![]()

ਬੁੱਢਾ ਨਾਲ਼ਾ ਦੇ ਪ੍ਰਦੂਸ਼ਣ ਨੂੰ ਕਾਬੂ ਕਰਨ ਵਿੱਚ ਮਿਲੇਗੀ ਵੱਡੀ ਸਹਾਇਤਾ-ਡਿਪਟੀ ਕਮਿਸ਼ਨਰ
ਲੁਧਿਆਣਾ, 20 ਸਤੰਬਰ (ਚਡ਼੍ਹਤ ਪੰਜਾਬ ਦੀ) : ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸ਼ਹਿਰ ਲੁਧਿਆਣਾ ਵਿੱਚ 135 ਕਰੋਡ਼ ਰੁਪਏ ਦੀ ਲਾਗਤ ਨਾਲ ਤਿੰਨ ਸੀ. ਈ. ਟੀ. ਪੀ. (ਸਾਂਝੇ ਪ੍ਰਦੂਸ਼ਿਤ ਪਾਣੀ ਸੋਧਕ ਪਲਾਂਟ) ਸਥਾਪਤ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਹ ਪਲਾਂਟ ਸ਼ਹਿਰ ਲੁਧਿਆਣਾ ਵਿੱਚ ਚੱਲ ਰਹੀਆਂ 260 ਟੈਕਸਟਾਈਲ ਡਾਇੰਗ ਸਨਅਤਾਂ ਵਿੱਚ ਆਪਣੇ ਪੱਧਰ ‘ਤੇ ਲਗਾਏ ਗਏ ਸੀ. ਈ. ਟੀ. ਪੀਜ਼ ਵੱਲੋਂ ਜਾਰੀ ਕੀਤੇ ਜਾ ਰਹੇ ਸੋਧਕ ਪਾਣੀ ‘ਤੇ ਮੋਨੀਟਰਿੰਗ ਕਰਨਗੇ।
ਉਨਾਂ ਹੋਰ ਵੇਰਵਾ ਦਿੰਦਿਆਂ ਦੱਸਿਆ ਕਿ ਇਹ ਸੀ. ਈ. ਟੀ. ਪੀ ਤਾਜਪੁਰ ਸਡ਼ਕ ਤੇ ਰਾਹੋਂ ਸਡ਼ਕ ‘ਤੇ 50 ਐੱਮ.ਐੱਲ. ਡੀ., ਫੋਕਲ ਪੁਆਇੰਟ ਵਿੱਚ 40 ਐੱਮ. ਐੱਲ. ਡੀ. ਅਤੇ ਬਹਾਦਰਕੇ ਸਡ਼ਕ ‘ਤੇ 15 ਐੱਮ. ਐੱਲ. ਡੀ. ਕਪੈਸਟੀ (ਸਮਰੱਥਾ) ਦੇ ਲਗਾਏ ਜਾਣਗੇ। ਉਨਾਂ ਕਿਹਾ ਕਿ 15 ਐੱਮ. ਐੱਲ. ਡੀ. ਸਮਰੱਥਾ ਵਾਲਾ ਸੀ. ਈ. ਟੀ. ਪੀ ਲਗਾਉਣ ਲਈ ਪੰਜਾਬ ਸਰਕਾਰ ਵੱਲੋਂ 23 ਕਰੋਡ਼ ਰੁਪਏ ਰਾਸ਼ੀ ਮਨਜੂਰ ਕਰ ਦਿੱਤੀ ਗਈ ਹੈ ਅਤੇ ਇਹ ਕੰਮ ਅਕਤੂਬਰ 2017 ਵਿੱਚ ਸ਼ੁਰੂ ਹੋ ਜਾਵੇਗਾ। ਦੂਜੇ ਦੋ ਸੀ. ਈ. ਟੀ. ਪੀਜ਼ ਵੀ ਮਨਜ਼ੂਰ ਹੋ ਚੁੱਕੇ ਹਨ ਅਤੇ ਇਨਾਂ ਦਾ ਕੰਮ ਵੀ ਅਗਲੇ ਸਾਲ ਵਿੱਚ ਮੁਕੰਮਲ ਕਰ ਲਿਆ ਜਾਵੇਗਾ।
ਸ੍ਰੀ ਅਗਰਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਨਾਂ ਪ੍ਰੋਜੈਕਟਾਂ ਨੂੰ ਜਲਦ ਮੁਕੰਮਲ ਕਰਨ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਉਨਾਂ ਉਮੀਦ ਜਤਾਈ ਕਿ ਇਨਾਂ ਪ੍ਰੋਜੈਕਟਾਂ ਦੇ ਚਾਲੂ ਹੋਣ ਨਾਲ ਬੁੱਢਾ ਨਾਲ਼ਾ ਵਿੱਚ ਪ੍ਰਦੂਸ਼ਿਤ ਪਾਣੀ ਦੇ ਵਹਾਅ ਨੂੰ ਵੱਡੇ ਪੱਧਰ ‘ਤੇ ਕਾਬੂ ਕਰ ਲਿਆ ਜਾਵੇਗਾ।