ਲੁਧਿਆਣਾ ਸਥਿਤ ਨਸ਼ਾ ਛੁਡਾਊ ਕੇਂਦਰ ਹੋਇਆ ਅਪਗ੍ਰੇਡ

Loading

 

ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬ੍ਰਹਮ ਮਹਿੰਦਰਾ ਨੇ ਕੀਤਾ ਸਪਲੀਮੈਂਟਰੀ ਵਾਰਡ ਦਾ ਉਦਘਾਟਨ
ਸੂਬੇ ਵਿੱਚੋਂ ਨਸ਼ੇ ਦੀ ਜਡ਼ ਖ਼ਤਮ ਕਰਨ ਲਈ ਵਚਨਬੱਧਤਾ ਦੁਹਰਾਈ
ਲੁਧਿਆਣਾ, 13 ਅਗਸਤ ( ਸਤ ਪਾਲ ਸੋਨੀ ) : ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਲੁਧਿਆਣਾ ਦੇ ਸਿਵਲ ਹਸਪਤਾਲ ਸਥਿਤ ਨਸ਼ਾ ਛੁਡਾਊ ਕੇਂਦਰ ਨੂੰ ਅਪਗ੍ਰੇਡ ਕਰ ਦਿੱਤਾ ਗਿਆ ਹੈ। 10 ਬਿਸਤਰਿਆਂ ਤੋਂ 50 ਬਿਸਤਰਿਆਂ ਦੀ ਸਹੂਲਤ ਨਾਲ ਲੈੱਸ ਕਰਨ ਉਪਰੰਤ ਇਸ ਕੇਂਦਰ ਦੇ ਸਪਲੀਮੈਂਟਰੀ ਵਾਰਡ ਦਾ ਉਦਘਾਟਨ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ  ਬ੍ਰਹਮ ਮਹਿੰਦਰਾ ਨੇ ਅੱਜ ਕੀਤਾ।
ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਮਹਿੰਦਰਾ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚੋਂ ਨਸ਼ੇ ਦੀ ਜਡ਼ ਖ਼ਤਮ ਕਰਨ ਲਈ ਪੂਰੀ ਤਰਾਂ ਵਚਨਬੱਧ ਹੈ। ਇਸ ਲਈ ਸੂਬੇ ਵਿੱਚ ਨਸ਼ਾ ਛੁਡਾਊ ਕੇਂਦਰਾਂ ਨੂੰ ਬੁਨਿਆਦੀ ਅਤੇ ਹੋਰ ਪੱਖਾਂ ਤੋਂ ਵਧੇਰੇ ਮਜ਼ਬੂਤ ਕੀਤਾ ਜਾ ਰਿਹਾ ਹੈ। ਜਿਸ ਕਾਰਨ ਵੱਡੀ ਗਿਣਤੀ ਵਿੱਚ ਨਸ਼ਾ ਛੱਡਣ ਦੇ ਚਾਹਵਾਨ ਲੋਕ ਖੁਦ ਨਸ਼ਾ ਛੁਡਾਊ ਕੇਂਦਰਾਂ ਤੱਕ ਪਹੁੰਚ ਕਰਨ ਲੱਗੇ ਹਨ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਾ ਛੁਡਾਉਣ ਲਈ ਲੋਕਾਂ ਨੂੰ ਮੁਫ਼ਤ ਇਲਾਜ ਦੀ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ। ਸੂਬੇ ਵਿੱਚ ਕਈ ਆਊਟਪੇਸ਼ੈਂਟ ਓਪੀਆਡ ਅਸਿਸਟੈੱਡ ਟਰੀਟਮੈਂਟ (ਓਟ) ਸੈਂਟਰ ਚਲਾਏ ਜਾ ਰਹੇ ਹਨ। ਜਿੱਥੇ ਕਿ ਸਿੱਖਿਅਤ ਡਾਕਟਰਾਂ ਦੀ ਨਿਗਰਾਨੀ ਵਿੱਚ ਲੋਡ਼ਵੰਦਾਂ ਨੂੰ ਦਵਾਈ ਦੇ ਕੇ ਇਲਾਜ਼ ਕੀਤਾ ਜਾ ਰਿਹਾ ਹੈ। ਲੋਕ ਇਨਾਂ ਦਾ ਭਰਪੂਰ ਲਾਭ ਲੈ ਰਹੇ ਹਨ।
ਇਸ ਤੋਂ ਪਹਿਲਾਂ ਸ੍ਰੀ ਮਹਿੰਦਰਾ ਨੇ ਵਿਸ਼ਵ ਅੰਗਦਾਨ ਦਿਵਸ ਮੌਕੇ ਸਥਾਨਕ ਚੰਡੀਗਡ਼ ਸਡ਼ਕ ਸਥਿਤ ਅਈਕਈ ਹਸਪਤਾਲ ਵਿਖੇ ਕਰਵਾਏ ਗਏ ਰਾਜ ਪੱਧਰੀ ਸਮਾਗਮ ਵਿੱਚ ਸ਼ਿਰਕਤ ਕੀਤੀ। ਇਹ ਸਮਾਗਮ ਮਿਸ਼ਨ ਤੰਦਰੁਸਤ ਪੰਜਾਬ ਦੀ ਸਫ਼ਲਤਾ ਲਈ ਗੈਰ ਸਰਕਾਰੀ ਸੰਸਥਾ ਗਲੋਡਸ ਦੇ ਸਹਿਯੋਗ ਨਾਲ ਕੀਤਾ ਗਿਆ ਸੀ। ਇਥੇ ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਮਹਿੰਦਰਾ ਨੇ ਕਿਹਾ ਕਿ 13 ਅਗਸਤ ਦਿਨ ਸਾਨੂੰ ਇੱਕ ਮੌਕਾ ਦਿੰਦਾ ਹੈ ਕਿ ਅਸੀਂ ਅੰਗਦਾਨ ਕਰਕੇ ਲੋਡ਼ਵੰਦਾਂ ਨੂੰ ਜੀਵਨ ਪ੍ਰਦਾਨ ਕਰਨ ਲਈ ਅੱਗੇ ਆਈਏ। ਉਨਾਂ ਕਿਹਾ ਕਿ ਬਡ਼ੇ ਦੀ ਦੁੱਖ ਦੀ ਗੱਲ ਹੈ ਕਿ ਹਰ ਸਾਲ 5 ਲੱਖ ਲੋਕ ਅੰਗਾਂ ਦੀ ਘਾਟ ਕਾਰਨ ਮਰ ਜਾਂਦੇ ਹਨ। ਇਸ ਮੌਕੇ ਸਿਹਤ ਮੰਤਰੀ ਸਮੇਤ ਸਮੂਹ ਪ੍ਰਮੁੱਖ ਸਖ਼ਸ਼ੀਅਤਾਂ ਨੇ ਅੰਗਦਾਨ ਸੰਬੰਧੀ ਸਹੁੰ ਵੀ ਚੁੱਕੀ ਅਤੇ ਅੰਗਦਾਨ ਨੂੰ ਉਤਸ਼ਾਹਿਤ ਕਰਨ ਲਈ ਦੌਡ਼ ਵੀ ਸ਼ੁਰੂ ਕਰਵਾਈ ਗਈ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਧਾਇਕ  ਸੁਰਿੰਦਰ ਡਾਬਰ, ਵਿਧਾਇਕ ਸੰਜੇ ਤਲਵਾਡ਼, ਵਿਧਾਇਕ ਗੁਰਕੀਰਤ ਸਿੰਘ ਕੋਟਲੀ, ਗਾਇਕ ਸਰਦੂਲ ਸਿਕੰਦਰ ਅਤੇ ਅਮਰ ਨੂਰੀ, ਐਡਵੋਕੇਟ  ਹਰਪ੍ਰੀਤ ਸਿੰਘ ਸੰਧੂ, ਸਿਵਲ ਸਰਜਨ ਡਾ. ਪਰਵਿੰਦਰਪਾਲ ਸਿੰਘ, ਅਈਕਈ ਹਸਪਤਾਲ ਦੇ ਚੇਅਰਮੈਨ ਅਤੇ ਗਲੋਡਸ ਸੰਸਥਾ ਦੇ ਪ੍ਰਧਾਨ ਡਾ. ਬਲਦੇਵ ਸਿੰਘ ਔਲਖ ਅਤੇ ਹੋਰ ਹਾਜ਼ਰ ਸਨ।

23650cookie-checkਲੁਧਿਆਣਾ ਸਥਿਤ ਨਸ਼ਾ ਛੁਡਾਊ ਕੇਂਦਰ ਹੋਇਆ ਅਪਗ੍ਰੇਡ

Leave a Reply

Your email address will not be published. Required fields are marked *

error: Content is protected !!