![]()
ਕੇਂਦਰੀ ਸੂਖਮ, ਲਘੂ ਅਤੇ ਮੱਧਮ ਉਦਯੋਗਾਂ ਮੰਤਰਾਲੇ ਦੇ ਸਕੱਤਰ ਨੇ ਕੀਤਾ ਉਦਘਾਟਨ

ਕਈ ਸਨਅਤੀ ਜਥੇਬੰਦੀਆਂ ਨਾਲ ਮੀਟਿੰਗ
ਲੁਧਿਆਣਾ, 3 ਅਗਸਤ ( ਸਤ ਪਾਲ ਸੋਨੀ ) : ਕੇਂਦਰੀ ਸੂਖ਼ਮ, ਲਘੂ ਅਤੇ ਮੱਧਮ ਉਦਯੋਗਾਂ ਬਾਰੇ ਮੰਤਰਾਲੇ ਦੇ ਸਕੱਤਰ ਡਾ. ਅਰੁਣ ਕੁਮਾਰ ਪਾਂਡਾ ਨੇ ਅੱਜ ਇੰਟਰਪ੍ਰਾਈਜਿਜ਼ ਡਿਵੈੱਲਪਮੈਂਟ ਸੈਂਟਰ ਦਾ ਸਥਾਨਕ ਪ੍ਰਤਾਪ ਚੌਕ ਸਥਿਤ ਐੱਮ. ਐੱਸ. ਐੱਮ. ਈ. ਵਿਕਾਸ ਸੰਸਥਾ ਵਿਖੇ ਉਦਘਾਟਨ ਕੀਤਾ। ਇਸ ਸੈਂਟਰ ਦੇ ਖੁੱਲਣ ਨਾਲ ਮੌਜੂਦਾ ਅਤੇ ਨਵੇਂ ਸਥਾਪਤ ਹੋਣ ਵਾਲੇ ਉਦਯੋਗਾਂ ਨੂੰ ਸਹਾਰਾ ਅਤੇ ਸਹਾਇਤਾ ਮਿਲੇਗੀ।
ਦੱਸਣਯੋਗ ਹੈ ਕਿ ਡਾ. ਪਾਂਡਾ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਦਾ ਦੌਰਾ ਕਰਨ ਦੇ ਦੌਰਾਨ ਅੱਜ ਲੁਧਿਆਣਾ ਵਿਖੇ ਪੁੱਜੇ ਸਨ। ਇਸ ਮੌਕੇ ਉਨਾਂ ਰਿਸਰਚ ਐਂਡ ਡਿਵੈੱਲਪਮੈਂਟ ਸੈਂਟਰ ਅਤੇ ਸੈਂਟਰਲ ਟੂਲ ਰੂਮ ਦਾ ਵੀ ਦੌਰਾ ਕੀਤਾ। ਉਸ ਉਪਰੰਤ ਉਨਾਂ ਨੇ ਸਥਾਨਕ ਹੋਟਲ ਵਿਖੇ ਵੱਖ-ਵੱਖ ਸਨਅਤੀ ਇਕਾਈਆਂ ਦੀ ਨੁਮਾਇੰਦਗੀ ਕਰਦੀਆਂ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ।
ਇਸ ਮੌਕੇ ਸਨਅਤਕਾਰਾਂ ਨੂੰ ਸੰਬੋਧਨ ਕਰਦਿਆਂ ਡਾ. ਪਾਂਡਾ ਨੇ ਕਿਹਾ ਕਿ ਕੇਂਦਰੀ ਮੰਤਰਾਲਾ ਦੇਸ਼ ਭਰ ਦੇ ਸੂਖ਼ਮ, ਲਘੂ ਅਤੇ ਮੱਧਮ ਉਦਯੋਗਾਂ ਦੀ ਭਲਾਈ ਲਈ ਪੂਰੀ ਤਰਾਂ ਵਚਨਬੱਧ ਹੈ। ਉਨਾਂ ਕਿਹਾ ਕਿ ਉਨਾਂ ਨੇ ਭਾਰਤੀ ਰਿਜ਼ਰਵ ਬੈਂਕ ਸਮੇਤ ਸਾਰੀਆਂ ਬੈਂਕਾਂ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਹੈ ਤਾਂ ਜੋ ਆਸਾਨ ਕਰਜ਼ਾ ਪ੍ਰਣਾਲੀ ਨੂੰ ਯਕੀਨੀ ਬਣਾਇਆ ਜਾ ਸਕੇ। ਇਸੇ ਤਰਾਂ ਦੀ ਇੱਕ ਹੋਰ ਮੀਟਿੰਗ 20 ਅਗਸਤ ਨੂੰ ਨਵੀਂ ਦਿੱਲੀ ਵਿਖੇ ਹੋ ਰਹੀ ਹੈ।
ਉਨਾਂ ਕਿਹਾ ਕਿ ਪਿਛਲੇ ਡੇਢ ਸਾਲ ਦੌਰਾਨ ਇਨਾਂ ਉਦਯੋਗਾਂ ਲਈ ਕਰਜ਼ੇ ਲਈ ਕਾਰਪਸ ਫੰਡ ਦੀ ਸੀਮਾ ਵੀ 2500 ਕਰੋੜ ਰੁਪਏ ਤੋਂ ਵਧਾ ਕੇ 8000 ਕਰੋੜ ਰੁਪਏ ਕਰ ਦਿੱਤੀ ਗਈ ਹੈ ਤਾਂ ਜੋ ਇਨਾਂ ਉਦਯੋਗਾਂ ਲਈ ਕਰਜ਼ਾ ਆਸਾਨੀ ਨਾਲ ਮਿਲ ਸਕੇ। ਡਾ. ਪਾਂਡਾ ਨੇ ਸਨਅਤਕਾਰਾਂ ਨੂੰ ਕਲੱਸਟਰ ਬਣਾ ਕੇ ਸਨਅਤਾਂ ਲਗਾਉਣ ਦੀ ਸਲਾਹ ਦਿੰਦਿਆਂ ਕਿਹਾ ਕਿ ਇਸ ਤਰਾਂ ਉਹ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਦਾ ਵਧੇਰੇ ਲਾਭ ਲੈ ਸਕਦੇ ਹਨ। ਉਨਾਂ ਕਲੱਸਟਰਾਂ ਨੂੰ ਪਹਿਲ ਦਿੱਤੀ ਜਾਵੇਗੀ, ਜੋ ਗਿਣਤੀ ਵਿੱਚ ਜਿਆਦਾ ਹਨ ਅਤੇ ਉਸਦਾ ਫਾਇਦਾ ਵੀ ਜਿਆਦਾ ਲੋਕ ਲੈ ਸਕਦੇ ਹਨ।
ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਪੰਜਾਬ ਦੇ ਉਦਯੋਗ ਅਤੇ ਵਣਜ ਵਿਭਾਗ ਦੇ ਡਾਇਰੈਕਟਰ ਡੀ. ਪੀ. ਐੱਸ. ਖਰਬੰਦਾ, ਐੱਸ. ਐੱਮ. ਗੋਇਲ ਵਧੀਕ ਡਾਇਰੈਕਟਰ, ਐੱਮ. ਐੱਸ. ਐੱਮ. ਈ. ਲੁਧਿਆਣਾ ਦੇ ਡਾਇਰੈਕਟਰ ਮੇਜਰ ਸਿੰਘ, ਸੁਖ਼ਮਿੰਦਰ ਸਿੰਘ ਰੇਖੀ ਅਤੇ ਹੋਰ ਹਾਜ਼ਰ ਸਨ।