![]()
ਲੁਧਿਆਣਾ ਗੁਲਾਬੀ ਬਾਗ ‘ਚ ਮਿਸ਼ਨ ਐਜੁਕੇਸ਼ਨ ਵੱਲੋਂ ਸੈਮੀਨਾਰ ਆਯੋਜਿਤ

ਲੁਧਿਆਣਾ , 14 ਨਵੰਬਰ ( ਸਤ ਪਾਲ ਸੋਨੀ ) : ਅੱਜ ਇੱਥੇ ਟਿੱਬਾ ਰੋਡ ਗੁਲਾਬੀ ਬਾਗ ‘ਚ ਮਿਸ਼ਨ ਐਜੁਕੇਸ਼ਨ ਇੰਡਿਆ ਵੱਲੋਂ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ । ਜਿਸ ‘ਚ ਨਾਇਬ ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ, ਚੇਅਰਮੈਨ ਸ਼ੱਦਾਬ ਚੌਹਾਨ, ਮੁਕੀਦ ਆਲਮ ਪ੍ਰਧਾਨ ਰਾਸ਼ਟਰੀ ਜਨਤਾ ਦਲ ਪੰਜਾਬ, ਮੌਲਾਨਾ ਆਫਤਾਬ ਆਲਮ, ਮੁਸਤਕੀਮ ਅਹਿਰਾਰੀ, ਡਾ.ਅਸ਼ਰਫ ਅਲੀ, ਸ਼ਾਦਾਬ ਅਲੀ, ਬਾਬੁਲ ਅੰਸਾਰੀ ਰੰਗ ਮੰਚ ‘ਤੇ ਮੌਜੂਦ ਸਨ । ਸੈਮੀਨਾਰ ਨੂੰ ਸੰਬੋਧਿਤ ਕਰਦੇ ਹੋਏ ਨਾਇਬ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕਿਹਾ ਕਿ ਕੁਰਆਨ ਸ਼ਰੀਫ ਦਾ ਪਹਿਲਾ ਸ਼ਬਦ – ਇਕਰਾ – ਮਤੱਲਬ ਪੜੋ ਹੈ, ਸਮਝ ਲਓ ਕਿ ਸਮਾਜ ਦੇ ਹਰ ਵਰਗ ਦਾ ਸਿੱਖਿਅਤ ਹੋਣਾ ਇੰਨਾ ਜਰੂਰੀ ਹੈ ਕਿ ਖੁਦਾ ਪਾਕ ਦੇ ਕਲਾਮ ਦੀ ਸ਼ੁਰੂਆਤ ਇਸ ਗੱਲ ਨਾਲ ਹੀ ਕੀਤੀ ਗਈ ਹੈ । ਮੌਲਾਨਾ ਮੁਹੰਮਦ ਉਸਮਾਨ ਨੇ ਕਿਹਾ ਦੀ ਹਜਰਤ ਮੁਹੰਮਦ ਸਾਹਿਬ ਸੱਲਲਾਹੂ ਅਲੈਹੀ ਵਸੱਲਮ ਨੇ ਦੁਨੀਆ ਭਰ ਦੇ ਇਨਸਾਨਾਂ ਨੂੰ ਜੋ ਪੈਗਾਮ ਏ ਮੁਹੱਬਤ ਦਿੱਤਾ ਉਸਦੀ ਸ਼ੁਰੂਆਤ ਕੁਰਆਨ ਸ਼ਰੀਫ ਪੜਾ ਕੇ ਕੀਤੀ ਗਈ । ਉਨਾਂ ਕਿਹਾ ਕਿ ਸਾਨੂੰ ਸਿੱਖਿਆ ਨੂੰ ਵੀ ਹਰ ਖੇਤਰ ‘ਚ ਅੱਗੇ ਵਧਾਉਣਾ ਪਵੇਗਾ ਅਤੇ ਦੇਸ਼ ਅਤੇ ਸਮਾਜ ਦੀ ਤਰੱਕੀ ‘ਚ ਆਪਣਾ ਯੋਗਦਾਨ ਦੇਣਾ ਪਵੇਗਾ। ਉਨਾਂ ਕਿਹਾ ਕਿ ਜੇਕਰ ਦੇਸ਼ ‘ਚ ਸਿੱਖਿਆ ਸੌ ਫੀਸਦ ਹੋ ਜਾਵੇ ਤਾਂ ਜਾਤੀਵਾਦ ਅਤੇ ਸਾਂਪ੍ਰਦਾਇਕ ਤਨਾਵ ਵੀ ਖਤਮ ਹੋ ਜਾਣਗੇ । ਇਸ ਮੌਕੇ ‘ਤੇ ਮਿਸ਼ਨ ਇੰਡਿਆ ਟਰੱਸਟ ਦੇ ਚੇਅਰਮੈਨ ਜਨਾਬ ਸ਼ਾਦਾਬ ਚੌਹਾਨ ਨੇ ਕਿਹਾ ਕਿ ਉਨਾਂ ਦੀ ਸੰਸਥਾ ਘੱਟਗਿਣਤੀਆਂ ਨੂੰ ਸਿੱਖਿਅਤ ਕਰਣ ਲਈ ਵਿਸ਼ੇਸ਼ ਪ੍ਰੋਗਰਾਮ ਚਲਾ ਰਹੀ ਹੈ ਖਾਸ ਕਰਕੇ ਦਸਵੀਂ ਜਮਾਤ ਤੋਂ ਬਾਅਦ ਬੱਚੀਆਂ ਨੂੰ ਉੱਚ ਪੱਧਰ ਦੀ ਸਿੱਖਿਆ ਪ੍ਰਾਪਤ ਕਰਣ ਲਈ ਮਦਦ ਕਰ ਰਹੇ ਹਨ। ਸੈਮੀਨਾਰ ‘ਚ ਰਾਸ਼ਟਰੀ ਜਨਤਾ ਦਲ ਪੰਜਾਬ ਦੇ ਪ੍ਰਧਾਨ ਮੁਕੀਦ ਆਲਮ ਨੇ ਬਾਹਰ ਤੋਂ ਆਏ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਸਮਾਜ ਨੂੰ ਸਿੱਖਿਅਤ ਕੀਤੇ ਜਾਣ ਲਈ ਕੀਤੀ ਜਾ ਰਹੀ ਇਸ ਕੋਸ਼ਿਸ਼ ‘ਚ ਉਹ ਹਰ ਤਰਾਂ ਤੋਂ ਟਰੱਸਟ ਦੇ ਨਾਲ ਹਨ।