![]()

ਵਧੀਕ ਡਿਪਟੀ ਕਮਿਸ਼ਨਰ ਵੱਲੋਂ ਕੰਪਨੀ ਦੀਆਂ ਵਪਾਰਕ ਸਮਾਜਿਕ ਜਿੰਮੇਵਾਰੀ ਗਤੀਵਿਧੀਆਂ ਅਧੀਨ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ
ਲੁਧਿਆਣਾ ( ਬਿਊਰੋ ) : ਪ੍ਰਸਿੱਧ ਕਾਰੋਬਾਰੀ ਕੰਪਨੀ ਵਰਧਮਾਨ ਸਪੈਸ਼ਲ ਸਟੀਲਜ਼ ਲਿਮਿਟਡ ਲੁਧਿਆਣਾ ਵੱਲੋਂ ਵਪਾਰਕ ਸਮਾਜਿਕ ਜਿੰਮੇਵਾਰੀ ਗਤੀਵਿਧੀ ਅਧੀਨ ਕੀਤੇ ਜਾ ਰਹੇ ਕਾਰਜਾਂ ਨੂੰ ਅੱਗੇ ਤੋਰਦਿਆਂ ਅੱਜ 30 ਸਿਲਾਈ ਮਸ਼ੀਨਾਂ ਜ਼ਿਲਾ ਪ੍ਰਸਾਸ਼ਨ ਅਤੇ ਗੈਰ ਸਰਕਾਰੀ ਸੰਸਥਾ ਰਾਹੀਂ ਲੋੜਵੰਦ ਔਰਤਾਂ ਨੂੰ ਭੇਟ ਕੀਤੀਆਂ ਗਈਆਂ। ਇਸ ਸੰਬੰਧੀ ਸਥਾਨਕ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਰੱਖੇ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਵਧੀਕ ਡਿਪਟੀ ਕਮਿਸ਼ਨਰ (ਵ) ਸ੍ਰੀਮਤੀ ਅੰਮ੍ਰਿਤ ਸਿੰਘ ਨੇ ਸ਼ਿਰਕਤ ਕੀਤੀ।ਇਸ ਮੌਕੇ ਸੰਖੇਪ ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀਮਤੀ ਸਿੰਘ ਨੇ ਕੰਪਨੀ ਦੇ ਨੁਮਾਇੰਦਿਆਂ ਦਾ ਇਸ ਸਮਾਜਿਕ ਕਾਰਜ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਸ ਕਾਰਜ ਤੋਂ ਇਲਾਵਾ ਵੀ ਕੰਪਨੀ ਵੱਲੋਂ ਜ਼ਿਲਾ ਪ੍ਰਸਾਸ਼ਨ ਨੂੰ ਹਰ ਸੰਭਵ ਮਦਦ ਦਿੱਤੀ ਜਾਂਦੀ ਹੈ। ਉਨਾਂ ਦੱਸਿਆ ਕਿ ਅੱਜ ਦਿੱਤੀਆਂ ਗਈਆਂ 30 ਮਸ਼ੀਨਾਂ ਵਿੱਚੋਂ 25 ਮਸ਼ੀਨਾਂ ਨਾਲ ਪਿੰਡ ਨੱਥੋਵਾਲ ਵਿਖੇ ਜ਼ਿਲਾ ਦਿਹਾਤੀ ਵਿਕਾਸ ਏਜੰਸੀ (ਡੀ.ਆਰ. ਡੀ. ਏ.) ਵੱਲੋਂ ਸਿਲਾਈ ਨਾਲ ਸੰਬੰਧਤ ਸਕਿੱਲ ਡਿਵੈੱਲਪਮੈਂਟ ਸੈਂਟਰ ਖੋਲ੍ਹਿਆ ਜਾਵੇਗਾ। ਜਦਕਿ ਪੰਜ ਮਸ਼ੀਨਾਂ ਜੀਤ ਫਾਉਂਡੇਸ਼ਨ ਅਤੇ ਇੱਕ ਵਿਧਵਾ ਨੂੰ ਭੇਟ ਕੀਤੀਆਂ ਗਈਆਂ ਹਨ।
ਇਸ ਮੌਕੇ ਕੰਪਨੀ ਦੇ ਸੀਨੀਅਰ ਵਾਈਸ ਪ੍ਰਧਾਨ ਐੱਮ. ਕੇ. ਸ੍ਰੀਵਾਸਤਵਾ ਨੇ ਭਰੋਸਾ ਦਿਵਾਇਆ ਕਿ ਕੰਪਨੀ ਵੱਲੋਂ ਆਪਣੀ ਵਪਾਰਕ ਸਮਾਜਿਕ ਜਿੰਮੇਵਾਰੀ ਤਹਿਤ ਜ਼ਿਲਾ ਪ੍ਰਸਾਸ਼ਨ ਦੀ ਅਗਵਾਈ ਵਿੱਚ ਲੋੜਵੰਦਾਂ ਦੀ ਬਣਦੀ ਮਦਦ ਚਾਲੂ ਰੱਖੀ ਜਾਵੇਗੀ। ਉਨਾਂ ਕਿਹਾ ਕਿ ਕੰਪਨੀ ਵੱਲੋਂ ਸ਼ਹਿਰ ਲੁਧਿਆਣਾ ਵਿੱਚ 10 ਪਾਰਕਾਂ ਵੀ ਸਥਾਪਤ ਕੀਤੀਆਂ ਜਾਣਗੀਆਂ, ਜਿਨਾਂ ਦੀ ਕਾਰਵਾਈ ਸ਼ੁਰੂ ਹੈ।ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲਾ ਲੋਕ ਸੰਪਰਕ ਅਫ਼ਸਰ ਪ੍ਰਭਦੀਪ ਸਿੰਘ ਨੱਥੋਵਾਲ, ਸਹਾਇਕ ਪ੍ਰੋਜੈਕਟ ਅਫ਼ਸਰ ਅਵਤਾਰ ਸਿੰਘ, ਕੰਪਨੀ ਦੇ ਸੀਨੀਅਰ ਮੈਨੇਜਰ ਅਮਿਤ ਧਵਨ, ਕਰਨ ਸੋਨੀ, ਸੰਜੀਵ ਅਗਨੀਹੋਤਰੀ, ਅਮਰੀਕ ਸਿੰਘ, ਪਿੰਡ ਨੱਥੋਵਾਲ ਦੇ ਨੁਮਾਇੰਦੇ ਅਤੇ ਹੋਰ ਹਾਜ਼ਰ ਸਨ।