![]()

ਲੋੜਵੰਦਾਂ ਨੂੰ ਖੂਨ ਦੀ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ
ਲੁਧਿਆਣਾ, 4 ਜੁਲਾਈ (ਸਤ ਪਾਲ ਸੋਨੀ) : ਸਿਵਲ ਹਸਪਤਾਲ ਲੁਧਿਆਣਾ ਦੀ ਬਲੱਡ ਬੈਂਕ ਵਿੱਚ ਖੂਨ ਦੀ ਕਮੀ ਦਾ ਪਤਾ ਲੱਗਣ ‘ਤੇ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਅੱਜ ਖੁਦ ਖੂਨ ਦਾਨ ਕਰਨ ਲਈ ਬਲੱਡ ਬੈਂਕ ਪਹੁੰਚ ਗਏ। ਇਸ ਮੌਕੇ ਉਨਾਂ ਜਿੱਥੇ ਖੂਨ ਦਾਨ ਕੀਤਾ, ਉਥੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਸਵੈ–ਇੱਛਾ ਨਾਲ ਖੂਨ ਦਾਨ ਕਰਨ ਲਈ ਅੱਗੇ ਆਉਣ। ਦੱਸਣਯੋਗ ਹੈ ਕਿ ਸਥਾਨਕ ਸਿਵਲ ਹਸਪਤਾਲ ਦੀ ਬਲੱਡ ਬੈਂਕ ਲੋਡ਼ਵੰਦ ਲੋਕਾਂ ਨੂੰ ਖੂਨ ਦੀ ਉਪਲੱਬਧਤਾ ਕਰਾਉਣ ਲਈ ਵਰਦਾਨ ਸਾਬਿਤ ਹੋ ਰਹੀ ਹੈ। ਇਸ ਬੈਂਕ ਤੋਂ ਰੋਜ਼ਾਨਾ ਸੈਂਕੜੇ ਬਲੱਡ ਯੂਨਿਟ ਖ਼ਪਤ ਹੁੰਦੀ ਹੈ। ਪਰ ਲੋਕਾਂ ਵਿੱਚ ਖੂਨ ਦਾਨ ਦੀ ਘੱਟ ਰੁਚੀ ਦੇ ਚੱਲਦਿਆਂ ਬੀਤੇ ਦਿਨੀਂ ਇਸ ਬੈਂਕ ਵਿੱਚ ਬਲੱਡ ਦੀ ਕਮੀ ਬਾਰੇ ਵੱਖ–ਵੱਖ ਮਾਧਿਅਮਾਂ ਰਾਹੀਂ ਸੂਚਨਾ ਮਿਲੀ ਸੀ, ਜਿਸ ਨੂੰ ਗੰਭੀਰਤਾ ਨਾਲ ਲੈਂਦਿਆਂ ਅਤੇ ਇਸ ਸੰਬੰਧੀ ਲੋਕਾਂ ਸਾਹਮਣੇ ਉਦਾਹਰਨ ਪੇਸ਼ ਕਰਨ ਲਈ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨਿੱਜੀ ਤੌਰ ‘ਤੇ ਖੂਨ ਦਾਨ ਕਰਨ ਪਹੁੰਚ ਗਏ।
ਇਸ ਮੌਕੇ ਆਮ ਲੋਕਾਂ ਨੂੰ ਸਵੈ–ਇੱਛਾ ਨਾਲ ਖੂਨਦਾਨ ਕਰਨ ਲਈ ਅੱਗੇ ਆਉਣ ਦਾ ਸੱਦਾ ਦਿੰਦਿਆਂ ਪ੍ਰਦੀਪ ਕੁਮਾਰ ਅਗਰਵਾਲ ਨੇ ਕਿਹਾ ਕਿ ਇਸ ਸਮਾਜਿਕ ਕਾਰਜ ਵਿੱਚ ਸਾਨੂੰ ਸਾਰਿਆਂ ਨੂੰ ਯੋਗਦਾਨ ਪਾਉਣਾ ਚਾਹੀਦਾ ਹੈ। ਉਨਾਂ ਕਿਹਾ ਕਿ ਵੈਸੇ ਤਾਂ ਸਿਵਲ ਹਸਪਤਾਲ ਦੀ ਬਲੱਡ ਬੈਂਕ ਵਿੱਚ ਹੁਣ ਖੂਨ ਦੀ ਕਮੀ ਆਉਣ ਨਹੀਂ ਦਿੱਤੀ ਜਾਵੇਗੀ, ਜੇਕਰ ਕਦੇ ਫਿਰ ਵੀ ਖ਼ਪਤ ਵਧਦੀ ਹੈ ਤਾਂ ਲੋਡ਼ਵੰਦ ਲੋਕ ਰੈੱਡ ਕਰਾਸ ਸੰਸਥਾ ਨਾਲ ਜਾਂ ਜ਼ਿਲਾ ਪ੍ਰਸਾਸ਼ਨ ਨਾਲ ਸਿੱਧਾ ਰਾਬਤਾ ਕਰ ਸਕਦੇ ਹਨ। ਉਨਾਂ ਮੁੜ ਭਰੋਸਾ ਪ੍ਰਗਟਾਇਆ ਕਿ ਕਿਸੇ ਵੀ ਮਰੀਜ਼ ਨੂੰ ਖੂਨ ਦੀ ਕਮੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ।