ਲੁਧਿਆਣਾ ਵਿਖੇ ਮਨਪ੍ਰੀਤ ਸਿੰਘ ਬਾਦਲ ਨੇ ਲਹਿਰਾਇਆ ਤਿਰੰਗਾ

Loading

ਅਜ਼ਾਦੀ ਘੁਲਾਟੀਏ ਪਰਿਵਾਰਾਂ ਅਤੇ 51 ਸਖ਼ਸ਼ੀਅਤਾਂ ਦਾ ਵਿਸ਼ੇਸ਼ ਸਨਮਾਨ
800 ਤੋਂ ਵਧੇਰੇ ਵਿਦਿਆਰਥੀਆਂ ਵੱਲੋਂ ਦੇਸ਼ ਭਗਤੀ ਦੀਆਂ ਪੇਸ਼ਕਾਰੀਆਂ

ਲੁਧਿਆਣਾ, 26 ਜਨਵਰੀ ( ਸਤ ਪਾਲ ਸੋਨੀ ) :  ਜ਼ਿਲਾ ਪੱਧਰੀ ਗਣਤੰਤਰ ਦਿਵਸ ਸਮਾਗਮ ਹਰ ਸਾਲ ਦੀ ਤਰਾਂ ਸਥਾਨਕ ਗੁਰੂ ਨਾਨਕ ਸਟੇਡੀਅਮ ਵਿਖੇ ਉਤਸ਼ਾਹ ਅਤੇ ਦੇਸ਼ ਭਗਤੀ ਦੀ ਭਾਵਨਾ ਨਾਲ ਮਨਾਇਆ ਗਿਆ। ਜਿਸ ਦੌਰਾਨ ਪੰਜਾਬ ਦੇ ਵਿੱਤ ਅਤੇ ਯੋਜਨਾ ਮੰਤਰੀ  ਮਨਪ੍ਰੀਤ ਸਿੰਘ ਬਾਦਲ ਨੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਅਤੇ ਮਾਰਚ ਪਾਸਟ ਤੋਂ ਸਲਾਮੀ ਲਈ। ਇਸ ਮੌਕੇ ਉਨਾਂ  ਨਾਲ ਡਿਪਟੀ ਕਮਿਸ਼ਨਰ  ਪ੍ਰਦੀਪ ਕੁਮਾਰ ਅਗਰਵਾਲ ਅਤੇ ਪੁਲਿਸ ਕਮਿਸ਼ਨਰ  ਆਰ. ਐੱਨ. ਢੋਕੇ ਵੀ ਹਾਜ਼ਰ ਸਨ।
ਮਾਰਚ ਪਾਸਟ ਦੀ ਅਗਵਾਈ ਪੀ. ਪੀ. ਐੱਸ. ਅਧਿਕਾਰੀ ਸ੍ਰੀ ਰਾਜਨ ਸ਼ਰਮਾ ਨੇ ਕੀਤੀ। ਵੱਖ-ਵੱਖ 13 ਪਰੇਡ ਟੁਕਡ਼ੀਆਂ ਵਿੱਚੋਂ ਪੰਜਾਬ ਪੁਲਿਸ ਦੀਆਂ ਸਾਰੀਆਂ ਟੁਕਡ਼ੀਆਂ ਦੀ ਅਗਵਾਈ ਮਹਿਲਾ ਪੁਲਿਸ ਅਧਿਕਾਰਨਾਂ ਨੇ ਕੀਤੀ, ਜੋ ਕਿ ਮਹਿਲਾ ਸਸ਼ਕਤੀਕਰਨ ਅਤੇ ਬੇਟੀ ਬਚਾਓ-ਬੇਟੀ ਪਡ਼ਾਓ ਦੇ ਨਾਅਰੇ ਨੂੰ ਬੁਲੰਦ ਕਰ ਗਿਆ।
ਇਸ ਮੌਕੇ ਸੰਦੇਸ਼ ਜਾਰੀ ਕਰਦਿਆਂ ਸ੍ਰ. ਮਨਪ੍ਰੀਤ ਸਿੰਘ ਬਾਦਲ ਨੇ ਜਿੱਥੇ ਦੇਸ਼ ਲਈ ਕੁਰਬਾਨੀਆਂ ਕਰਨ ਵਾਲੇ ਸ਼ਹੀਦਾਂ ਨੂੰ ਯਾਦ ਕੀਤਾ, ਉਥੇ ਹੀ ਦੇਸ਼ ਵਾਸੀਆਂ ਖਾਸ ਕਰਕੇ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਪੰਜਾਬ ਅਤੇ ਦੇਸ਼ ਦੇ ਸਰਬਪੱਖੀ ਵਿਕਾਸ ਵਿੱਚ ਆਪਣਾ ਯੋਗਦਾਨ ਪਾਉਣ ਲਈ ਅੱਗੇ ਆਉਣ।
ਸ੍ਰ. ਬਾਦਲ ਨੇ ਦੇਸ਼ ਦੇ ਸੰਵਿਧਾਨ ਨੂੰ ਲੋਕਾਂ ਦੇ ਅਧਿਕਾਰਾਂ ਅਤੇ ਕਰਤੱਵਾਂ ਦਾ ਚਾਰਟਰ ਕਰਾਰ ਦਿੰਦਿਆਂ ਕਿਹਾ ਕਿ ਜੇਕਰ ਹਰੇਕ ਦੇਸ਼ ਵਾਸੀ ਸੰਵਿਧਾਨ ਮੁਤਾਬਿਕ ਆਪਣੇ ਕਰਤੱਵਾਂ ਦੀ ਪਾਲਣਾ ਕਰੇ ਤਾਂ ਇਹ ਹੀ ਅਜ਼ਾਦੀ ਘੁਲਾਟੀਆਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।
ਉਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਵਿਕਾਸ ਲਈ ਕੋਈ ਵੀ ਕਸਰ ਬਾਕੀ ਨਹੀਂ ਛੱਡ ਰਹੀ ਹੈ। ਉਨਾਂ ਦੁਹਰਾਇਆ ਕਿ ਪੰਜਾਬ ਸਰਕਾਰ ਸੂਬੇ ਦੀ ਸ਼ਾਨ ਮੁਡ਼ ਬਹਾਲ ਕਰਨ ਲਈ ਵਚਨਬੱਧ ਹੈ। ਉਨਾਂ ਕਿਹਾ ਕਿ ਸੂਬੇ ਦੀਆਂ ਸਨਅਤਾਂ ਵਿੱਚ ਨਵੀਂ ਰੂਹ ਫੂਕਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਨੌਜਵਾਨਾਂ ਨੂੰ ਨੌਕਰੀ ਦੇ ਕਾਬਿਲ ਬਣਾ ਕੇ ਉਨਾਂ ਨੂੰ ਨੌਕਰੀਆਂ ਦੇ ਵਧੇਰੇ ਮੌਕੇ ਮੁਹੱਈਆ ਕਰਵਾਏ ਜਾ ਰਹੇ ਹਨ।
ਉਨਾਂ ਕਿਹਾ ਕਿ ਲਡ਼ਕੀਆਂ ਨੂੰ ਸਿੱਖਿਆ ਦੇ ਬਰਾਬਰ ਮੌਕੇ ਮੁਹੱਈਆ ਕਰਾਉਣ ਲਈ ਪੰਜਾਬ ਸਰਕਾਰ ਵੱਲੋਂ ਨਵੇਂ ਕਾਲਜ ਖੋਲੇ  ਜਾ ਰਹੇ ਹਨ। ਦੱਸਣਯੋਗ ਹੈ ਕਿ ਸ੍ਰ. ਬਾਦਲ ਵੱਲੋਂ ਬੀਤੇ ਦਿਨੀਂ ਸ਼ਹਿਰ ਵਿੱਚ ਲਡ਼ਕੀਆਂ ਲਈ ਸਰਕਾਰੀ ਕਾਲਜ ਦਾ ਨੀਂਹ ਪੱਥਰ ਵੀ ਰੱਖਿਆ ਸੀ।
ਇਸ ਮੌਕੇ ਉਨਾਂ ਨੇ ਅਜ਼ਾਦੀ ਘੁਲਾਟੀਏ ਪਰਿਵਾਰਾਂ ਅਤੇ ਜ਼ਿਲੇ ਦੀਆਂ 51 ਉਨਾਂ ਸਖ਼ਸ਼ੀਅਤਾਂ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ, ਜਿਨਾਂ ਨੇ ਵੱਖ-ਵੱਖ ਖੇਤਰਾਂ ਵਿੱਚ ਅਹਿਮ ਯੋਗਦਾਨ ਪਾਇਆ ਹੈ। ਇਸ ਮੌਕੇ ਉਨਾਂ ਜ਼ਿਲਾ ਰੈੱਡ ਕਰਾਸ ਸੁਸਾਇਟੀ ਵੱਲੋਂ ਲੋਡ਼ਵੰਦਾਂ ਨੂੰ ਟਰਾਈਸਾਈਕਲ ਅਤੇ ਸਿਲਾਈ ਮਸ਼ੀਨਾਂ ਦੀ ਵੀ ਵੰਡ ਕੀਤੀ। ਸਮਾਗਮ ਤੋਂ ਬੇਹੱਦ ਪ੍ਰਭਾਵਿਤ ਹੋਏ ਸ੍ਰ. ਬਾਦਲ ਨੇ ਭਾਗ ਲੈਣ ਵਾਲੇ ਵਿਦਿਆਰਥੀਆਂ ਅਤੇ ਟੀਮਾਂ ਨੂੰ 10 ਲੱਖ ਰੁਪਏ ਦੀ ਇਨਾਮੀ ਰਾਸ਼ੀ ਦੇਣ ਅਤੇ ਮਿਤੀ 27 ਜਨਵਰੀ ਨੂੰ ਸਾਰੇ ਸਕੂਲਾਂ ਵਿੱਚ ਛੁੱਟੀ ਦਾ ਐਲਾਨ ਕੀਤਾ।
ਦੱਸਣਯੋਗ ਹੈ ਕਿ ਪੂਰੇ ਸਮਾਗਮ ਦੌਰਾਨ ਭਾਵੇਂਕਿ ਕਾਫੀ ਠੰਡਾ ਮੌਸਮ ਰਿਹਾ ਪਰ ਫਿਰ ਵੀ 800 ਤੋਂ ਵਧੇਰੇ ਵਿਦਿਆਰਥੀਆਂ ਨੇ ਇਸ ਸਮਾਗਮ ਵਿੱਚ ਪੂਰੀ ਲਗਨ ਨਾਲ ਭਾਗ ਲਿਆ ਅਤੇ ਪੂਰੇ ਸਟੇਡੀਅਮ ਨੂੰ ਉਤਸ਼ਾਹ ਨਾਲ ਭਰ ਦਿੱਤਾ। ਸੱਭਿਆਚਾਰਕ ਵੰਨਗੀਆਂ, ਗਿੱਧਾ, ਭੰਗਡ਼ਾ ਅਤੇ ਹੋਰ ਪੇਸ਼ਕਾਰੀਆਂ ਨੂੰ ਦਰਸ਼ਕਾਂ ਨੇ ਬਹੁਤ ਹੀ ਸਰਾਹਿਆ। ਇਸ ਮੌਕੇ ਸੂਬੇ ਅਤੇ ਦੇਸ਼ ਦੇ ਵਿਕਾਸ ਨੂੰ ਦਰਸਾਉਂਦੀਆਂ 22 ਝਾਕੀਆਂ ਵੀ ਸ਼ਹਿਰ ਵਿੱਚ ਪ੍ਰਦਰਸ਼ਿਤ ਕੀਤੀਆਂ ਗਈਆਂ।
ਸਮਾਗਮ ਦੌਰਾਨ ਵਿਧਾਇਕ ਸੁਰਿੰਦਰ ਡਾਬਰ, ਵਿਧਾਇਕ  ਭਾਰਤ ਭੂਸ਼ਣ ਆਸ਼ੂ, ਵਿਧਾਇਕ  ਕੁਲਦੀਪ ਸਿੰਘ ਵੈਦ, ਵਿਧਾਇਕ  ਸੰਜੇ  ਤਲਵਾਡ਼, ਜ਼ਿਲਾ ਅਤੇ ਸੈਸ਼ਨ ਜੱਜ  ਗੁਰਬੀਰ ਸਿੰਘ, ਨਗਰ ਨਿਗਮ ਕਮਿਸ਼ਨਰ  ਜਸਕਿਰਨ ਸਿੰਘ, ਡਿਪਟੀ ਕਮਿਸ਼ਨਰ ਪੁਲਿਸ ਸ੍ਰੀ ਅਸ਼ਵਨੀ ਕਪੂਰ, ਵਧੀਕ ਡਿਪਟੀ ਕਮਿਸ਼ਨਰ (ਵਿ)  ਸੁਰਭੀ ਮਲਿਕ, ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰ. ਇਕਬਾਲ ਸਿੰਘ ਸੰਧੂ, ਵਧੀਕ ਡਿਪਟੀ ਕਮਿਸ਼ਨਰ ਜਗਰਾਂਉ  ਨੀਰੂ ਕਤਿਆਲ ਗੁਪਤਾ, ਵਧੀਕ ਕਮਿਸ਼ਨਰ ਨਗਰ ਨਿਗਮ  ਰਿਸ਼ੀਪਾਲ ਸਿੰਘ,ਅਮਰਜੀਤ ਸਿੰਘ ਟਿੱਕਾ ਜਨਰਲ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ,  ਕੇ. ਕੇ. ਬਾਵਾ ਸੀਨੀਅਰ ਕਾਂਗਰਸੀ ਆਗੂ,  ਸਤਵਿੰਦਰ ਕੌਰ ਬਿੱਟੀ ਅਤੇ ਹੋਰ ਹਾਜ਼ਰ ਸਨ।

11920cookie-checkਲੁਧਿਆਣਾ ਵਿਖੇ ਮਨਪ੍ਰੀਤ ਸਿੰਘ ਬਾਦਲ ਨੇ ਲਹਿਰਾਇਆ ਤਿਰੰਗਾ

Leave a Reply

Your email address will not be published. Required fields are marked *

error: Content is protected !!