![]()

ਲੁਧਿਆਣਾ, 11 ਸਤੰਬਰ ( ਸਤ ਪਾਲ ਸੋਨੀ ) : ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸ੍ਰੀ ਆਰ. ਐੱਨ. ਢੋਕੇ ਨੇ ਜਾਬਤਾ ਫੌਜਦਾਰੀ ਸੰਘਤਾ 1973 (1974 ਦਾ ਐਕਟ ਨੰਬਰ-2) ਦੀ ਧਾਰਾ 144 ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਪੁਲਿਸ ਕਮਿਸ਼ਨਰੇਟ ਲੁਧਿਆਣਾ ਅਧੀਨ ਪੈਂਦੇ ਖੇਤਰ ਵਿੱਚ ਵਾਹਨ ਚਾਲਕਾਂ ਵੱਲੋਂ ਮੂੰਹ ‘ਤੇ ਕੱਪਡ਼ਾ ਬੰਨ ਕੇ ਡਰਾਈਵ ਕਰਨ ਅਤੇ ਪੈਦਲ ਚੱਲਣ ‘ਤੇ ਪਾਬੰਦੀ ਲਗਾ ਦਿੱਤੀ ਹੈ।
ਜਾਰੀ ਪਾਬੰਦੀ ਹੁਕਮਾਂ ‘ਚ ਕਿਹਾ ਗਿਆ ਹੈ ਕਿ ਕੁਝ ਰਾਹਗੀਰ ਵਾਹਨ ਚਲਾਉਂਦੇ ਸਮੇਂ ਜਾਂ ਪੈਦਲ ਚੱਲਦੇ ਸਮੇਂ ਆਪਣਾ ਮੂੰਹ ਢੱਕ ਲੈਂਦੇ ਹਨ। ਜਿਸ ਨਾਲ ਉਨਾਂ ਦੀ ਪਛਾਣ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਇਸ ਤੋਂ ਇਲਾਵਾ ਚਿਹਰਾ ਢੱਕਣ ਨਾਲ ਸਮਾਜ ਵਿਰੋਧੀ ਅਨਸਰ ਕਿਸੇ ਵੀ ਸੰਗੀਨ ਵਾਰਦਾਤ ਨੂੰ ਅੰਜ਼ਾਮ ਦੇ ਕੇ ਪੁਲਿਸ ਦੀ ਪਕਡ਼ ਤੋਂ ਬਚ ਸਕਦੇ ਹਨ। ਇਸ ਲਈ ਆਮ ਲੋਕਾਂ ਦੇ ਹਿੱਤ ਅਤੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਇਹ ਪਾਬੰਦੀ ਹੁਕਮ ਜਾਰੀ ਕੀਤੇ ਗਏ ਹਨ। ਹੁਕਮਾਂ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਇਹ ਪਾਬੰਦੀ ਉਨਾਂ ਵਿਅਕਤੀਆਂ ‘ਤੇ ਲਾਗੂ ਨਹੀਂ ਹੋਵੇਗੀ, ਜਿਨਾਂ ਨੇ ਕਿਸੇ ਬਿਮਾਰੀ ਜਾਂ ਐਲਰਜੀ ਦੀ ਵਜ਼ਾ ਕਾਰਨ ਮੈਡੀਕਲ ਸੁਪਰਵੀਜ਼ਨ ਦੇ ਹੇਠਾਂ ਮਾਸਕ ਜਾਂ ਕੋਈ ਹੋਰ ਚੀਜ਼ ਪਹਿਨੀ ਹੋਵੇਗੀ। ਇਹ ਪਾਬੰਦੀ ਹੁਕਮ ਦੋ ਮਹੀਨੇ ਤੱਕ ਜਾਰੀ ਰਹਿਣਗੇ।
ਇਸ ਤੋਂ ਇਲਾਵਾ ਇੱਕ ਹੋਰ ਹੁਕਮ ਰਾਹੀਂ ਉਨਾਂ ਪ੍ਰਾਈਵੇਟ ਵਾਹਨਾਂ ਉੱਪਰ ਅਣਅਧਿਕਾਰਤ ਤੌਰ ‘ਤੇ ਪੁਲਿਸ, ਆਰਮੀ, ਵੀ. ਆਈ. ਪੀ., ਆਨ ਗੌਰਮਿੰਟ ਡਿਊਟੀ ਅਤੇ ਵਿਭਾਗਾਂ ਦੇ ਨਾਮ ਦੇ ਲੋਗੋ ਲਗਾਉਣ ‘ਤੇ ਵੀ ਪਾਬੰਦੀ ਲਗਾ ਦਿੱਤੀ ਹੈ। ਸ੍ਰੀ ਢੋਕੇ ਨੇ ਕਿਹਾ ਕਿ ਇਸ ਤਰਾਂ ਅਣਅਧਿਕਾਰਤ ਵਿਅਕਤੀ ਗੈਰ ਸਰਕਾਰੀ ਸੰਸਥਾਵਾਂ ਦੁਆਰਾ ਭੁਲੇਖਾ ਪਾਊ ਤਰੀਕੇ ਨਾਲ ਲਿਖੇ ਸ਼ਬਦਾਂ ਦੀ ਦੁਰਵਰਤੋਂ ਕਰਕੇ ਸਮਾਜ ਅਤੇ ਦੇਸ਼ ਵਿਰੋਧੀ ਅਨਸਰ ਕਿਸੇ ਵੱਡੀ ਘਟਨਾ ਨੂੰ ਅੰਜ਼ਾਮ ਦੇ ਸਕਦੇ ਹਨ। ਪੁਲਿਸ, ਆਰਮੀ ਜਾਂ ਹੋਰ ਸਰਕਾਰੀ ਸੁਰੱਖਿਆ ਵਿਭਾਗ ਨਾਲ ਮੇਲ ਖਾਂਦਾ ਲੋਗੋ ਅਣਅਧਿਕਾਰਤ ਤੌਰ ‘ਤੇ ਲਗਾਉਣਾ ਮੋਟਰ ਵਹੀਕਲ ਐਕਟ ਦੇ ਨਿਯਮਾਂ ਦੇ ਵਿਰੁਧ ਅਤੇ ਗੈਰਕਾਨੂੰਨੀ ਹੈ।