![]()

ਸਿਹਤ ਵਿਭਾਗ ਕੁੰਭਕਰਨੀ ਨੀਂਦ ਸੁੱਤਾ , ਗੰਦਗੀ ਕਾਰਨ ਕਿਸੇ ਸਮੇਂ ਵੀ ਫੈਲ ਸਕਦੀ ਹੈ ਭਿਆਨਕ ਬਿਮਾਰੀ
ਸੰਦੌਡ਼ 23 ਅਕਤੂਬਰ (ਹਰਮਿੰਦਰ ਸਿੰਘ ਭੱਟ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ੁਰੂ ਕੀਤੀ ਗਈ ਸਵੱਛ ਭਾਰਤ ਮੁਹਿੰਮ ਦੀ ਕਸਬੇ ਸੰਦੌਡ਼ ਸਮੇਤ ਨੇਡ਼ਲੇ ਪਿੰਡਾਂ ਵਿਚ ਫ਼ੂਕ ਨਿਕਲ ਕੇ ਰਹਿ ਗਈ ਹੈ। ਜਿਸ ਦੀ ਮਿਸਾਲ ਕਸਬਾ ਸੰਦੌਡ਼ ਸਮੇਤ ਨੇਡ਼ਲੇ ਕਈ ਪਿੰਡਾਂ ਵਿਚ ਪਾਣੀ ਵਾਲੇ ਛੱਪਡ਼ਾਂ ਤੋਂ ਮਿਲਦੀ ਹੈ। ਜਿਸ ਵਿਚ ਹਰ ਸਮੇਂ ਭੈਡ਼ੀ ਬਦਬੂ ਮਾਰਨ ਕਰ ਕੇ ਕਿਸੇ ਸਮੇਂ ਡੇਗੂ, ਮਲੇਰੀਆਂ ਵਰਗੀਆਂ ਭਿਆਨਕ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ। ਕਿਸੇ ਕਿਸੇ ਪਿੰਡ ਵਿਚ ਛੱਪਡ਼ਾਂ ਦਾ ਨਿਕਾਸ ਇੱਕ ਆਰਜ਼ੀ ਟਿਊਬਵੈੱਲ ਮੋਟਰ ਰੱਖ ਕੇ ਕੱਢਿਆ ਤਾਂ ਜਾ ਰਿਹਾ ਹੈ ਪਰ ਗੰਦਗੀ ਆਉਣ ਜਾਣ ਵਾਲੇ ਰਾਹਗੀਰਾਂ ਦਾ ਸਵਾਗਤ ਕਰਦੀ ਹੈ। ਛੱਪਡ਼ ਦੇ ਨਜ਼ਦੀਕ ਕਈ ਰਹਾਇਸ਼ੀ ਘਰ, ਖੇਤੀ ਬਾਡ਼ੀ ਦਫ਼ਤਰ, ਟੈਲੀਫ਼ੋਨ ਦਫ਼ਤਰ ਅਤੇ ਸਰਕਾਰੀ ਹਾਈ ਸਕੂਲ ਅਤੇ ਪੁਲਸ ਥਾਣੇ ਨੂੰ ਜਾਣ ਵਾਲਾ ਰਸਤਾ ਵੀ ਹੈ। ਪਰ ਉਕਤ ਛੱਪਡ਼ਾਂ ਦੀ ਗੰਦਗੀ ਵੱਲ ਕਿਸੇ ਵੀ ਪਾਰਟੀ ਦੇ ਲੀਡਰ ਦਾ ਕੋਈ ਧਿਆਨ ਨਹੀਂ ਹੈ । ਸਿਰਫ਼ ਫੋਕੀ ਸ਼ੁਹਰਤ ਹਾਸਲ ਕਰਨ ਤੱਕ ਹੀ ਸਿਮਤ ਰਹਿੰਦੇ ਹਨ। ਜ਼ਿਕਰਯੋਗ ਹੈ ਕਿ ਕੁੱਝ ਸਾਲ ਪਹਿਲਾ ਉਕਤ ਛੱਪਡ਼ ਵਿਚ ਇੱਕ ਨਬਾਲਗ ਬੱਚੇ ਦੀ ਡੁੱਬਣ ਨਾਲ ਮੌਤ ਵੀ ਹੋ ਚੁੱਕੀ ਹੈ , ਪਰ ਅੱਜ ਤੱਕ ਕਿਸੇ ਵੀ ਲੀਡਰ ਨੇ ਉਕਤ ਗੰਦਗੀ ਵੱਲ ਕੋਈ ਧਿਆਨ ਦੇਣ ਦੀ ਜ਼ਰੂਰਤ ਨਹੀਂ ਸਮਝੀ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਛੱਪਡ਼ ਦੇ ਨਜ਼ਦੀਕ ਬਣੇ ਰਹਾਇਸ਼ੀ ਘਰਾਂ ਦੇ ਵਸਨੀਕਾਂ ਨੇ ਕਿਹਾ ਕਿ ਇਸ ਛੱਪਡ਼ ਵਿਚੋਂ ਹਰ ਸਮੇਂ ਭੇਡ਼ੀ ਬਦਬੂ ਮਾਰਨ ਕਰ ਕੇ ਸਾਡਾ ਖਾਣਾ ਪੀਣਾ ਵੀ ਦੁੱਭਰ ਹੋਇਆ ਪਿਆ ਹੈ ਅਤੇ ਸਾਡੇ ਬੱਚਿਆਂ ਨੂੰ ਭੈਡ਼ੀਆਂ ਬਿਮਾਰੀਆਂ ਲੱਗਣ ਦਾ ਡਰ ਹਮੇਸ਼ਾ ਬਣਿਆ ਰਹਿੰਦਾ ਹੈ , ਪਰ ਸਿਹਤ ਵਿਭਾਗ ਵੀ ਪਤਾ ਨਹੀਂ ਕਿਹਡ਼ੀ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ। ਪਿੰਡਾਂ ਦੇ ਲੋਕਾਂ ਦੀ ਮੰਗ ਹੈ ਕਿ ਗੰਦੇ ਪਾਣੀ ਵਾਲੇ ਛੱਪਡ਼ ਦੀ ਜਲਦ ਸਫ਼ਾਈ ਕਰਵਾ ਕੇ ਗੰਦੇ ਪਾਣੀ ਦੇ ਨਿਕਾਸ ਦਾ ਯੋਗ ਪ੍ਰਬੰਧ ਕੀਤਾ ਜਾਵੇ।