![]()

ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਮੁਹੱਈਆ ਕਰਵਾਈ 4.63 ਕਰੋੜ ਰੁਪਏ ਦੀ ਗਰਾਂਟ
ਲੁਧਿਆਣਾ, 1 ਜੂਨ ( ਸਤ ਪਾਲ ਸੋਨੀ ) : ਹਰੀਆਂ-ਭਰੀਆਂ ਪਾਰਕਾਂ ਅਤੇ ਤਾਜੀ ਹਵਾ ਵਿੱਚ ਨੀਲੇ ਆਸਮਾਨ ਹੇਠ ਸਰੀਰਕ ਕਸਰਤ ਕਰਨ ਪ੍ਰਤੀ ਸ਼ਹਿਰ ਲੁਧਿਆਣਾ ਵਾਸੀਆਂ ਦਾ ਰੁਝਾਨ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ। ਲੋਕਾਂ ਦੇ ਇਸੇ ਸ਼ੌਂਕ ਨੂੰ ਪ੍ਰਵਾਨ ਚੜਾਉਣ ਦੇ ਮੰਤਵ ਨਾਲ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਵੱਲੋਂ 4.63 ਕਰੋੜ ਦੀ ਗਰਾਂਟ ਮੁਹੱਈਆ ਕਰਵਾਈ ਗਈ ਹੈ, ਜਿਸ ਨਾਲ ਜਿਲਾ ਲੁਧਿਆਣਾ ਦੀਆਂ ਪਾਰਕਾਂ ਵਿੱਚ 79 ਨਵੇਂ ਓਪਨ ਏਅਰ ਜਿੰਮਨੇਜੀਅਮ ਖੋਲੇ ਜਾ ਰਹੇ ਹਨ।

ਹਰੇਕ ਸਹੂਲਤ ਨਾਲ ਲੈੱਸ ਲਗਾਏ ਜਾ ਰਹੇ ਇਨਾਂ ਜਿੰਮਾਂ ਵਿੱਚ 20 ਤਰਾਂ ਦੀਆਂ ਮਸ਼ੀਨਾਂ, ਜੋ ਕਿ ਹਰੇਕ ਵਿਅਕਤੀ ਆਸਾਨੀ ਨਾਲ ਵਰਤ ਸਕਦਾ ਹੈ, ਲਗਾਈਆਂ ਜਾਂਦੀਆਂ ਹਨ। ਇਨਾਂ ਮਸ਼ੀਨਾਂ ਵਿੱਚ ਏਅਰ ਵਾਕਰ, ਲੈੱਗ ਸ਼ੇਪਰ, ਐੱਬਸ ਸ਼ੇਪਰ, ਚੈੱਸਟ ਸ਼ੇਪਰ, ਚੈੱਸਟ ਪ੍ਰੈੱਸ, ਸ਼ੋਲਡਰ ਸ਼ੇਪਰ, ਬਾਡੀ ਸ਼ੇਪਰ, ਬੈਕ ਐਂਡ ਵੇਸਟ ਰਿਲੈਕਸਰ, ਸ਼ੋਲਡਰ ਵ੍ਹੀਲ, ਡਬਲ ਸਕਾਈਰ, ਬੈਕ ਸ਼ੇਪਰ, ਵੇਸਟ ਸ਼ੇਪਰ, ਦਾ ਹੌਰਸ, ਪੈਰੇਲਲ ਬਾਰਜ਼, ਨੀ ਚੇਅਰ, ਡੰਬਲ ਵਾਲੇ ਪੋਲ, ਸਾਈਕਲ, ਟ੍ਰਿਪਲ ਟਵਿੱਸਟਰ, ਹਿੱਪ ਟਵਿੱਸਟਰ ਐਂਡ ਸਟੀਪਰ, ਸਿੰਗਲ ਸਕਾਈਰ ਅਤੇ ਹੋਰ ਸ਼ਾਮਿਲ ਹਨ।
ਦੱਸਣਯੋਗ ਹੈ ਕਿ ਲੁਧਿਆਣਾ ਦੇ ਰੱਖ਼ ਬਾਗ ਅਤੇ ਰੋਜ਼ ਗਾਰਡਨ ਪਾਰਕਾਂ ਵਿੱਚ ਇਹ ਓਪਨ ਏਅਰ ਜਿੰਮ ਲਗਾਏ ਜਾ ਚੁੱਕੇ ਹਨ ਅਤੇ ਇਨਾਂ ਦਾ ਸਥਾਨਕ ਲੋਕ ਭਰਪੂਰ ਲਾਭ ਲੈ ਰਹੇ ਹਨ। ਜਿਲਾ ਖੇਡ ਵਿਭਾਗ ਨੂੰ 79 ਓਪਨ ਏਅਰ ਜਿੰਮਾਂ ਦਾ ਸਮਾਨ ਪ੍ਰਾਪਤ ਹੋ ਚੁੱਕਾ ਹੈ, ਜੋ ਕਿ ਲੋਕਾਂ ਦੀ ਮੰਗ ਉੱਤੇ ਧੜਾਧੜ੍ਹ ਪਾਰਕਾਂ ਵਿੱਚ ਸਥਾਪਤ ਕੀਤਾ ਜਾ ਰਿਹਾ ਹੈ, ਤਾਂ ਜੋ ਲੋਕ ਇਸਦਾ ਭਰਪੂਰ ਲਾਭ ਲੈ ਸਕਣ। ਇਨਾਂ ਪਾਰਕਾਂ ਅਤੇ ਜਿੰਮਾਂ ਨੂੰ ਸੰਭਾਲਣ ਦੀ ਜਿੰਮੇਵਾਰੀ ਨਗਰ ਨਿਗਮ ਲੁਧਿਆਣਾ, ਗਲਾਡਾ ਅਤੇ ਸੰਬੰਧਤ ਨਗਰ ਕੌਂਸਲਾਂ ਆਦਿ ਦੀ ਲਗਾਈ ਗਈ ਹੈ।
ਇਨਾਂ ਪਾਰਕਾਂ ਨੂੰ ਇੱਕ ਸੱਚ ਹੋਏ ਸੁਪਨੇ ਵਾਂਗ ਦੇਖਣ ਵਾਲੇ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਓਪਨ ਏਅਰ ਜਿੰਮ ਪਾਰਕਾਂ ਵਿੱਚ ਸਥਾਪਤ ਕਰਨ ਪਿੱਛੇ ਉਨਾਂ ਦੀ ਇੱਕੋ ਇੱਕ ਮਨਸ਼ਾ ਸੀ ਕਿ ਕਿਵੇਂ ਨਾ ਕਿਵੇਂ ਨੌਜਵਾਨਾਂ ਅਤੇ ਔਰਤਾਂ ਨੂੰ ਪਾਰਕਾਂ ਅਤੇ ਸਰੀਰਕ ਤੰਦਰੁਸਤੀ ਵੱਲ ਖਿੱਚਿਆ ਜਾਵੇ। ਇਸ ਮਨਸ਼ਾ ਵਿੱਚ ਉਹ ਸਫ਼ਲ ਵੀ ਰਹੇ ਹਨ। ਹੁਣ ਲੋਕ ਪਾਰਕਾਂ ਵਿੱਚ ਆਉਣ ਲੱਗੇ ਹਨ ਅਤੇ ਸਰੀਰਕ ਕਸਰਤ ਨੂੰ ਤਰਜੀਹ ਦੇਣ ਲੱਗੇ ਹਨ।
ਉਨਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਜਦੋਂ ਨੌਜਵਾਨ ਇਲੈਕਟ੍ਰੋਨਿਕ ਉਪਕਰਨਾਂ ਅਤੇ ਸੋਸ਼ਲ ਮੀਡੀਆ ਵਿੱਚ ਜਿਆਦਾ ਰੁੱਝੇ ਰਹਿੰਦੇ ਹਨ, ਉਸ ਕਾਰਨ ਇਹ ਜਿਆਦਾ ਜ਼ਰੂਰੀ ਹੋ ਜਾਂਦਾ ਹੈ ਕਿ ਉਹ ਆਪਣੇ ਸਰੀਰ ਅਤੇ ਮਾਨਸਿਕ ਤੰਦਰੁਸਤੀ ਵੱਲ ਧਿਆਨ ਦੇਣ। ਇਨ੍ਹਾਂ ਓਪਨ ਏਅਰ ਜਿੰਮਾਂ ਨਾਲ ਉਹ ਪਾਰਕਾਂ ਅਤੇ ਕਸਰਤ ਨਾਲ ਜੁੜਨ ਲੱਗੇ ਹਨ।
ਬਿੱਟੂ ਨੇ ਕਿਹਾ ਕਿ ਇਸ ਦਿਸ਼ਾ ਵਿੱਚ ਫੰਡਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਐੱਮ. ਪੀ. ਲੈਡ ਫੰਡ ਲੋੜ ਅਨੁਸਾਰ ਮੁਹੱਈਆ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਜਿਆਦਾਤਰ ਜਿੰਮ ਸਥਾਪਤ ਕਰ ਦਿੱਤੇ ਗਏ ਹਨ, ਜੋ ਬਾਕੀ ਰਹਿ ਗਏ ਹਨ, ਉਹ ਵੀ ਜਲਦ ਹੀ ਸਥਾਪਤ ਕਰ ਦਿੱਤੇ ਜਾਣਗੇ।