![]()

ਉੱਦਮੀਆਂ ਨੂੰ ਬਜ਼ਾਰੀਕਰਨ ਦੀ ਸਹੂਲਤ ਮੁਹੱਈਆ ਕਰਾਉਣ ਦਾ ਉਪਰਾਲਾ-ਡਿਪਟੀ ਕਮਿਸ਼ਨਰ
ਲੁਧਿਆਣਾ, 8 ਅਪ੍ਰੈਲ ( ਸਤ ਪਾਲ ਸੋਨੀ ) : ਕਿਸਾਨਾਂ ਵੱਲੋਂ ਬਣਾਏ ਸਵੈ-ਸਹਾਇਤਾ ਗਰੁੱਪਾਂ ਨੂੰ ਉਤਸ਼ਾਹਿਤ ਕਰਨ ਲਈ ਅਤੇ ਅਗਾਂਹਵਧੂ ਕਿਸਾਨਾਂ ਵੱਲੋਂ ਤਿਆਰ ਕੀਤੇ ਜਾਂਦੇ ਉਤਪਾਦਾਂ ਨੂੰ ਮੁਫ਼ਤ ਵਿੱਚ ਮਾਰਕੀਟਿੰਗ (ਬਜ਼ਾਰੀਕਰਨ) ਮੁਹੱਈਆ ਕਰਾਉਣ ਦੇ ਮਕਸਦ ਨਾਲ ਜ਼ਿਲਾ ਪ੍ਰਸਾਸ਼ਨ ਵੱਲੋਂ ਲੁਧਿਆਣਾ ਵਿਖੇ ਹਰ ਐਤਵਾਰ ‘ਆਤਮਾ ਕਿਸਾਨ ਬਾਜ਼ਾਰ’ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ। ਅੱਜ ਸਥਾਨਕ ਮੁੱਖ ਖੇਤੀਬਾਡ਼ੀ ਦਫ਼ਤਰ ਵਿਖੇ ਸਜਾਏ ਗਏ ਪਹਿਲੇ ਬਾਜ਼ਾਰ ਦਾ ਉਦਘਾਟਨ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਕੀਤਾ।
ਇਸ ਮੌਕੇ ਵੱਡੀ ਗਿਣਤੀ ਵਿੱਚ ਪੁੱਜੇ ਕਿਸਾਨਾਂ ਅਤੇ ਖਰੀਦਦਾਰਾਂ ਨੂੰ ਸੰਬੋਧਨ ਕਰਦਿਆਂ ਅਗਰਵਾਲ ਨੇ ਕਿਹਾ ਕਿ ‘ਆਤਮਾ ਕਿਸਾਨ ਬਾਜ਼ਾਰ’ ਦਾ ਮੁੱਖ ਮੰਤਵ ਆਤਮਾ ਸਕੀਮ ਅਧੀਨ ਰਜਿਸਟਰਡ ਸਵੈ-ਸਹਾਇਤਾ ਗਰੁੱਪਾਂ ਅਤੇ ਅਗਾਂਹਵਧੂ ਕਿਸਾਨਾਂ ਵੱਲੋਂ ਬਡ਼ੀ ਮਿਹਨਤ ਨਾਲ ਆਪਣੇ ਹੱਥੀਂ ਤਿਆਰ ਕੀਤੀਆਂ ਖੇਤੀਬਾਡ਼ੀ ਅਤੇ ਸਹਾਇਕ ਧੰਦਿਆਂ ਨਾਲ ਸੰਬੰਧਤ ਵਸਤਾਂ ਨੂੰ ਬਿਨਾਂ ਕਿਸੇ ਵਿਚੋਲੇ ਦੀ ਸਹਾਇਤਾ ਦੇ ਖਪਤਕਾਰਾਂ ਤੱਕ ਸਿੱਧਾ ਪਹੁੰਚਾਉਣਾ ਹੈ, ਤਾਂ ਕਿ ਉਨਾਂ ਵੱਲੋਂ ਕੀਤੀ ਜਾਂਦੀ ਮਿਹਨਤ ਦਾ ਸਹੀ ਮੁੱਲ ਮਿਲ ਸਕੇ।
ਉਨਾਂ ਦੱਸਿਆ ਕਿ ਇਸ ਬਾਜ਼ਾਰ ਵਿੱਚ ਕਿਸਾਨ ਆਪਣੇ ਹੱਥੀਂ ਤਿਆਰ ਕੀਤੀਆਂ ਵਸਤਾਂ, ਜਿਵੇਂਕਿ ਜਿਣਸਾਂ, ਸਬਜ਼ੀਆਂ, ਆਚਾਰ, ਸ਼ਹਿਦ, ਆਟਾ, ਦਾਲਾਂ ਅਤੇ ਹੋਰ ਉਤਪਾਦ ਲਿਆ ਕੇ ਵੇਚ ਸਕਣਗੇ। ਕਿਸਾਨਾਂ ਅਤੇ ਸਵੈ-ਸਹਾਇਤਾ ਗਰੁੱਪਾਂ ਨੂੰ ਆਪਣੀ ਸਟਾਲ ਲਗਾਉਣ ਦਾ ਕਿਸੇ ਵੀ ਕਿਸਮ ਦਾ ਕੋਈ ਕਿਰਾਇਆ ਨਹੀਂ ਦੇਣਾ ਪਵੇਗਾ। ਖ਼ਪਤਕਾਰ ਇਸ ਬਾਜ਼ਾਰ ਵਿੱਚੋਂ ਆਪਣੀ ਲੋਡ਼ ਦਾ ਸਮਾਨ ਸਸਤਾ ਅਤੇ ਵਧੀਆ ਖਰੀਦ ਸਕਣਗੇ। ਬਾਜ਼ਾਰ ਵਿੱਚ ਵਿਕਣ ਵਾਲਾ ਸਮਾਨ ਆਰਗੈਨਿਕ ਤਰੀਕੇ ਨਾਲ ਤਿਆਰ ਕੀਤਾ ਹੋਵੇਗਾ, ਜਿਸ ਨਾਲ ਆਮ ਲੋਕਾਂ ਦੀ ਸਿਹਤ ਨੂੰ ਵੀ ਕੋਈ ਨੁਕਸਾਨ ਨਹੀਂ ਹੋਵੇਗਾ। ਅਗਰਵਾਲ ਨੇ ਕਿਸਾਨਾਂ, ਸਵੈ-ਸਹਾਇਤਾ ਗਰੁੱਪਾਂ ਦੇ ਮੈਂਬਰਾਂ ਅਤੇ ਖ਼ਪਤਕਾਰਾਂ ਨੂੰ ਅਪੀਲ ਕੀਤੀ ਕਿ ਉਹ ਹਰ ਐਤਵਾਰ ਇਸ ਬਾਜ਼ਾਰ ਨੂੰ ਸਜਾਉਣ ਅਤੇ ਇਸਦਾ ਲਾਭ ਲੈਣ ਤਾਂ ਜੋ ਹਰੇਕ ਧਿਰ ਨੂੰ ਇਸ ਦਾ ਫਾਇਦਾ ਹੋਵੇ। ਉਨਾਂ ਕਿਹਾ ਕਿ ਜੇਕਰ ਇਹ ਬਾਜ਼ਾਰ ਸਫ਼ਲ ਰਹਿੰਦਾ ਹੈ ਤਾਂ ਜ਼ਿਲਾ ਲੁਧਿਆਣਾ ਦੇ ਹੋਰ ਖੇਤਰਾਂ ਵਿੱਚ ਵੀ ਅਜਿਹੇ ਬਾਜ਼ਾਰ ਸਥਾਪਤ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਉਨਾਂ ਉਮੀਦ ਜਤਾਈ ਕਿ ਇਸ ਉਪਰਾਲੇ ਨਾਲ ਕਿਸਾਨਾਂ ਅਤੇ ਉੱਦਮੀਆਂ ਨੂੰ ਆਪਣੇ ਉਤਪਾਦਾਂ ਨੂੰ ਵੇਚਣ ਲਈ ਵਧੀਆ ਮਾਰਕੀਟ ਮਿਲ ਸਕੇਗੀ।
ਇਸ ਮੌਕੇ ਆਤਮਾ ਵੱਲੋਂ ਕਿਸਾਨਾਂ ਨੂੰ ਵੱਖ-ਵੱਖ ਸਕੀਮਾਂ ਬਾਰੇ ਜਾਣਕਾਰੀ ਵੀ ਦਿੱਤੀ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੁੱਖ ਖੇਤੀਬਾਡ਼ੀ ਅਫ਼ਸਰ ਬਲਦੇਵ ਸਿੰਘ, ਆਤਮਾ ਵੱਲੋਂ ਡਾ. ਜੀ. ਐੱਸ. ਖੇਡ਼ਾ, ਨਾਬਾਰਡ ਦੇ ਡੀ. ਡੀ. ਐੱਮ., ਹੋਰ ਅਧਿਕਾਰੀ ਅਤੇ ਵੱਡੀ ਗਿਣਤੀ ਵਿੱਚ ਕਿਸਾਨ ਅਤੇ ਖ਼ਪਤਕਾਰ ਹਾਜ਼ਰ ਸਨ।