵਾਈਆਂ ਵੀ ਦਿੱਤੀਆਂ ਗਈਆਂ।ਖੁਨ ਦਾਨ ਕੈਂਪ ਵਿੱਚ ਹਾਜਰ ਸੈਂਕੜੇ ਵਰਕਰਾਂ ਨੇ ਖੁਨ ਦਾਨ ਵੀ ਕੀਤਾ।ਸਮਾਗਮ ਦੌਰਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਅਮਰਜੀਤ ਸਿੰਘ ਟਿੱਕਾ, ਨਗਰ ਨਿਗਮ ਲੁਧਿਆਣਾ ਦੇ ਸੀਨੀਅਰ ਡਿਪਟੀ ਮੇਅਰ ਸ੍ਰੀ ਸ਼ਾਮ ਸੁੰਦਰ ਮਲਹੋਤਰਾ, ਕੌਂਸਲਰ ਸ੍ਰੀ ਨਰਿੰਦਰ ਸ਼ਰਮਾ ਕਾਲਾ, ਪਵਨ ਦੀਵਾਨ,ਰਮੇਸ਼ ਜੋਸ਼ੀ, ਜਗਮੋਹਨ ਸ਼ਰਮਾ, ਜੋਗਿੰਦਰ ਸਿੰਘ ਜੰਗੀ, ਦੁਸ਼ਯੰਤ ਪਾਂਡੇ ਅਤੇ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।