![]()

ਲੁਧਿਆਣਾ ( ਬਿਊਰੋ ) : ਪਿੱਛਲੇ ਦਿਨੀਂ ਮੱਧ ਪ੍ਰਦੇਸ਼ ਦੇ ਜ਼ਿਲਾ ਅਸ਼ੋਕਪੁਰ ਵਿਚ ਸਿੱਖਾਂ ਦੀ ਆਬਾਦੀ ਤੇ ਉਥੇ ਦੇ ਪ੍ਰਸ਼ਾਸ਼ਨ ਵੱਲੋਂ ਜ਼ਬਰ ਢਾਹਿਆ ਗਿਆ, ਉਨਾਂ ਦੇ ਘਰਾਂ ‘ਤੇ ਬੂਲਡੋਜ਼ਰ ਫੇਰੇ ਗਏ ਅਤੇ ਜ਼ਮੀਨਾਂ ਜ਼ਬਤ ਕਰਨ ਦੀ ਬੜੀ ਮੰਦਭਾਗੀ ਘਟਨਾ ਵਾਪਰੀ, ਜਿਸ ਦੀ ਗੰਭੀਰਤਾ ਨੂੰ ਲੈਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੌਬਿੰਦ ਸਿੰਘ ਲੌਂਗੋਵਾਲ ਵੱਲੋਂ ਇਕ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ, ਜਿਸ ‘ਚ ਇੰਦਰਮੋਹਣ ਸਿੰਘ ਲਖਮੀਰਵਾਲਾ ਮੈਂਬਰ ਅੰਤ੍ਰਿਕ ਕਮੇਟੀ, ਭਾਈ ਗੁਰਚਰਨ ਸਿੰਘ ਗਰੇਵਾਲ ਮੈਂਬਰ ਸ਼੍ਰੋਮਣੀ ਕਮੇਟੀ ਅਤੇ ਤੇਜਿੰਦਰ ਸਿੰਘ ਪੱਡਾ ਮੀਤ ਸਕੱਤਰ ਆਦਿ ਨੂੰ ਸ਼ਾਮਿਲ ਕੀਤਾ ਗਿਆ, ਉਹ ਤਿੰਨ ਮੈਂਬਰੀ ਵਫ਼ਦ ਅੱਜ ਮੱਧ ਪ੍ਰਦੇਸ਼ ਰਵਾਨਾ ਹੋਇਆ। ਉਨਾਂ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਹੈ ਕਿ ਮੱਧ ਪ੍ਰਦੇਸ਼ ਦੀ ਕਾਂਗਰਸ ਸਰਕਾਰ ਵੱਲੋਂ ਸਿੱਖ ਮਾਰੂ ਅਜੰਡੇ ਅਧੀਨ ਸਿੱਖਾਂ ਨੂੰ ਉਥੇ ਬੇਘਰੇ ਕਰਨ ਦਾ ਜੋ ਫੈਸਲਾ ਲਿਆ ਹੈ, ਉਸ ਦੇ ਖਿਲਾਫ਼ ਸਮੁੱਚੇ ਸਿੱਖ ਜਗਤ ਅੰਦਰ ਭਾਰੀ ਰੋਸ ਹੈ। ਇਸ ਸਬੰਧੀ ਉਹ ਪੀੜਤ ਪਰਿਵਾਰਾਂ ਨੂੰ ਮਿਲਣਗੇ ਅਤੇ ਉਸ ਤੋਂ ਬਾਅਦ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਮਿਲ ਕੇ ਗਵਰਨਰ ਤੱਕ ਪਹੁੰਚ ਕੀਤੀ ਜਾਵੇਗੀ। ਇਸ ਮੌਕੇ ਅਕਾਲੀ ਆਗੂ ਮਨਪ੍ਰੀਤ ਸਿੰਘ ਬੰਟੀ, ਫੈਡਰੇਸ਼ਨ ਦੇ ਜ਼ਿਲਾ ਪ੍ਰਧਾਨ ਕੁਲਜੀਤ ਸਿੰਘ ਧੰਜਲ, ਗੁਰਪ੍ਰੀਤ ਸਿੰਘ ਮਸੌਣ, ਗੁਰਫਤਿਹ ਸਿੰਘ ਗਰੇਵਾਲ ਤੇ ਸੁਖਦੀਪ ਸਿੰਘ ਸਿੱਧਵਾਂ ਆਦਿ ਹਾਜ਼ਰ ਸਨ।