![]()

ਪਿਛਲੀ ਸਰਕਾਰ ਦੇ ਬੀਜੇ ਕੰਡੇ ਸ਼ਹਿਰ ਵਾਸੀਆਂ ਨੂੰ ਚੁਗਣੇ ਪੈ ਰਹੇ ਹਨ-ਵਿਧਾਇਕ ਆਸ਼ੂ
ਲੁਧਿਆਣਾ, 12 ਸਤੰਬਰ ( ਸਤ ਪਾਲ ਸੋਨੀ ) : ਲੋਕ ਸਭਾ ਮੈਂਬਰ ਸ੍ਰ. ਰਵਨੀਤ ਸਿੰਘ ਬਿੱਟੂ ਅਤੇ ਸ਼ਹਿਰ ਲੁਧਿਆਣਾ ਨਾਲ ਸੰਬੰਧਤ ਕਾਂਗਰਸ ਪਾਰਟੀ ਦੇ ਸਾਰੇ ਵਿਧਾਇਕਾਂ ਨੇ ਪਿਛਲੀ ਅਕਾਲੀ ਭਾਜਪਾ ਗਠਜੋਡ਼ ਸਰਕਾਰ ‘ਤੇ ਦੋਸ਼ ਲਗਾਇਆ ਹੈ ਕਿ ਉਨਾਂ ਦੇ ਪਿਛਲੇ 10 ਸਾਲ ਦੇ ਰਾਜ ਦੌਰਾਨ ਦੇਸ਼ ਦੇ ਸਨਅਤੀ ਸ਼ਹਿਰ ਲੁਧਿਆਣਾ ਨੂੰ ਹਰ ਪੱਖੋਂ ਅੱਖੋਂ ਓਹਲੇ ਕੀਤਾ ਗਿਆ ਅਤੇ ਇਸ ਸਮੇਂ ਦੌਰਾਨ ਲੁਧਿਆਣਾ ਵਿਕਾਸ ਪੱਖੋਂ ਕਾਫੀ ਪਛਡ਼ ਗਿਆ।
ਅੱਜ ਸਥਾਨਕ ਸਰਕਟ ਹਾਊਸ ਵਿਖੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਸ੍ਰ. ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਬੀਤੇ ਦਿਨੀਂ ਪੰਜਾਬ ਸਰਕਾਰ ਦੇ ਸਥਾਨਕ ਸਰਕਾਰਾਂ ਬਾਰੇ ਵਿਭਾਗ ਦੇ ਕੈਬਨਿਟ ਮੰਤਰੀ ਸ੍ਰ. ਨਵਜੋਤ ਸਿੰਘ ਸਿੱਧੂ ਨੇ ਲੁਧਿਆਣਾ ਵਿਖੇ ਦੋ ਰੇਲਵੇ ਓਵਰਬ੍ਰਿਜਾਂ ਦਾ ਨੀਂਹ ਪੱਥਰ ਰੱਖੇ ਸਨ ਅਤੇ ਸ਼ਹਿਰ ਦੇ ਵਿਕਾਸ ਨੂੰ ਨਵੀਂ ਦਿਸ਼ਾ ਦੇਣ ਲਈ ਕਈ ਅਹਿਮ ਪ੍ਰੋਜੈਕਟਾਂ ਦਾ ਐਲਾਨ ਕੀਤਾ ਸੀ। ਪਰ ਇਹ ਬਡ਼ੇ ਦੁੱਖ ਦੀ ਗੱਲ ਹੈ ਕਿ ਅਕਾਲੀ ਭਾਜਪਾ ਆਗੂਆਂ ਵੱਲੋਂ ਪੰਜਾਬ ਸਰਕਾਰ ਦੇ ਇਸ ਐਲਾਨ ਦਾ ਸਵਾਗਤ ਤਾਂ ਕੀ ਕਰਨਾ ਸੀ, ਸਗੋਂ ਹੋਸ਼ੀ ਰਾਜਨੀਤੀ ਤਹਿਤ ਬੇਲੋਡ਼ੀ ਬਿਆਨਬਾਜ਼ੀ ਅਤੇ ਦੂਸ਼ਣਬਾਜ਼ੀ ਸ਼ੁਰੂ ਕਰ ਦਿੱਤੀ ਗਈ।
ਸ੍ਰ. ਬਿੱਟੂ ਨੇ ਕਿਹਾ ਕਿ ਪਿਛਲੀ ਅਕਾਲੀ ਭਾਜਪਾ ਸਰਕਾਰ ਵੇਲੇ ਸ਼ਹਿਰ ਲੁਧਿਆਣਾ ਨੂੰ ਵਿਕਾਸ ਸਮੇਤ ਹਰ ਪੱਖੋਂ ਅੱਖੋਂ ਪਰੋਖੇ ਰੱਖਿਆ ਗਿਆ। ਉਨਾਂ ਮੇਅਰ ਹਰਚਰਨ ਸਿੰਘ ਗੋਹਲਵਡ਼ੀਆ ਨੂੰ ਹੁਣ ਤੱਕ ਦੇ ਸਭ ਤੋਂ ਨਕਾਮ ਮੇਅਰ ਦਾ ਦਰਜਾ ਦਿੰਦਿਆਂ ਕਿਹਾ ਕਿ ਉਨਾਂ ਨੇ ਸ਼ਹਿਰ ਦੇ ਵਿਕਾਸ ਲਈ ਮੇਅਰ ਦੀ ਬਣਦੀ ਡਿਊਟੀ ਨਹੀਂ ਨਿਭਾਈ ਅਤੇ ਉਹ ਅਕਾਲੀ ਆਗੂਆਂ ਦੇ ਕਠਪੁਤਲੀ ਬਣ ਕੇ ਵਿਚਰਦੇ ਰਹੇ। ਉਨਾਂ ਆਪਣੇ ਅਸਰ ਰਸੂਖ਼ ਨਾਲ ਸ਼ਹਿਰ ਲਈ ਕੋਈ ਮਹੱਤਵਪੂਰਨ ਪ੍ਰੋਜੈਕਟ ਤਾਂ ਕੀ ਲਿਆਉਣਾ ਸੀ, ਸਗੋਂ ਉਨਾਂ ਦੀ ਰਹਿਨੁਮਾਈ ਹੇਠ ਸਰਕਾਰੀ ਫੰਡਾਂ ਦੀ ਕਥਿਤ ਤੌਰ ‘ਤੇ ਦੁਰਵਰਤੋਂ ਹੁੰਦੀ ਰਹੀ।
ਸ੍ਰ. ਬਿੱਟੂ ਨੇ ਕਿਹਾ ਕਿ ਉਨਨਾਂ ਦੇ ਪਿਛਲੇ ਪੰਜ ਸਾਲ ਦੇ ਕਾਰਜਕਾਲ ਦੌਰਾਨ ਸ਼ਹਿਰ ਦੇ ਵਿਕਾਸ ਲਈ ਜੋ ਵੀ ਫੰਡ ਆਏ, ਉਨਾਂ ਦਾ ਹਾਲੇ ਤੱਕ ਕੋਈ ਵੀ ਹਿਸਾਬ ਕਿਤਾਬ ਪਤਾ ਨਹੀਂ ਲੱਗ ਰਿਹਾ ਹੈ। ਬੇਲਗਾਮ ਅਫ਼ਸਰਸ਼ਾਹੀ ਨੇ ਸਰਕਾਰੀ ਪੈਸੇ ਦੀ ਮਨਮਰਜੀ ਨਾਲ ਦੁਰਵਰਤੋਂ ਕੀਤੀ ਅਤੇ ਇਸੇ ਹਨੇਰਗਰਦੀ ਦੇ ਚੱਲਦਿਆਂ ਕਾਂਗਰਸ ਪਾਰਟੀ ਨਾਲ ਸੰਬੰਧਤ ਕੌਂਸਲਰਾਂ ਦੇ ਵਾਰਡਾਂ ਨੂੰ ਬਿਲਕੁਲ ਅਣਗੌਲਿਆਂ ਕੀਤਾ ਗਿਆ। ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਪਰਮੋਟ ਕਰਨ ਦੀ ਬਿਜਾਏ ਉਨਾਂ ਪਾਰਟੀਬਾਜ਼ੀ ਨੂੰ ਪਰਮੋਟ ਕੀਤਾ। ਮੇਅਰ ਦੀ ਨਲਾਇਕੀ ਦੇ ਚੱਲਦਿਆਂ ਸ਼ਹਿਰ ਦੇ ਵਿਕਾਸ ਕਾਰਜਾਂ ਲਈ ਕੇਂਦਰ ਤੋਂ ਆਈਆਂ ਗਰਾਂਟਾਂ ਹਰ ਸਾਲ ਵਾਪਸ ਮੁਡ਼ਦੀਆਂ ਰਹੀਆਂ, ਨਤੀਜਤਨ ਸ਼ਹਿਰ ਵਿਕਾਸ ਪੱਖੋਂ 10 ਸਾਲ ਪਛਡ਼ ਗਿਆ।
ਇਸ ਮੌਕੇ ਸ੍ਰ. ਬਿੱਟੂ ਨਾਲ ਹਾਮੀ ਭਰਦਿਆਂ ਵਿਧਾਇਕ ਸ੍ਰੀ ਭਾਰਤ ਭੂਸ਼ਣ ਆਸ਼ੂ, ਵਿਧਾਇਕ ਸ੍ਰੀ ਸੁਰਿੰਦਰ ਡਾਬਰ, ਵਿਧਾਇਕ ਸ੍ਰੀ ਸੰਜੇ ਤਲਵਾਡ਼ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਹੋਈ ਫੰਡਾਂ ਦੀ ਦੁਰਵਰਤੋਂ ਦੀ ਜਿੱਥੇ ਜਾਂਚ ਕਰਵਾ ਕੇ ਦੋਸ਼ੀਆਂ ਨੂੰ ਕਟਿਹਰੇ ਵਿੱਚ ਖਡ਼ਾ ਕੀਤਾ ਜਾਵੇਗਾ, ਉਥੇ ਹੀ ਸ਼ਹਿਰ ਦੇ ਵਿਕਾਸ ਨੂੰ ਅੱਗੇ ਤੋਰਦਿਆਂ ਸਮਾਰਟ ਸਿਟੀ ਪ੍ਰੋਜੈਕਟ, ਸਟੈਟਿਕ ਕੰਪੈਕਟਰ, ਸਪੋਰਟਸ ਪਾਰਕ, ਰੇਲਵੇ ਓਵਰਬ੍ਰਿਜ, ਅਟੱਲ ਮਿਸ਼ਨ, ਸਿਟੀ ਬੱਸ, ਸਲਾਟਰ ਹਾਊਸ, ਸ਼ਿਵਾਜੀ ਨਗਰ ਨਾਲਾ ਪ੍ਰੋਜੈਕਟ, ਐੱਸ.ਟੀ.ਪੀ. ਅਤੇ ਸੀ.ਈ.ਟੀ.ਪੀ. ਪ੍ਰੋਜੈਕਟ, ਫੋਕਲ ਪੁਆਇੰਟ ਸਮੇਤ ਹੋਰ ਸਾਰੇ ਪ੍ਰੋਜੈਕਟਾਂ ਨੂੰ ਅੰਜ਼ਾਮ ਤੱਕ ਪਹੁੰਚਾਇਆ ਜਾਵੇਗਾ ਅਤੇ ਅਗਲੇ 6 ਮਹੀਨੇ ਵਿੱਚ ਸ਼ਹਿਰ ਦੇ ਵਿਕਾਸ ਲਈ ਹੋਰ ਫੰਡਾਂ ਦੀ ਮੰਗ ਕੀਤੀ ਜਾਵੇਗੀ।
ਵਿਧਾਇਕ ਸ੍ਰੀ ਆਸ਼ੂ ਨੇ ਕਿਹਾ ਕਿ ਪਿਛਲੀ ਸਰਕਾਰ ਵੱਲੋਂ ਕੀਤੀਆਂ ਮਨਮਰਜੀਆਂ ਅਤੇ ਫੈਲਾਈ ਹਨੇਰਗਰਦੀ ਨਾਲ ਸ਼ਹਿਰ ਦਾ ਵਿਕਾਸ ਪੱਖੋਂ ਬਹੁਤ ਨੁਕਸਾਨ ਹੋਇਆ ਹੈ। ਵਿਕਾਸ ਲਈ ਭੇਜੇ ਗਏ ਅਣਵਰਤੇ ਪੈਸੇ ਕੇਂਦਰ ਵੱਲੋਂ ਵਿਆਜ ਸਮੇਤ ਵਾਪਸ ਮੰਗੇ ਜਾ ਰਹੇ ਹਨ, ਜੋ ਕਿ ਸ਼ਹਿਰਵਾਸੀਆਂ ਲਈ ਪ੍ਰੇਸ਼ਾਨੀ ਦਾ ਸਬੱਬ ਬਣਦਾ ਜਾ ਰਿਹਾ ਹੈ। ਉਨਾਂ ਕਿਹਾ ਕਿ ਮੇਅਰ ਹਰਚਰਨ ਸਿੰਘ ਗੋਹਲਵਡ਼ੀਆ ਦੀ ਅਗਵਾਈ ਵਿੱਚ ਪਿਛਲੀ ਅਕਾਲੀ ਭਾਜਪਾ ਸਰਕਾਰ ਨੇ ਜੋ ਕੰਡੇ ਬੀਜੇ ਹਨ, ਉਨਾਂ ਨੂੰ ਨਿਰਦੋਸ਼ ਸ਼ਹਿਰਵਾਸੀਆਂ ਨੂੰ ਚੁਗਣਾ ਪੈ ਰਿਹਾ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲਾ ਕਾਂਗਰਸ ਪ੍ਰਧਾਨ ਸ਼ਹਿਰੀ ਸ੍ਰੀ ਗੁਰਪ੍ਰੀਤ ਸਿੰਘ ਗੋਗੀ, ਕਾਂਗਰਸ ਪਾਰਟੀ ਦੇ ਬੁਲਾਰੇ ਸ੍ਰੀ ਰਮਨ ਬਾਲਾਸੁਬਰਾਮਨੀਅਮ, ਜ਼ਿਲਾ ਯੂਥ ਕਾਂਗਰਸ ਪ੍ਰਧਾਨ ਸ੍ਰੀ ਰਾਜੀਵ ਰਾਜਾ, ਸੀਨੀਅਰ ਕਾਂਗਰਸੀ ਆਗੂ ਸ੍ਰ. ਈਸ਼ਵਰਜੋਤ ਸਿੰਘ ਚੀਮਾ, ਸੀਨੀਅਰ ਕਾਂਗਰਸੀ ਆਗੂ ਸ੍ਰ. ਮੇਜਰ ਸਿੰਘ ਭੈਣੀ ਅਤੇ ਹੋਰ ਆਗੂ ਵਰਕਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।