![]()
ਨਸ਼ਿਆਂ ਨਾਲ ਤਬਾਹੀ ਸਭ ਦੀ ਲਾਪਰਵਾਹੀ –ਸੁਰਿੰਦਰ ਸ਼ਿੰਦਾ

ਨਸ਼ਿਆਂ ਦੇ ਕੋਹੜ ਤੋਂ ਮੁਕਤੀ ਲਈ ਇਸ ਨੂੰ ਕੌਮੀ ਆਫਤ ਵਾਂਗ ਨਜਿੱਠੋ– ਜੱਸੀ
ਲੁਧਿਆਣਾ 7 ਜੁਲਾਈ ( ਸਤ ਪਾਲ ਸੋਨੀ ) :ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪਰਧਾਨ ਤੇ ਨਸ਼ਾ ਖ਼ੋਰੀ ਵਿਰੁੱਧ ਪੂਰੀ ਉਮਰ ਕਰਮਸ਼ੀਲ ਰਹੇ ਪੰਜਾਬੀ ਲੇਖਕ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਕਿਹਾ ਹੈ ਕਿ ਭਾਵੇ ਨਸ਼ਾਖੋਰੀ ਵਿਸ਼ਵ ਵਿਆਪੀ ਵਰਤਾਰਾ ਹੈ ਪਰ ਪੰਜਾਬ ਚ ਹੁਣ ਕੁਦਰਤੀ ਨਸ਼ਿਆਂ ਤੋਂ ਰਸਾਇਣਕ ਨਸ਼ਿਆਂ ਤੀਕ ਦਾ ਸਫ਼ਰ ਹੀ ਅਸਲ ਚ ਤੁਰੰਤ ਮੌਤਾਂ ਦਾ ਸਫ਼ਰ ਬਣਿਆ ਹੈ।
ਉਨ੍ਹਾਂ ਅੱਜ ਆਪਣੇ ਘਰ ਚ ਕਲਾਕਾਰਾਂ, ਬੁੱਧੀਜੀਵੀਆਂ ਤੇ ਲੇਖਕਾਂ ਦੀ ਸੰਖੇਪ ਪਰ ਪ੍ਰਭਾਵਂਸਾਲੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਵਾਨੀ ਨੂੰਇਹ ਸਮਝਾਉਣ ਦੀ ਲੋੜ ਹੈ ਕਿ ਘੜੀ ਪਲ ਦੇ ਹੁਲਾਰੇ ਤੇ ਖ਼ੁਮਾਰੀ ਅੱਗੇ ਮੌਤ ਮੂੰਹ ਅੱਡੀ ਖੜੀ ਹੈ, ਨਸ਼ਾ ਕਰਨ ਵਾਲੇ ਨੂੰ ਇਲਮ ਹੋਣ ਦੇ ਬਾਵਜੂਦ ਨਸ਼ਾ ਖਿੱਚਾਂ ਪਾਉਂਦਾ ਹੈ, ਇਸ ਦੇ ਮਨੋਵਿਗਿਆਨਕ ਕਾਰਨਾਂ ਦਾ ਪਤਾ ਲਾਉਣ ਲਈ ਸਮਾਜ ਸ਼ਾਸਤਰੀਆਂ, ਮਨੋਵਿਗਿਆਨੀਆਂ ਤੇ ਸਰਗਰਮ ਸਮਾਜਿਕ ਕਾਰਕੁਨਾਂ ਦੀ ਰਾਜ ਪੱਧਰੀ ਕਮੇਟੀ ਬਣਾ ਕੇ ਸਰਬ ਦਲੀ ਮੀਟਿੰਗ ਚ ਲੰਮੀ ਮਿਆਦ ਦੀ ਕਾਰਜ ਯੋਜਨਾ ਉਲੀਕਣੀ ਚਾਹੀਦੀ ਹੈ।ਨਸ਼ਾਖ਼ੋਰੀ ਦੇ ਖਿਲਾਫ਼ ਲਗਾਤਾਰ ਕੰਮ ਕਰਨ ਵਾਲੇ ਸੁਚੇਤ ਪੁਲੀਸ ਅਧਿਕਾਰੀਆਂ ਨੂੰ ਵੀ ਵਿਸ਼ੇਸ਼ ਕਾਰਜ ਅਧਿਕਾਰੀ ਬਣਾਉਣਾ ਚਾਹੀਦਾ ਹੈ।
ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਪਰਧਾਨ ਪ੍ਰੋ: ਰਵਿੰਦਰ ਸਿੰਘ ਭੱਠਲ ਨੇ ਕਿਹਾ ਕਿ ਨਸ਼ਾ ਮੁਕਤੀ ਲਈ ਵੱਖ ਵੱਖ ਸਮੇਂ ਦੀਆਂ ਸਰਕਾਰਾਂ ਦੀ ਢਿੱਲੀ ਪਹੁੰਚ ਵੱਡੇ ਨਸ਼ਾ ਕਾਰੋਬਾਰ ਨੂੰ ਜਨਮ ਦੇ ਚੁਕੀ ਹੈ। ਜਿੰਨ੍ਹਾਂ ਨੇ ਰੋਕਣਾ ਸੀ, ਉਹ ਹੀ ਹੌਲੀ ਹੌਲੀ ਕਾਲੀਆਂ ਭੇਡਾਂ ਚ ਸ਼ਾਮਿਲ ਹੋ ਰਹੇ ਨੇ।ਉੱਘੇ ਲੋਕ ਗਾਇਕ ਸੁਰਿੰਦਰ ਸ਼ਿੰਦਾ ਨੇ ਕਿਹਾ ਕਿ ਮਾਵਾਂ ,ਧੀਆਂ, ਭੈਣਾਂ ਦੇ ਵਿਰਲਾਪ ਨੇ ਹੁਣ ਸਭ ਧਿਰਾਂ ਨੂੰ ਹਲੂਣ ਜਗਾਇਆ ਹੈ, ਪਰ ਡਰ ਮਾਰਦਾ ਹੈ ਕਿ ਇਹ ਸਾਰਾ ਕੁਝ ਅਖ਼ਬਾਰੀ ਸੁਰਖ਼ੀਆਂ ਤੀਕ ਨਾ ਰਹਿ ਜਾਵੇ, ਸਗੋਂ ਨਿਰੰਤਰ ਪਹਿਰੇਦਾਰੀ ਨਾਲ ਪੱਕਾ ਬੰਨ੍ਹ ਬੱਝੇ। ਇਸ ਲਈ ਸਭ ਨੂੰ ਲਗਾਤਾਰ ਜਾਗਣਾ ਪਵੇਗਾ। ਨਸ਼ਿਆਂ ਨਾਲ ਤਬਾਹੀ ਸਭ ਦੀ ਲਾਪਰਵਾਹੀ ਦਾ ਨਤੀਜਾ ਹੈ।
ਪ੍ਰੋ: ਗੁਰਭਜਨ ਗਿੱਲ ਨੇ ਕਿਹਾ ਕਿ ਸਰਵੇਖਣ ਦੱਸਦਾ ਹੈ ਕਿ ਨਸ਼ੇ ਦੀ ਹੋਮ ਡਲਿਵਰੀ ਚ ਔਰਤਾਂ ਤੇ ਬੱਚੇ ਵੀ ਸ਼ਾਮਿਲ ਹੋ ਚੁਕੇ ਹਨ, ਇਹ ਹੋਰ ਵੀ ਖ਼ਤਰਨਾਕ ਵਰਤਾਰਾ ਹੈ। ਇਸ ਨਾਲ ਸਿੱਝਣ ਲਈ ਸਾਫ਼ ਨੀਅਤ ਤੇ ਸਪਸ਼ਟ ਨੀਤੀ ਹੋਵੇ ਤਾਂ ਇਸਨੂੰ ਸਭ ਧਿਰਾਂ ਦੇ ਸਹਿਯੋਗ ਨਾਲ ਨਜਿੱਠਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਨਸ਼ਾ ਵਣਜਾਰਿਆਂ ਦੀ ਸਮੁੱਚੀ ਜਾਇਦਾਦ ਕੁਰਕ ਕਰਕੇ ਰਾਜ ਸਰਕਾਰ ਕੋਲ ਚਲੀ ਜਾਣੀ ਚਾਹੀਦੀ ਹੈ ਤਾਂ ਜੋ ਉਹ ਜਾਂ ਤਾਂ ਜੇਲ੍ਹ ਚ ਸੜੇ ਜਾਂ ਭੁੱਖਾ ਮਰੇ। ਵੱਡੀਆਂ ਮੱਛੀਆਂ ਨੂੰ ਹੱਥ ਪਾਏ ਬਿਨ ਸਹੀ ਨਤੀਜਾ ਨਹੀਂ ਮਿਲਣਾ। ਪੂੰਗ ਆਪੇ ਮਰ ਜਾਵੇਗਾ।
ਜਸਬੀਰ ਜੱਸੀ ਨੇ ਕਿਹਾ ਕਿ ਹੁਣ ਇਸਨੂੰ ਕੌਮੀ ਆਫ਼ਤ ਵਾਂਗ ਨਜਿੱਠਣ ਦੀ ਲੋੜ ਹੈ।ਉਨ੍ਹਾਂ ਕਿਹਾ ਕਿ ਨਸ਼ਾਖੋਰੀ ਰੋਕਣ ਵਾਲੀਆਂ ਧਾਰਮਿਕ ਸੰਸਥਾਵਾਂ ਨੂੰ ਵੀ ਹੋਰ ਸਰਗਰਮ ਹੋਣਾ ਚਾਹੀਦਾ ਹੈ।ਉਨ੍ਹਾਂ ਇਸ ਮੌਕੇ ਗੁਰਭਜਨ ਗਿੱਲ ਦਾ ਨਸ਼ਿਆਂ ਖਿਲਾਫ ਲਿਖਿਆ ਗੀਤ‘ਪੁੱਤ ਪੰਜ ਦਰਿਆਵਾਂ ਦੇ ਭਲਾ ਕਿਉਂ ਨਸ਼ਿਆਂ ਜੋਗੇ ਰਹਿ ਗਏ ਮਾਏ ਵਰਜ ਨੀ ਪੁੱਤਰਾਂ ਨੂੰ, ਇਹ ਤਾਂ ਰਾਹ ਸਿਵਿਆਂ ਦੇ ਪੈ ਗਏ’ਵੀ ਸੋਸ਼ਲ ਮੀਡੀਆ ਤੇ ਯੂ ਟਿਊਬ ਤੇ ਲੋਕ ਅਰਪਨ ਕੀਤਾ। ਇਸ ਮੌਕੇ ਗੁਰਭਜਨ ਗਿੱਲ ਪਰਿਵਾਰ ਵੱਲੋਂ ਸੁਰਿੰਦਰ ਸ਼ਿੰਦਾ ਤੇ ਜਸਬੀਰ ਜੱਸੀ ਨੂੰ ਪੁਸਤਕਾਂ ਦਾ ਸੈੱਟ ਭੇਂਟ ਕੀਤਾ।