![]()

ਰਾਏਕੋਟ, 5 ਦਸੰਬਰ ( ਸਤ ਪਾਲ ਸੋਨੀ ) : ਭਾਰਤ ਸਰਕਾਰ ਦੇ ਅਦਾਰੇ ਨਹਿਰੂ ਯੁਵਾ ਕੇਂਦਰ ਵੱਲੋਂ ਨੌਜਵਾਨਾਂ ਦੀ ਸਖ਼ਸ਼ੀਅਤ ਉਸਾਰੀ ਨੂੰ ਮੁੱਖ ਰੱਖ ਕੇ ਜ਼ਿਲਾ ਪੱਧਰੀ ਯੂਥ ਕਨਵੈਨਸ਼ਨ ਅਤੇ ਟਰੇਨਿੰਗ ਆਫ਼ ਯੂਥ ਲੀਡਰਸ਼ਿਪ ਕਮਿਊਨਿਟੀ ਡਿਵੈੱਲਪਮੈਂਟ ਪ੍ਰੋਗਰਾਮ ਦਾ ਆਯੋਜਨ ਸਥਾਨਕ ਸਦਭਾਵਨਾ ਕਾਲਜ ਵਿਖੇ ਕਰਵਾਇਆ ਗਿਆ, ਜਿਸ ਵਿੱਚ ਜ਼ਿਲਾ ਲੁਧਿਆਣਾ ਨਾਲ ਸੰਬੰਧਤ ਸੈਂਕਡ਼ੇ ਨੌਜਵਾਨਾਂ ਨੇ ਭਾਗ ਲਿਆ ਅਤੇ ਵੱਖ-ਵੱਖ ਬੁਲਾਰਿਆਂ ਤੋਂ ਜੀਵਨ ਸੇਧਾਂ ਲਈਆਂ। ਸਮਾਪਤੀ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਪੁੱਜੇ ਪ੍ਰਭਦੀਪ ਸਿੰਘ ਨੱਥੋਵਾਲ, ਜ਼ਿਲਾ ਲੋਕ ਸੰਪਰਕ ਅਫ਼ਸਰ, ਲੁਧਿਆਣਾ ਨੇ ਨੌਜਵਾਨਾਂ ਨੂੰ ਵਿਅਕਤੀਗਤ ਸਖ਼ਸ਼ੀਅਤ ਦੇ ਨਿਖ਼ਾਰ ਅਤੇ ਸਮਾਜਿਕ ਸੁਧਾਰਾਂ ਲਈ ਨਹਿਰੂ ਯੁਵਾ ਕੇਂਦਰ ਦੇ ਪ੍ਰੋਗਰਾਮਾਂ ਵਿੱਚ ਭਾਗ ਲੈਣ ਅਤੇ ਰਾਸ਼ਟਰ ਨਿਰਮਾਣ ਵਿੱਚ ਬਣਦਾ ਯੋਗਦਾਨ ਪਾਉਣ ਦੀ ਅਪੀਲ ਕੀਤੀ। ਉਨਾਂ ਕਿਹਾ ਕਿ ਸਾਡੇ ਦੇਸ਼ ਦੀ ਕੁੱਲ ਆਬਾਦੀ ਦਾ 65 ਫੀਸਦੀ ਹਿੱਸਾ ਨੌਜਵਾਨ ਹੈ, ਜੇਕਰ ਇਹ ਨੌਜਵਾਨ ਸਹੀ ਅਗਵਾਈ ਲੀਹਾਂ ਲੈ ਕੇ ਸਹੀ ਦਿਸ਼ਾ ਵਿੱਚ ਸਾਰਥਿਕ ਉਪਰਾਲੇ ਕਰਨ ਤਾਂ ਸਾਡਾ ਦੇਸ਼ ਵਿਸ਼ਵ ਦਾ ਸਭ ਤੋਂ ਸ਼ਕਤੀਸ਼ਾਲੀ ਅਤੇ ਸਮਰੱਥ ਦੇਸ਼ ਬਣ ਸਕਦਾ ਹੈ।
ਸਮਾਗਮ ਨੂੰ ਸੰਬੋਧਨ ਕਰਦਿਆਂ ਲਾਅ ਕਾਲਜ ਲੁਧਿਆਣਾ ਦੇ ਸਹਾਇਕ ਪ੍ਰੋਫੈਸਰ ਡਾ. ਸ਼ਿਵ ਕੁਮਾਰ ਡੋਗਰਾ ਨੇ ਕਿਹਾ ਕਿ ਇਹ ਸਾਡੇ ਸਮਾਜ ਦੀ ਤ੍ਰਾਸਦੀ ਹੈ ਕਿ ਇਥੋਂ ਦੇ ਲੋਕ ਆਪਣੇ ਆਲੇ-ਦੁਆਲੇ, ਕਾਨੂੰਨੀ ਹੱਕਾਂ ਅਤੇ ਫਰਜ਼ਾਂ ਤੋਂ ਪੂਰੀ ਤਰਾਂ ਅਣਜਾਣ ਹਨ। ਇਥੋਂ ਤੱਕ ਕਿ 80 ਫੀਸਦੀ ਨੌਜਵਾਨਾਂ ਨੂੰ ਆਪਣੇ ਹੱਕਾਂ ਅਤੇ ਅਧਿਕਾਰਾਂ ਬਾਰੇ ਅਗਿਆਨਤਾ ਹੈ। ਉਨਾਂ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਭਾਰਤੀ ਕਾਨੂੰਨ ਦੀ ਵੱਧ ਤੋਂ ਵੱਧ ਜਾਣਕਾਰੀ ਖੁਦ ਹਾਸਿਲ ਕਰਨ ਅਤੇ ਹੋਰਨਾਂ ਲੋਕਾਂ ਨੂੰ ਵੀ ਇਸ ਬਾਰੇ ਜਾਗਰੂਕ ਕਰਨ। ਇਸ ਮੌਕੇ ਨਹਿਰੂ ਯੁਵਾ ਕੇਂਦਰ ਦੇ ਸੀਨੀਅਰ ਅਧਿਕਾਰੀ ਸ੍ਰ. ਬਲਵੀਰ ਸਿੰਘ ਰਾਣਾ ਨੇ ਨੌਜਵਾਨਾਂ ਨੂੰ ਨਹਿਰੂ ਯੁਵਾ ਕੇਂਦਰ ਵੱਲੋਂ ਨੌਜਵਾਨਾਂ ਦੇ ਵਿਕਾਸ ਲਈ ਕੀਤੇ ਜਾ ਰਹੇ ਉਪਰਾਲਿਆਂ ਦਾ ਵੇਰਵਾ ਪੇਸ਼ ਕੀਤਾ।
ਸਮਾਗਮ ਦੌਰਾਨ ਵੱਖ-ਵੱਖ ਖੇਡ ਕਲੱਬਾਂ ਨੂੰ ਖੇਡ ਕਿੱਟਾਂ ਦੀ ਵੀ ਵੰਡ ਕੀਤੀ ਗਈ। ਇਸ ਤੋਂ ਇਲਾਵਾ ਇਸ ਚਾਰ ਰੋਜ਼ਾ ਪ੍ਰੋਗਰਾਮ ਵਿੱਚ ਭਾਗ ਲੈਣ ਵਾਲੇ ਨੌਜਵਾਨਾਂ ਨੂੰ ਸਰਟੀਫਿਕੇਟ ਵੀ ਵੰਡੇ ਗਏ। ਇਨਾਂ ਦੋਵੇਂ ਸਮਾਗਮਾਂ ਦੌਰਾਨ ਜ਼ਿਲਾ ਦੀਆਂ ਖੇਡ ਕਲੱਬਾਂ, ਸਿਲਾਈ ਸੈਂਟਰਾਂ ਅਤੇ ਕਾਲਜ ਦੇ 260 ਤੋਂ ਵਧੇਰੇ ਨੌਜਵਾਨ ਮੁੰਡੇ ਅਤੇ ਕੁਡ਼ੀਆਂ ਨੇ ਭਾਗ ਲਿਆ। ਡਿਵੈੱਲਪਮੈਂਟ ਪ੍ਰੋਗਰਾਮ ਦੌਰਾਨ ਡਾ. ਗੁਰਪ੍ਰੀਤ ਕੌਰ ਚੀਫ਼ ਜੂਡੀਸ਼ੀਅਲ ਮੈਜਿਸਟ੍ਰੇਟ ਕਮ ਸਕੱਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਨੇ ਵੀ ਸ਼ਿਰਕਤ ਕਰਕੇ ਨੌਜਵਾਨਾਂ ਨੂੰ ਕਾਨੂੰਨੀ ਜਾਗਰੂਕਤਾ ਬਾਰੇ ਜਾਣਕਾਰੀ ਦਿੱਤੀ।
ਇਸ ਮੌਕੇ ਕਾਲਜ ਮੁੱਖੀ ਡਾ. ਮਧੂ ਮੀਤਾ ਬੈਨਰਜੀ, ਦਿਨੇਸ਼ ਵਰਮਾ, ਵਰਿੰਦਰ ਕੁਮਾਰ, ਮਨਪ੍ਰੀਤ ਸਿੰਘ ਬੁੱਟਰ ਨੱਥੋਵਾਲ, ਰਾਜਿੰਦਰ ਸਿੰਘ ਪ੍ਰਧਾਨ ਸਦਭਾਵਨਾ ਯੂਥ ਕਲੱਬ ਜਲਾਲਦੀਵਾਲ ਰਾਏਕੋਟ, ਨੇਹਾ ਸਭਰਵਾਲ, ਟਹਿਲ ਸਿੰਘ, ਗੁਰਪ੍ਰੀਤ ਸਿੰਘ ਅਤੇ ਨਹਿਰੂ ਯੁਵਾ ਕੇਂਦਰ ਲੁਧਿਆਣਾ ਦਾ ਸਮੁੱਚਾ ਸਟਾਫ਼ ਹਾਜ਼ਰ ਸੀ।