ਸਰਸ ਮੇਲਾ ਅਨੇਕਤਾ ਵਿੱਚ ਏਕਤਾ ਦਾ ਜਿਉਂਦਾ-ਜਾਗਦਾ ਸਬੂਤ-ਘਨਸ਼ਿਆਮ ਥੋਰੀ

Loading

-ਡਾ. ਰਚਨਾ ਸ਼ਰਮਾ ਬਾਲ ਵਿਕਾਸ ਟਰੱਸਟ (ਰਜਿ.) ਦਾ ਸਨਮਾਨ:

ਲੁਧਿਆਣਾ, 8 ਅਕਤੂਬਰ ( ਸਤ ਪਾਲ ਸੋਨੀ ) : ਖੇਤਰੀ ਸਰਸ ਮੇਲਾ-2017 ਦੇ ਚੌਥੇ ਦਿਨ ਵਿਦਿਆਰਥੀਆਂ, ਨੌਜਵਾਨਾਂ ਅਤੇ ਜ਼ਿਲਾ ਵਾਸੀਆਂ ਸਮੇਤ ਔਰਤਾਂ ਤੇ ਬੱਚਿਆਂ ਨੇ ਵੀ ਭਾਰੀ ਉਤਸ਼ਾਹ ਦਿਖਾਇਆ ਅਤੇ ਵੱਖ-ਵੱਖ ਸੂਬਿਆਂ ਦੇ ਖੀਣ-ਪੀਣ ਦਾ ਸੁਆਦ ਦੇਖਿਆ ਅਤੇ ਘਰੇਲੂ ਵਸਤਾਂ ਦੀ ਖਰੀਦਕਾਰੀ ਕੀਤੀ। ਅੱਜ ਜ਼ਿਲਾ ਬਰਨਾਲਾ ਦੇ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਿਆਮ ਥੋਰੀ ਮੇਲੇ ਵਿੱਚ ਸ਼ਿਰਕਤ ਕਰਨ ਲਈ ਵਿਸ਼ੇਸ਼ ਤੌਰ ‘ਤੇ ਬਰਨਾਲਾ ਤੋਂ ਪੁੱਜੇ।
ਇਸ ਮੌਕੇ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਸ੍ਰੀ ਥੋਰੀ ਨੇ ਕਿਹਾ ਕਿ ਸਾਡੇ ਦੇਸ਼ ਵਿੱਚ ਵੱਖ-ਵੱਖ ਧਰਮਾਂ, ਨਸਲਾਂ, ਭਾਸ਼ਾਵਾਂ ਦੇ ਲੋਕ ਵਸਦੇ ਹਨ ਅਤੇ ਸਰਸ ਮੇਲੇ ਵਿੱਚ ਆਏ ਵੱਖ-ਵੱਖ ਸੂਬਿਆਂ ਦੇ ਲੋਕ ਅਨੇਕਤਾ ਵਿੱਚ ਏਕਤਾ ਦਾ ਸਬੂਤ ਹਨ। ਉਹਨਾਂ ਕਿਹਾ ਕਿ ਅਜਿਹੇ ਮੇਲੇ ਆਯੋਜਿਤ ਕਰਨ ਨਾਲ ਜਿੱਥੇ ਸਾਡੀ ਨੌਜਵਾਨ ਪੀਡ਼ੀ ਵੱਖ-ਵੱਖ ਸੂਬਿਆਂ ਦੇ ਸਭਿਆਚਾਰ, ਬੋਲੀ, ਰਹਿਣ-ਸਹਿਣ ਅਤੇ ਖਾਣ-ਪੀਣ ਤੋਂ ਜਾਣੂ ਹੋਵੇਗੀ, ਉਥੇ ਆਪਸੀ ਪਿਆਰ ਤੇ ਮਿਲਵਰਤਣ ਦੀ ਭਾਵਨਾ ਪ੍ਰਬਲ ਹੋਵੇਗੀ। ਹੋਰਨਾਂ ਸੂਬਿਆਂ ਦੇ ਵਾਸੀਆਂ ਨੂੰ ਵੀ ਪੰਜਾਬ ਦੀ ਅਮੀਰ ਵਿਰਾਸਤ, ਖੁਲੇ ਖਾਣ-ਪੀਣ ਅਤੇ ਸੱਭਿਆਚਾਰ ਨੂੰ ਸਮਝਣ ਦਾ ਮੌਕਾ ਮਿਲੇਗਾ। ਇਸ ਮੌਕੇ ਜਿੱਥੇ  ਸ੍ਰੀ ਥੋਰੀ ਨੇ  ਬਾਲ ਵਿਕਾਸ ਟਰੱਸਟ (ਰਜਿ.) ਦੀ ਡਾ. ਰਚਨਾ ਸ਼ਰਮਾ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ, ਉਥੇ ਉਨਾਂ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ, ਜ਼ਿਲਾ ਪ੍ਰਸਾਸ਼ਨ ਅਤੇ ਜ਼ਿਲਾ ਵਾਸੀਆਂ ਨੂੰ ਇਸ ਮੇਲੇ ਦੇ ਸਫ਼ਲ ਆਯੋਜਨ ਲਈ ਵਧਾਈ ਦਿੱਤੀ।
ਇਥੇ ਇਹ ਦੱਸਣਯੋਗ ਹੈ ਕਿ ਜਿਉਂ-ਜਿਉਂ ਸਰਸ ਮੇਲੇ ਵਿੱਚ ਲੋਕਾਂ ਦੀ ਆਮਦ ਵਧ ਰਹੀ ਹੈ, ਤਿਉਂ-ਤਿਉਂ ਦੁਕਾਨਦਾਰਾਂ ਦੀ ਕਮਾਈ ਵੀ ਲਗਾਤਾਰ ਵਧ ਰਹੀ ਹੈ। ਪਹਿਲੇ ਦੋ ਦਿਨਾਂ ਦੌਰਾਨ ਜਿੱਥੇ ਕੁੱਲ ਕਮਾਈ 12 ਲੱਖ ਰੁਪਏ ਤੋਂ ਵਧੇਰੇ ਸੀ, ਉਹ ਕਮਾਈ ਤੀਜੇ ਦਿਨ (7 ਅਕਤੂਬਰ ਨੂੰ) 13 ਲੱਖ ਰੁਪਏ ਤੋਂ ਟੱਪ ਗਈ। ਇਸ ਤਰਾਂ  ਤਿੰਨ ਦਿਨਾਂ ਦੀ ਕੁੱਲ ਕਮਾਈ 26 ਲੱਖ 97 ਹਜ਼ਾਰ 605 ਰੁਪਏ ਰਹੀ। ਇਹ ਕਮਾਈ ਮੇਲੇ ਦੌਰਾਨ ਕੁੱਲ ਕਮਾਈ ਦੇ 1 ਕਰੋਡ਼ ਰੁਪਏ ਤੋਂ ਵੀ ਵਧਣ ਦੀ ਉਮੀਦ ਹੈ।

 


ਰੋਜ਼ਾਨਾ ਦੀ ਤਰਾਂ  ਅੱਜ ਵੀ ਰੰਗਾਰੰਗ ਪੇਸ਼ਕਾਰੀਆਂ ਦਾ ਦੌਰ ਜਾਰੀ ਰਿਹਾ। ਅੱਜ ਪੇਸ਼ ਕੀਤੇ ਗਏ ਪ੍ਰੋਗਰਾਮਾਂ ਦੌਰਾਨ ਸਵੇਰੇ 10.30 ਵਜੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਾਹਨੇਵਾਲ ਦੇ ਵਿਦਿਆਰਥੀਆਂ ਵੱਲੋਂ ਲੰਮੀ ਹੇਕ ਦੀਆਂ ਪੇਸ਼ਕਾਰੀਆਂ ਕੀਤੀਆਂ ਗਈਆਂ। ਇਸ ਤੋਂ ਬਾਅਦ 10.50 ਵਜੇ ਤੋਂ ਲੈ ਕੇ 12 ਵਜੇ ਤੱਕ ਸਰਕਾਰੀ ਕਾਲਜ ਲੁਧਿਆਣਾ (ਲਡ਼ਕੇ) ਦੇ ਵਿਦਿਆਰਥੀਆਂ ਵੱਲੋਂ ਸਕਿੱਟ, ਗਿੱਧਾ, ਕਵੀਸ਼ਰੀ, ਵਾਰ, ਕਲੀ ਅਤੇ ਝੂਮਰ ਆਈਟਮਾਂ ਦੀ ਪੇਸ਼ਕਾਰੀ ਕੀਤੀ ਗਈ। ਦੁਪਹਿਰ 12.00 ਵਜੇ ਤੋਂ 1.30 ਵਜੇ ਤੱਕ ਨਾਰਥ ਜ਼ੋਨ ਕਲਚਰਲ ਕੌਂਸਲ ਪਟਿਆਲਾ ਵੱਲੋਂ ਘੂਮਰ ਅਤੇ ਫੱਗ (ਹਰਿਆਣਾ), ਮੁਰਲੀ (ਰਾਜਸਥਾਨ), ਸੰਭਲਪੁਰੀ (ਓਡੀਸ਼ਾ), ਬਰਸਾਨਾ ਕੀ ਹੋਲੀ, ਭਵਾਈ ਤੇ ਲੰਗਗਿਆਨ (ਰਾਜਸਥਾਨ) ਅਤੇ ਪੰਜਾਬ ਪੁਲਿਸ ਦੇ ਗਰੁੱਪ ਵੱਲੋਂ ਸੱਭਿਆਚਾਰਕ ਪੇਸ਼ਕਾਰੀ ਕੀਤੀ ਗਈ।
ਸ਼ਾਮ ਵੇਲੇ ਦੀਆਂ ਪੇਸ਼ਕਾਰੀਆਂ ਨਾਰਥ ਜ਼ੋਨ ਕਲਚਰਲ ਕੌਸਲ ਪਟਿਆਲਾ ਵੱਲੋਂ ਸ਼ਾਮ 5 ਵਜੇ ਸ਼ੁਰੂ ਕੀਤੀਆਂ ਗਈਆਂ, ਜੋ ਕਿ 8 ਵਜੇ ਤੱਕ ਚੱਲੀਆਂ। ਜਿਸ ਵਿੱਚ ਬਰਦੋਈ ਸ਼ਿਖ਼ਲਾ (ਆਸਾਮ), ਛਾਊ (ਝਾਰਖੰਡ), ਬਧਾਈ (ਮੱਧ ਪ੍ਰਦੇਸ਼), ਰਥਵਾ (ਗੁਜਰਾਤ), ਗੁੱਪਗੁਡ਼ੂ (ਓਡੀਸ਼ਾ), ਘੂੰਮਰ (ਹਰਿਆਣਾ), ਮਯੂਰ (ਉੱਤਰ ਪ੍ਰਦੇਸ਼), ਲੰਗਗਿਆਨ ਤੇ ਕਾਲਬੇਲੀਆ (ਰਾਜਸਥਾਨ) ਅਤੇ ਪੰਜਾਬ ਪੁਲਿਸ ਦੇ ਸੱਭਿਆਚਾਰਕ ਗਰੁੱਪ ਵੱਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ।

5840cookie-checkਸਰਸ ਮੇਲਾ ਅਨੇਕਤਾ ਵਿੱਚ ਏਕਤਾ ਦਾ ਜਿਉਂਦਾ-ਜਾਗਦਾ ਸਬੂਤ-ਘਨਸ਼ਿਆਮ ਥੋਰੀ

Leave a Reply

Your email address will not be published. Required fields are marked *

error: Content is protected !!