![]()
ਵਿਰੋਧੀ ਪਾਰਟੀਆਂ ਸਲਾਹਾਂ ਦੇਣ ਦੀ ਬਿਜਾਏ ਨਸ਼ਿਆਂ ਖ਼ਿਲਾਫ਼ ਕੰਮ ਕਰਕੇ ਦਿਖਾਉਣ

ਲੁਧਿਆਣਾ, 8 ਜੁਲਾਈ ( ਸਤ ਪਾਲ ਸੋਨੀ ) : ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਸੂਬੇ ਦੇ ਹਰੇਕ ਵਰਗ ਦੇ ਲੋਕਾਂ ਨੂੰ ਸਰੀਰਕ ਅਤੇ ਤੰਦਰੁਸਤ ਕਰਨ ਲਈ ਯਤਨ ਕੀਤੇ ਜਾ ਰਹੇ ਹਨ। ਇਸੇ ਲਡ਼ੀ ਤਹਿਤ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਵਿੱਚੋਂ ਕੱਢਣ ਲਈ ਸੂਬੇ ਵਿੱਚ ਵਿਆਪਕ ਨਸ਼ਾ ਛੁਡਾਊ ਮੁਹਿੰਮ ਵੱਡੇ ਪੱਧਰ ‘ਤੇ ਛੇਡ਼ੀ ਹੋਈ ਹੈ, ਜਿਸ ਨੂੰ ਹੁਣ ਦਿਨੋਂ ਦਿਨ ਸਫ਼ਲਤਾ ਮਿਲਣ ਲੱਗੀ ਹੈ। ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨਾਂ ਦੇ ਚੱਲਦਿਆਂ ਸੂਬੇ ਵਿੱਚ ਨਸ਼ਾ ਵਿਰੋਧੀ ਮਾਹੌਲ ਸਿਰਜਿਆ ਜਾ ਚੁੱਕਾ ਹੈ ਅਤੇ ਨੌਜਵਾਨ ਆਪ ਮੁਹਾਰੇ ਨਸ਼ਾ ਛੱਡਣ ਲਈ ਅੱਗੇ ਆਉਣ ਲੱਗੇ ਹਨ। ਲੋਕ ਸਭਾ ਮੈਂਬਰ ਸ੍ਰ. ਰਵਨੀਤ ਸਿੰਘ ਬਿੱਟੂ ਦੀ ਪ੍ਰੇਰਨਾ ਦੇ ਸਦਕਾ ਅੱਜ ਵਿਧਾਨ ਸਭਾ ਹਲਕਾ ਦਾਖਾ ਦੇ 9 ਨੌਜਵਾਨਾਂ ਨੇ ਨਸ਼ਾ ਛੱਡ ਕੇ ਸਿਹਤਮੰਦ ਜੀਵਨ ਅਪਨਾਉਣ ਦਾ ਫੈਸਲਾ ਕੀਤਾ ਹੈ, ਜੋ ਕਿ ਹੋਰ ਨੌਜਵਾਨਾਂ ਲਈ ਵੀ ਪ੍ਰੇਰਨਾਦਾਇਕ ਹੈ।
ਸਥਾਨਕ ਸਿਵਲ ਹਸਪਤਾਲ ਦੇ ਨਸ਼ਾ ਛੁਡਾਊ ਕੇਂਦਰ ਵਿਖੇ ਇਹ ਜਾਣਕਾਰੀ ਦਿੰਦਿਆਂ ਰਵਨੀਤ ਸਿੰਘ ਬਿੱਟੂ ਨੇ ਦੱਸਿਆ ਕਿ ਅੱਜ ਉਹ ਹਲਕਾ ਦਾਖਾ ਦੇ ਵੱਖ-ਵੱਖ ਪਿੰਡਾਂ ਵਿੱਚ ਲੋਕਾਂ ਨਾਲ ਵਿਚਰ ਰਹੇ ਸਨ ਤਾਂ ਮੁੱਲਾਂਪੁਰ ਵਿਖੇ 5 ਨੌਜਵਾਨਾਂ ਨੇ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਨਸ਼ਾ ਮੁਕਤੀ ਮੁਹਿੰੰਮ ਤਹਿਤ ਇਲਾਜ ਕਰਾਉਣ ਦੀ ਇੱਛਾ ਪ੍ਰਗਟ ਕੀਤੀ। ਜਿਸ ‘ਤੇ ਉਨਾਂ ਤੁਰੰਤ ਉਨਾਂ ਦੇ ਮਾਪਿਆਂ ਨੂੰ ਭਰੋਸੇ ਵਿੱਚ ਲੈ ਕੇ ਸਿਵਲ ਹਸਪਤਾਲ ਲੁਧਿਆਣਾ ਨੂੰ ਹਦਾਇਤ ਕੀਤੀ ਕਿ ਇਨਾਂ ਨੌਜਵਾਨਾਂ ਦਾ ਇਲਾਜ਼ ਸ਼ੁਰੂ ਕੀਤਾ ਜਾਵੇ। ਇਨਾਂ ਨੌਜਵਾਨਾਂ ਤੋਂ ਹੀ ਪ੍ਰੇਰਨਾ ਲੈਂਦੇ ਹੋਏ ਪਿੰਡ ਜਾਂਗਪੁਰ ਦੇ 4 ਹੋਰ ਨੌਜਵਾਨਾਂ ਨੇ ਵੀ ਸਿਹਤਮੰਦ ਸਮਾਜ ਦਾ ਹਿੱਸਾ ਬਣਕੇ ਸੂਬੇ ਦੇ ਵਿਕਾਸ ਵਿੱਚ ਯੋਗਦਾਨ ਪਾਉਣ ਦੀ ਹਾਮੀ ਭਰੀ।ਉਨਾਂ ਨੂੰ ਵੀ ਅੱਜ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ।
. ਬਿੱਟੂ ਇਨਾਂ ਨੌਜਵਾਨਾਂ ਨੂੰ ਇਲਾਜ਼ ਲਈ ਭਰਤੀ ਕਰਾਉਣ ਲਈ ਖੁਦ ਹਸਪਤਾਲ ਪੁੱਜੇ। ਇਸ ਮੌਕੇ ਉਨਾਂ ਨਾਲ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਜ਼ਿਲਾ ਕਾਂਗਰਸ ਪਾਰਟੀ (ਦਿਹਾਤੀ) ਦੇ ਪ੍ਰਧਾਨ ਗੁਰਦੇਵ ਸਿੰਘ ਲਾਪਰਾਂ ਅਤੇ ਉਨਾਂ ਦੇ ਨਿੱਜੀ ਸਹਾਇਕ ਸ੍ਰ. ਹਰਜਿੰਦਰ ਸਿੰਘ ਢੀਂਡਸਾ ਵੀ ਹਾਜ਼ਰ ਸਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਿੱਟੂ ਨੇ ਕਿਹਾ ਕਿ ਉਹ ਇਨਾਂ ਨੌਜਵਾਨਾਂ ਨੂੰ ਨਸ਼ਾਮੁਕਤ ਕਰਾਉਣ ਲਈ ਹਰ ਤਰਾਂ ਦਾ ਸਹਿਯੋਗ ਦੇਣਗੇ। ਉਨਾਂ ਕਿਹਾ ਕਿ ਇਨਾਂ ਨੂੰ ਫ਼ਲ, ਕੱਪਡ਼ੇ, ਦਵਾਈਆਂ ਅਤੇ ਹੋਰ ਸਮੱਗਰੀ ਮੁਹੱਈਆ ਕਰਵਾਈ ਜਾਵੇਗੀ। ਉਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਨੌਜਵਾਨਾਂ ਨੂੰ ਨਸ਼ਾਮੁਕਤ ਕਰਾਉਣ ਲਈ ਆਪਣਾ ਸਹਿਯੋਗ ਕਰਨ। ਨਸ਼ਾ ਛੁਡਾਊ ਕੇਂਦਰਾਂ ਵਿੱਚ ਭਰਤੀ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਲਈ ਲੋਕ ਉਨਾਂ ਨੂੰ ਉਨਾਂ ਲਈ ਜ਼ਰੂਰਤ ਵਸਤਾਂ ਪਹੁੰਚਦੀਆਂ ਕਰਨ ਤਾਂ ਜੋ ਉਹ ਮਾਨਸਿਕ ਤੌਰ ‘ਤੇ ਬਲਵਾਨ ਹੋਣ।
ਪੱਤਰਕਾਰਾਂ ਵੱਲੋਂ ਪੁੱਛੇ ਜਾਣ ‘ਤੇ ਉਨਾਂ ਵਿਰੋਧੀ ਧਿਰਾਂ ਨੂੰ ਕਿਹਾ ਕਿ ਉਹ ਪੰਜਾਬ ਸਰਕਾਰ ਨੂੰ ਸਲਾਹਾਂ ਦੇਣ ਦੀ ਬਿਜਾਏ ਨਸ਼ੇ ਨੂੰ ਰੋਕਣ ਲਈ ਕੰਮ ਕਰਕੇ ਦਿਖਾਉਣ। ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਵੱਲੋਂ ਪੰਜਾਬ ਪੁਲਿਸ ਮੁੱਖੀ ਨੂੰ ਛੁੱਟੀ ‘ਤੇ ਭੇਜਣ ਬਾਰੇ ਬਿਆਨ ‘ਤੇ ਉਨਾਂ ਕਿਹਾ ਕਿ ਪੰਜਾਬ ਸਰਕਾਰ ਖਹਿਰਾ ਦੀ ਮੁਤਾਬਿਕ ਨਹੀਂ ਚੱਲੇਗੀ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਨੂੰ ਨਸ਼ਾਮੁਕਤ ਕਰਨ ਲਈ ਸਰਕਾਰ ਦਾ ਸਹਿਯੋਗ ਦੇਣ। ਜੇਕਰ ਉਨਾਂ ਦੇ ਧਿਆਨ ਵਿੱਚ ਕੋਈ ਨਸ਼ਾ ਕਾਰੋਬਾਰੀ ਹੈ ਤਾਂ ਉਸ ਬਾਰੇ ਪੁਲਿਸ ਨੂੰ ਗੁਪਤ ਸੂਚਨਾ ਦਿੱਤੀ ਜਾਵੇ। ਇਸ ਮੌਕੇ ਉਨਾਂ ਡਾਕਟਰਾਂ ਨੂੰ ਇਲਾਜ਼ ਸੰਬੰਧੀ ਹਦਾਇਤਾਂ ਵੀ ਜਾਰੀ ਕੀਤੀਆਂ।