![]()

ਉਲੰਘਣਾ ਕਰਨ ਵਾਲੀਆਂ ਸਨਅਤਾਂ ਅਤੇ ਸਾਥ ਦੇਣ ਵਾਲੇ ਅਧਿਕਾਰੀਆਂ ਖ਼ਿਲਾਫ਼ ਹੋਵੇਗੀ ਸਖ਼ਤ ਕਾਰਵਾਈ-ਓ. ਪੀ. ਸੋਨੀ
ਲੁਧਿਆਣਾ, 12 ਜੂਨ ( ਸਤ ਪਾਲ ਸੋਨੀ ) : ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਸ਼ੁੱਧ ਹਵਾ, ਪਾਣੀ, ਭੋਜਨ ਅਤੇ ਸਾਫ਼ ਵਾਤਾਵਰਣ ਮੁਹੱਈਆ ਕਰਾਉਣ ਲਈ ਸ਼ੁਰੂ ਕੀਤੇ ‘ਮਿਸ਼ਨ ਤੰਦਰੁਸਤ ਪੰਜਾਬ’ ਅਧੀਨ ਸ਼ਹਿਰ ਲੁਧਿਆਣਾ ਦੇ ਬੁੱਢਾ ਨਾਲ਼ੇ ਨੂੰ ਸਾਫ਼ ਕਰਨ ਦਾ ਤਹੱਈਆ ਕੀਤਾ ਹੈ, ਜਿਸ ਦੇ ਪ੍ਰਦੂਸ਼ਿਤ ਪਾਣੀ ਨਾਲ ਕਥਿਤ ਤੌਰ ‘ਤੇ ਕਈ ਬਿਮਾਰੀਆਂ ਫੈਲ ਰਹੀਆਂ ਹਨ। ਇਸ ਨਾਲ਼ੇ ਵਿੱਚ ਪ੍ਰਦੂਸ਼ਿਤ ਪਾਣੀ ਪਾਉਣ ਦਾ ਵੱਡਾ ਦੋਸ਼ ਇਥੋਂ ਦੀਆਂ ਰੰਗਾਈ ਨਾਲ ਸੰਬੰਧਤ ਸਨਅਤਾਂ ‘ਤੇ ਲੱਗਦਾ ਹੈ। ਜਿਨਾਂ ਦੇ ਨੁਮਾਇੰਦਿਆਂ ਨਾਲ ਪੰਜਾਬ ਸਰਕਾਰ ਦੇ ਵਾਤਾਵਰਣ, ਸਿੱਖਿਆ ਅਤੇ ਸੁਤੰਤਰਤਾ ਸੈਨਾਨੀ ਭਲਾਈ ਵਿਭਾਗਾਂ ਦੇ ਕੈਬਨਿਟ ਮੰਤਰੀ ਓ. ਪੀ. ਸੋਨੀ ਨੇ ਮੀਟਿੰਗ ਕਰਦਿਆਂ ਹਦਾਇਤ ਕੀਤੀ ਕਿ ਉਹ ਸਨਅਤਾਂ ਚਲਾਉਣ ਲਈ ਨਿਰਧਾਰਤ ਮਾਪਦੰਡ ਦੋ ਮਹੀਨੇ ਵਿੱਚ ਪੂਰੇ ਕਰ ਲੈਣ।
ਅੱਜ ਸਥਾਨਕ ਸਰਕਟ ਹਾਊਸ ਵਿਖੇ ਵੱਖ-ਵੱਖ ਰੰਗਾਈ ਸਨਅਤਾਂ ਅਤੇ ਜਥੇਬੰਦੀਆਂ ਨਾਲ ਮੀਟਿੰਗ ਕਰਦਿਆਂ ਸੋਨੀ ਨੇ ਕਿਹਾ ਕਿ ਪੰਜਾਬ ਸਰਕਾਰ ਸਨਅਤਾਂ ਨੂੰ ਸੂਬੇ ਦੇ ਵਿਕਾਸ ਦੀ ਰੀੜ ਦੀ ਹੱਡੀ ਮੰਨਦੀ ਹੈ, ਜਿਸ ਕਰਕੇ ਇਥੋਂ ਦੀਆਂ ਸਨਅਤਾਂ ਨੂੰ ਕਦੇ ਵੀ ਬੰਦ ਨਹੀਂ ਹੋਣ ਦਿੱਤਾ ਜਾਵੇਗਾ ਪਰ ਸਨਅਤਾਂ ਨੂੰ ਚਲਾਉਣ ਦੇ ਨਾਮ ‘ਤੇ ਵਾਤਾਵਰਣ ਵਿੱਚ ਪ੍ਰਦੂਸ਼ਣ ਫੈਲਾਉਣਾ ਅਤੇ ਮਨੁੱਖੀ ਸਿਹਤ ਨਾਲ ਖ਼ਿਲਵਾੜ ਵੀ ਕਿਸੇ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨਾਂ ਕਿਹਾ ਕਿ ਉਨਾਂ ਦੇ ਧਿਆਨ ਵਿੱਚ ਆਇਆ ਹੈ ਕਿ ਰੰਗਾਈ ਦਾ ਕੰਮ ਕਰਨ ਵਾਲੀਆਂ ਕਈ ਸਨਅਤਾਂ ਵਿੱਚ ਪਾਣੀ ਸੋਧਕ ਪਲਾਂਟ (ਵਾਟਰ ਟਰੀਟਮੈਂਟ ਪਲਾਂਟ) ਨਹੀਂ ਲੱਗੇ ਹੋਏ, ਜਿਨਾਂ ਦੇ ਲੱਗੇ ਵੀ ਹੋਏ ਹਨ, ਉਹ ਕੰਮ ਨਹੀਂ ਕਰ ਰਹੇ ਹਨ, ਨਤੀਜਤਨ ਇਨਾਂ ਸਨਅਤਾਂ ਦਾ ਭਾਰੀ ਮਾਤਰਾ ਵਿੱਚ ਪ੍ਰਦੂਸ਼ਿਤ ਪਾਣੀ ਬੁੱਢੇ ਨਾਲ਼ੇ ਵਿੱਚ ਜਾ ਰਿਹਾ ਹੈ, ਜੋ ਅੱਗੇ ਜਾ ਕੇ ਲੋਕਾਂ ਦੀਆਂ ਬਿਮਾਰੀਆਂ ਦਾ ਕਾਰਨ ਬਣਦਾ ਹੈ।
ਉਨਾਂ ਮੀਟਿੰਗ ਵਿੱਚ ਹਾਜ਼ਰ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਸਾਰੀਆਂ ਸਨਅਤਾਂ ਦੀ ਖੁਦ ਜਾਂਚ ਕਰਨ ਕਿ ਉਹ ਰੰਗਾਈ ਸਨਅਤ ਨੂੰ ਚਲਾਉਣ ਲਈ ਨਿਰਧਾਰਤ ਮਾਪਦੰਡ ਪੂਰੇ ਕਰਦੀਆਂ ਹਨ। ਜੇਕਰ ਨਹੀਂ ਤਾਂ ਦੋ ਮਹੀਨੇ ਬਾਅਦ ਉਨਾਂ ਖ਼ਿਲਾਫ਼ ਬਣਦੀ ਕਾਰਵਾਈ ਆਰੰਭੀ ਜਾਵੇ। ਜਿਆਦਾਤਰ ਅਧਿਕਾਰੀਆਂ ਦੀ ਸਨਅਤਕਾਰਾਂ ਨਾਲ ਮਿਲੀਭੁਗਤ ਬਾਰੇ ਪਤਾ ਲੱਗਣ ‘ਤੇ ਸੋਨੀ ਨੇ ਕਿਹਾ ਕਿ ਜੋ ਅਧਿਕਾਰੀ ਆਪਣੀ ਡਿਊਟੀ ਪ੍ਰਤੀ ਲਾਪਰਵਾਹੀ ਜਾਂ ਅਣਦੇਖੀ ਕਰੇਗਾ, ਉਸਦਾ ਤੁਰੰਤ ਤਬਾਦਲਾ ਕਰਨ ਦੇ ਨਾਲ-ਨਾਲ ਉਸ ਖ਼ਿਲਾਫ਼ ਸਖ਼ਤ ਵਿਭਾਗੀ ਕਾਰਵਾਈ ਆਰੰਭੀ ਜਾਵੇਗੀ। ਉਨਾਂ ਸਨਅਤਕਾਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਸਨਅਤਾਂ ਵਿੱਚ ਬਾਲਣ ਦੇ ਤੌਰ ‘ਤੇ ਨਾ-ਬਾਲਣਯੋਗ ਸਮੱਗਰੀ (ਟਾਇਰ, ਕੂੜਾ, ਲੀਰਾਂ ਆਦਿ) ਦੀ ਵਰਤੋਂ ਨਾ ਕਰਨ, ਜਿਸ ਨਾਲ ਸਾਰੇ ਵਾਤਾਵਰਣ ਵਿੱਚ ਕਾਲੀ ਗਹਿਰ ਅਤੇ ਪ੍ਰਦੂਸ਼ਣ ਫੈਲਦਾ ਹੈ।
ਸ਼ਹਿਰ ਵਿੱਚ ਲੱਗ ਰਹੇ ਤਿੰਨ ਸਾਂਝੇ ਪ੍ਰਦੂਸ਼ਣ ਸੋਧਕ ਪਲਾਂਟਾਂ (ਸੀ. ਈ. ਟੀ. ਪੀ.) ਬਾਰੇ ਉਨਾਂ ਸਪੱਸ਼ਟ ਕੀਤਾ ਕਿ ਪੰਜਾਬ ਸਰਕਾਰ ਇਨਾਂ ਪਲਾਟਾਂ ਨੂੰ ਜਲਦ ਚਲਾਉਣ ਲਈ ਦ੍ਰਿੜ ਯਤਨਸ਼ੀਲ ਹੈ। ਇਨਾਂ ਪ੍ਰੋਜੈਕਟਾਂ ਲਈ ਪੰਜਾਬ ਸਰਕਾਰ ਵੱਲੋਂ ਬਣਦੇ ਫੰਡ ਪਹਿਲਾਂ ਹੀ ਮੁਹੱਈਆ ਕਰਵਾ ਦਿੱਤੇ ਗਏ ਹਨ, ਜਦਕਿ ਕੇਂਦਰ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਰਾਸ਼ੀ ਦੀ ਪ੍ਰਕਿਰਿਆ ਜਾਰੀ ਹੈ। ਪੰਜਾਬ ਸਰਕਾਰ ਵੱਲੋਂ ਜਾਰੀ ਰਾਸ਼ੀ ਨਾਲ ਅਤੇ ਸਨਅਤਾਂ ਵੱਲੋਂ ਪਾਏ ਹਿੱਸੇ ਨਾਲ ਇਨਾਂ ਪਲਾਟਾਂ ਦਾ ਕੰਮ ਕਾਫੀ ਹੱਦ ਤੱਕ ਮੁਕੰਮਲ ਵੀ ਕੀਤਾ ਜਾ ਰਿਹਾ ਹੈ। ਇਸ ਮੌਕੇ ਉਨਾਂ ਸੀ. ਈ. ਟੀ. ਪੀਜ਼ ਲਗਾਉਣ ਵੇਲੇ ਕੀਤੀ ਗਈ ਮਾਈਨਿੰਗ ਅਤੇ ਮਿੱਟੀ ਦੀ ਕਥਿਤ ਹੇਰਾਫੇਰੀ ਮਾਮਲੇ ਦੀ ਜਾਂਚ ਕਰਾਉਣ ਲਈ ਕਮੇਟੀ ਦਾ ਗਠਨ ਕਰਨ ਦਾ ਵੀ ਐਲਾਨ ਕੀਤਾ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਸੋਨੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਚੰਗੀ ਸਿਹਤ, ਸਮੇਂ ਦੇ ਹਾਣ ਦੀ ਸਿੱਖਿਆ ਅਤੇ ਸ਼ੁੱਧ ਵਾਤਾਵਰਣ ਦੇਣ ਨੂੰ ਸਭ ਤੋਂ ਵਧੇਰੇ ਤਰਜੀਹ ਦਿੱਤੀ ਜਾ ਰਹੀ ਹੈ। ਉਨਾਂ ਕਿਹਾ ਕਿ ਉਹ ਬਤੌਰ ਵਾਤਾਵਰਣ ਮੰਤਰੀ ਸੂਬੇ ਵਿੱਚ ਹਰ ਤਰਾਂ ਦੇ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਯਤਨ ਕਰ ਰਹੇ ਹਨ। ਉਨਾਂ ਉਮੀਦ ਜਤਾਈ ਕਿ ਅਗਲੇ 6 ਮਹੀਨੇ ਵਿੱਚ ਸਾਰੇ ਸਿਸਟਮ ਨੂੰ ਸੁਧਾਰਨ ਵਿੱਚ ਕਾਫੀ ਸਫ਼ਲਤਾ ਮਿਲੇਗੀ।
ਇਸ ਦੌਰਾਨ ਉਨਾਂ ਬੁੱਢਾ ਨਾਲ਼ਾ ਦਾ ਦੌਰਾ ਕਰਦਿਆਂ ਸਥਿਤੀ ਦਾ ਜਾਇਜ਼ਾ ਲਿਆ। ਉਨਾਂ ਕਿਹਾ ਕਿ ਉਹ ਇਸ ਬਾਰੇ ਰਿਪੋਰਟ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੌਂਪਣਗੇ ਤਾਂ ਜੋ ਇਸ ਵਿੱਚ ਬੁਨਿਆਦੀ ਸੁਧਾਰ ਲਿਆਉਣ ਲਈ ਖਾਕਾ ਤਿਆਰ ਕੀਤਾ ਜਾ ਸਕੇ। ਇਸ ਤੋਂ ਪਹਿਲਾਂ ਉਨਾਂ ਨੂੰ ਜ਼ਿਲਾ ਲੁਧਿਆਣਾ ਵਿੱਚ ਬਤੌਰ ਕੈਬਨਿਟ ਮੰਤਰੀ ਪਹੁੰਚਣ ‘ਤੇ ਲੁਧਿਆਣਾ ਪੁਲਿਸ ਵੱਲੋਂ ਸਲਾਮੀ ਦਿੱਤੀ ਗਈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਜਾਬ ਸਰਕਾਰ ਦੇ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਵਿਭਾਗ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ, ਰਾਕੇਸ਼ ਪਾਂਡੇ,ਸੁਰਿੰਦਰ ਡਾਬਰ,ਸੰਜੇ ਤਲਵਾੜ (ਸਾਰੇ ਵਿਧਾਇਕ), ਨਗਰ ਨਿਗਮ ਲੁਧਿਆਣਾ ਦੇ ਮੇਅਰ ਸ੍ਰ. ਬਲਕਾਰ ਸਿੰਘ ਸੰਧੂ, ਸੀਨੀਅਰ ਡਿਪਟੀ ਮੇਅਰ ਸ਼ਾਮ ਸੁੰਦਰ ਮਲਹੋਤਰਾ, ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਚੇਅਰਮੈਨ ਕਾਹਨ ਸਿੰਘ ਪੰਨੂੰ, ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ, ਪੁਲਿਸ ਕਮਿਸ਼ਨਰ ਸ੍ਰ. ਸੁਖਚੈਨ ਸਿੰਘ ਗਿੱਲ, ਨਗਰ ਨਿਗਮ ਕਮਿਸ਼ਨਰ ਸ੍ਰ. ਜਸਕਿਰਨ ਸਿੰਘ, ਵਿਭਾਗੀ ਅਧਿਕਾਰੀ ਅਤੇ ਹੋਰ ਹਾਜ਼ਰ ਸਨ।