![]()

ਲੁਧਿਆਣਾ 1 ਨਵੰਬਰ ( ਸਤ ਪਾਲ ਸੋਨੀ ) : ਸਰਬੱਤ ਦੇ ਭਲੇ ਲਈ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਪੈਦਲ ਯਾਤਰਾ ਲਈ ਜੱਥਾ ਰਵਾਨਾ ਹੋਇਆ । ਇਹ ਜਾਣਕਾਰੀ ਦਿੰਦਿਆਂ ਸਰਵ ਹਿੰਦ ਭਗਤ ਨਾਮਦੇਵ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਸੰਤ ਬਾਬਾ ਜਗਤਾਰ ਸਿੰਘ ਮਸਤਾਨਾ ਨੇ ਦੱਸਿਆ ਕਿ ਗੁਰਦੁਆਰਾ ਵਿਸ਼ਵਕਰਮਾ ਭਵਨ ਸ਼ਿਮਲਾਪੁਰੀ ਤੋਂ ਅੰਮ੍ਰਿਤ ਵੇਲੇ ਦੇ ਦੀਵਾਨਾਂ ਉਪਰੰਤ ਗੁਰੂ ਕੀ ਲਾਡਲੀ ਫੌਜ਼ ਭਾਈ ਰਣਜੀਤ ਸਿੰਘ ਖ਼ਾਲਸਾ ਦੀ ਅਗਵਾਈ ਵਿੱਚ 51 ਸਿੰਘਾਂ ਅਤੇ ਬੀਬੀਆਂ ਦਾ ਜੱਥਾ ‘ਬੋਲੇ ਸੋ ਨਿਹਾਲ, ਸਤਿ ਸ਼੍ਰੀ ਅਕਾਲ’ ਦੇ ਜੈਕਾਰਿਆਂ ਦੇ ਗੂੰਜ ਦੇ ਨਾਲ ਰਵਾਨਾ ਹੋਇਆ । ਵਿਸ਼ਵ ਭਰ ਦੀਆਂ ਸੰਗਤਾਂ ਨੂੰ ਜਗਤ ਤਾਰਿਕ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੂਰਬ ਨੂੰ ਸਮਰਪਿਤ ਖ਼ਾਲਸਾ ਪੰਥ ਨੂੰ ਲੱਖ-ਲੱਖ ਵਧਾਈ ਦਿੰਦਿਆਂ ਜਗਤਾਰ ਸਿੰਘ ਮਸਤਾਨਾ ਨੇ ਕਿਹਾ ਕਿ ਗੁਰੂ ਨਾਨਕ ਨਾਮਲੇਵਾ ਸ਼ਰਧਾਲੂਆਂ ਦਾ ਜੱਥਾ ਹੰਬਡ਼ਾਂ ਰੋਡ ਤੋਂ ਹੁੰਦਾ ਹੋਇਆ ਸ਼ਾਹਪੁਰ, ਖੰਡੂਰ ਸਾਹਿਬ ਅਤੇ ਤਰਨਤਾਰਨ ਸਾਹਿਬ ਤੋਂ ‘ਵਾਹਿਗੁਰੂ-ਵਾਹਿਗੁਰੂ’ ਦਾ ਜਾਪ ਕਰਦਾ ਹੋਇਆ ਸੱਚਖੰਡ ਸ਼੍ਰੀ ਹਰਮਿੰਦਰ ਸਿੰਘ ਸਾਹਿਬ ਅੰਮ੍ਰਿਤਸਰ ਵਿਖੇ ਨਮਸਤਕ ਹੋਵੇਗਾ । ਉਨਾਂ ਨੇ ਪੰਜਾਬ ਅਤੇ ਵਿਸ਼ਵ ਭਰ ਦੀਆਂ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਮੇਂ ਦੀ ਲੋਡ਼ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਦਰਸਾਏ ਮਾਰਗ ਉੱਤੇ ਚੱਲ ਕੇ ਵਹਿਮਾਂ-ਭਰਮਾਂ ਨੂੰ ਤਿਆਗ ਕੇ ਸਮਾਜ ਦੀ ਸੇਵਾ ਕਰਨ ਵਿਚ ਯੋਗਦਾਨ ਪਾਈਏ । ਭਾਈ ਰਣਜੀਤ ਸਿੰਘ ਖ਼ਾਲਸਾ ਨੇ ਸਿੱਖ ਪਰਿਵਾਰਾਂ ਦੀਆਂ ਬੀਬੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਸਿੱਖ ਇਤਿਹਾਸ ਨੂੰ ਜਿਊਂਦਾ ਰੱਖਣ ਲਈ ਸਿੱਖ ਨੌਜ਼ਵਾਨ ਲਡ਼ਕੇ ਅਤੇ ਬੀਬੀਆਂ ਨੂੰ ਸਿੱਖੀ ਸਰੂਪ ਕਾਇਮ ਰੱਖਣ ਅਤੇ ਬਾਣੀ ਤੇ ਬਾਣੇ ਦਾ ਧਾਰਨੀਂ ਬਣਨ ਦੀ ਪ੍ਰੇਰਨਾ ਦੇਣ । ਯਾਤਰਾ ਦੇ ਜੱਥੇ ਵਿੱਚ ਗਿਆਨੀ ਰਛਪਾਲ ਸਿੰਘ ਕੋਠਾਲੇ ਵਾਲੇ, ਮੋਹਨ ਸਿੰਘ, ਕ੍ਰਿਸ਼ਨ ਕੁਮਾਰ, ਸੁਖਵੰਤ ਸਿੰਘ, ਪ੍ਰਧਾਨ ਬਲਬੀਰ ਸਿੰਘ ਕਲਸੀ, ਗੁਰਚਰਨ ਸਿੰਘ ਕਲਸੀ, ਪਿਸ਼ੌਰਾ ਸਿੰਘ, ਕੁਲਵਿੰਦਰ ਸਿੰਘ ਬਰਾਡ਼ ਵੀ ਸ਼ਾਮਿਲ ਸਨ ।