![]()

ਆਸਾਮੀਆਂ ਦੀ ਗਿਣਤੀ 3400 ਤੋਂ ਵਧੇਰੇ, 35 ਤੋਂ ਵਧੇਰੇ ਕੰਪਨੀਆਂ ਪੁੱਜਣਗੀਆਂ
ਲੁਧਿਆਣਾ, 1 ਨਵੰਬਰ ( ਸਤ ਪਾਲ ਸੋਨੀ ) : ਪੰਜਾਬ ਸਰਕਾਰ ਵੱਲੋਂ ਘਰ-ਘਰ ਰੋਜ਼ਗਾਰ ਸਕੀਮ ਤਹਿਤ ਮਿਤੀ 3 ਨਵੰਬਰ, 2017 ਨੂੰ 10:00 ਵਜੇ ਸਵੇਰੇ ਜ਼ਿਲਾ ਉਦਯੋਗ ਕੇਂਦਰ ਦਫ਼ਤਰ, ਮਿਲਰਗੰਜ ਰੋਡ, ਨਿਰੰਕਾਰੀ ਮੁਹੱਲਾ, ਪ੍ਰਤਾਪ ਚੌਂਕ, ਲੁਧਿਆਣਾ ਵਿਖੇ ਸਿਰਫ ਲਡ਼ਕੀਆਂ/ਔਰਤਾਂ (ਜਿਨਾਂ ਦੀ ਉਮਰ 18 ਸਾਲ ਤੋਂ ਉੱਪਰ ਹੋਵੇ) ਲਈ ਰੋਜ਼ਗਾਰ ਮੇਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਦਾ ਉਦਘਾਟਨ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਕਰਨਗੇ। ਇਸ ਮੇਲੇ ਵਿੱਚ 3400 ਤੋਂ ਵਧੇਰੇ ਆਸਾਮੀਆਂ ਲਈ ਭਰਤੀ ਕੀਤੀ ਜਾਵੇਗੀ। ਭਰਤੀ ਕਰਨ ਲਈ ਸ਼ਹਿਰ ਅਤੇ ਸੂਬੇ ਨਾਲ ਸੰਬੰਧਤ 35 ਤੋਂ ਵਧੇਰੇ ਕੰਪਨੀਆਂ ਪੁੱਜਣਗੀਆਂ।
ਕਾਰਜਕਾਰੀ ਮੈਜਿਸਟ੍ਰੇਟ ਸਵਾਤੀ ਟਿਵਾਣਾ ਅਤੇ ਰੋਜ਼ਗਾਰ ਜਨਰੇਸ਼ਨ ਵਿਭਾਗ ਦੇ ਡਿਪਟੀ ਡਾਇਰੈਕਟਰ ਸ੍ਰੀਮਤੀ ਸਰਬਜੀਤ ਕੌਰ ਨੇ ਦੱਸਿਆ ਕਿ ਵਿੱਤ ਮੰਤਰੀ ਬਾਦਲ ਦੇ ਨਾਲ ਸਥਾਨਕ ਸਾਰੇ ਵਿਧਾਇਕ ਅਤੇ ਹੋਰ ਚੁਣੇ ਹੋਏ ਨੁਮਾਇੰਦੇ ਵੀ ਵੱਡੀ ਗਿਣਤੀ ਵਿੱਚ ਪੁੱਜਣਗੇ। ਇਸ ਮੇਲੇ ‘ਚ ਟੈਕਸਟਾਈਲ ਇੰਡਸਟਰੀ ਵਿੱਚ ਸਿਲਾਈ ਮਸ਼ੀਨ ਆਪਰੇਟਰ, ਚੈਕਿੰਗ-ਪੈਕਿੰਗ, ਸਪਿਨਿੰਗ ਆਦਿ ਲਈ 8ਵੀਂ, 10ਵੀ. ਤੇ 12ਵੀਂ ਪਾਸ ਜਾਂ ਕਟਿੰਗ ਟੇਲਰਿੰਗ ਵਾਲੀਆਂ ਲਡ਼ਕੀਆਂ ਲਈ ਤਕਰੀਬਨ 3400 ਤੋਂ ਵਧੇਰੇ ਨੌਕਰੀਆਂ ਉਪਲੱਬਧ ਹਨ। ਭਰਤੀ ਹੋਣ ਵਾਲੀਆਂ ਲਡ਼ਕੀਆਂ/ਔਰਤਾਂ ਨੂੰ ਉਨਾਂ ਦੀ ਯੋਗਤਾ ਮੁਤਾਬਿਕ ਤਨਖ਼ਾਹ ਮਿਲੇਗੀ, ਜੇਕਰ ਯੋਗਤਾ ਘੱਟ ਵੀ ਹੋਵੇਗੀ ਤਾਂ ਵੀ ਘੱਟੋ-ਘੱਟ ਡੀ. ਸੀ. ਰੇਟ ਜ਼ਰੂਰ ਮਿਲੇਗਾ। ਉਨਾਂ ਯੋਗ ਲੋਡ਼ਵੰਦ ਲਡ਼ਕੀਆਂ ਅਤੇ ਔਰਤਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੇਲੇ ਦਾ ਭਰਪੂਰ ਲਾਭ ਲੈਣ।