![]()

ਲੁਧਿਆਣਾ, 21 ਜਨਵਰੀ ( ਸਤ ਪਾਲ ਸੋਨੀ ) : ਸਥਾਨਕ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ, ਸਮਿੱਟਰੀ ਰੋਡ ਵਿਖੇ ਅੱਜ ‘ਫਾਇਰ ਸੇਫਟੀ ਅਤੇ ਇਵੈਕੁਏਸ਼ਨ ਡਰਿੱਲ’ ਕਰਵਾਈ ਗਈ। ਇਸ ਡਰਿੱਲ ਦਾ ਮਕਸਦ ਸਕੂਲ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਅੱਗ ਲੱਗਣ ਦੀ ਸੂਰਤ ਵਿੱਚ ਬਚਾਓ ਅਤੇ ਆਫ਼ਤ ਪ੍ਰਬੰਧਨ ਦੀ ਸਿਖ਼ਲਾਈ ਦੇਣਾ ਸੀ। ਇਸ ਡਰਿੱਲ ਵਿੱਚ ਜ਼ਿਲਾ ਮਾਲ ਅਫ਼ਸਰ ਸ੍ਰੀਮਤੀ ਸਵਿਤਾ, ਡਾ. ਆਰ. ਪੀ. ਭਾਟੀਆ, ਡਾ. ਰਾਜਦੀਪ ਸਿੰਘ, ਪੰਜਾਬ ਹੋਮਗਾਰਡ ਤੋਂ ਇੰਸਪੈਕਟਰ ਅਮਿਤ ਪਾਲ ਭੱਟੀ, ਫਾਇਰ ਵਿਭਾਗ ਤੋਂ ਨਵਰੰਗ ਸਿੰਘ, ਐੱਨ. ਡੀ. ਆਰ. ਐੱਫ. ਤੋਂ ਇੰਸਪੈਕਟਰ ਸੰਜੇ ਸਿੰਘ ਅਤੇ ਹੋਰ ਹਾਜ਼ਰ ਸਨ।
ਸਿਖ਼ਲਾਈ ਦੇਣ ਲਈ ਨਗਰ ਨਿਗਮ ਦੇ ਫਾਇਰ ਬ੍ਰਿਗੇਡ ਵਿਭਾਗ, ਸਿਹਤ ਵਿਭਾਗ ਅਤੇ ਪੁਲਿਸ ਵਿਭਾਗ ਤੋਂ ਮਾਹਿਰ ਪਹੁੰਚੇ ਹੋਏ ਸਨ। ਸਿਖ਼ਲਾਈ ਦੇਣ ਲਈ ਵਿਦਿਆਰਥੀਆਂ ਅਤੇ ਅਧਿਆਪਕਾਂ ਦੀਆਂ 10 ਟੀਮਾਂ ਤਿਆਰ ਕੀਤੀਆਂ ਗਈਆਂ ਸਨ। ਸਿਖ਼ਲਾਈ ਦੌਰਾਨ ਮੌਕ ਡਰਿੱਲ ਦੀ ਇੰਚਾਰਜ ਸੁਮਨ ਗੁਪਤਾ ਨੇ ਪ੍ਰਿੰਸੀਪਲ ਤਸਕੀਨ ਅਖ਼ਤਰ ਦੀ ਨਿਗਰਾਨੀ ਵਿੱਚ ਅੱਗ ਲੱਗਣ ਦੀ ਘਟਨਾ ਸੰਬੰਧੀ ਵੱਖ-ਵੱਖ ਵਿਭਾਗਾਂ ਨੂੰ ਹੰਗਾਮੀ ਸਥਿਤੀ ਵਿੱਚ ਸੂਚਿਤ ਕੀਤਾ।
ਫਾਇਰ ਅਫ਼ਸਰ ਕੁਲਕੀਪ ਕੁਮਾਰ ਦੀ ਅਗਵਾਈ ਵਿੱਚ ਸਮੇਂ ਸਿਰ ਕਾਰਵਾਈ ਕਰਦਿਆਂ ਟੀਮ ਨੇ ਅੱਗ ‘ਤੇ ਕਾਬੂ ਪਾਉਣ ਲਈ ਪੁਖ਼ਤਾ ਯਤਨ ਕੀਤੇ ਜਦਕਿ ਬਾਕੀ ਵਿਭਾਗਾਂ ਦੀਆਂ ਟੀਮਾਂ ਨੇ ਆਪਣੀ-ਆਪਣੀ ਬਣਦੀ ਡਿਊਟੀ ਨਿਭਾਈ। ਇਸ ਸਿਖ਼ਲਾਈ ਲਈ ਹਰ ਤਰਾਂ ਦੇ ਉਪਕਰਨ ਅਤੇ ਸਾਧਨਾਂ ਦੀ ਵਰਤੋਂ ਕੀਤੀ ਗਈ, ਜੋ ਕਿ ਕਿਸੇ ਹੰਗਾਮੀ ਸਥਿਤੀ ਵਿੱਚ ਲੋਡ਼ੀਂਦੇ ਹੁੰਦੇ ਹਨ। ਵਿਦਿਆਰਥੀਆਂ ਨੂੰ ਇਸ ਸਥਿਤੀ ਨਾਲ ਨਿਪਟਣ ਲਈ ਕੀ-ਕੀ ਤਰੀਕੇ ਵਰਤੇ ਜਾਂਦੇ ਹਨ, ਇਸ ਬਾਰੇ ਜਾਣਕਾਰੀ ਦਿੱਤੀ ਗਈ। ਕੁੱਲ ਮਿਲਾ ਕੇ ਇਹ ਸਿਖ਼ਲਾਈ ਦੇ ਮੰਤਵ ਨਾਲ ਕਰਵਾਈ ਗਈ ਮੌਕ ਡਰਿੱਲ ਬਹੁਤ ਹੀ ਸਫ਼ਲ ਅਤੇ ਸਿੱਖਿਆਦਾਇਕ ਰਹੀ।