![]()

ਕੈਬਨਿਟ ਮੰਤਰੀ ਵੱਲੋਂ ਸ਼ਹਿਰ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ
ਲੁਧਿਆਣਾ, 28 ਅਪ੍ਰੈੱਲ ( ਸਤ ਪਾਲ ਸੋਨੀ ) : ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲਿਆਂ ਬਾਰੇ ਵਿਭਾਗਾਂ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਹੈ ਕਿ ਲੁਧਿਆਣਾ ਨੂੰ ਸੂਬੇ ਦਾ ਸਰਬੋਤਮ ਸਡ਼ਕਾਂ ਅਤੇ ਬੁਨਿਆਦੀ ਸਹੂਲਤਾਂ ਵਾਲੇ ਸ਼ਹਿਰ ਵਜੋਂ ਵਿਕਸਤ ਕੀਤਾ ਜਾਵੇਗਾ। ਪੰਜਾਬ ਸਰਕਾਰ ਸ਼ਹਿਰ ਦੇ ਸਰਬਪੱਖੀ ਵਿਕਾਸ ਲਈ ਦ੍ਰਿਡ਼ ਵਚਨਬੱਧ ਹੈ। ਉਹ ਕੈਬਨਿਟ ਮੰਤਰੀ ਹੋਣ ਦੇ ਨਾਤੇ ਇਸ ਸ਼ਹਿਰ ਨੂੰ ਵਿਕਸਤ ਕਰਨ ਹਰ ਸੰਭਵ ਯਤਨ ਕਰ ਰਹੇ ਹਨ। ਇਹ ਵਿਚਾਰ ਉਨਾਂ ਨੇ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ‘ਤੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਾਉਣ ਮੌਕੇ ਪ੍ਰਗਟ ਕੀਤੇ। ਇਸ ਮੌਕੇ ਉਨਾਂ ਨਾਲ ਨਗਰ ਨਿਗਮ ਲੁਧਿਆਣਾ ਦੇ ਮੇਅਰ ਬਲਕਾਰ ਸਿੰਘ ਸੰਧੂ ਵੀ ਹਾਜ਼ਰ ਸਨ। ਕੈਬਨਿਟ ਮੰਤਰੀ ਆਸ਼ੂ ਵੱਲੋਂ ਜਿਨਾਂ ਸਡ਼ਕ ਪ੍ਰੋਜੈਕਟਾਂ ਦੇ ਕੰਮ ਸ਼ੁਰੂ ਕਰਵਾਏ ਗਏ, ਉਨਾਂ ਵਿੱਚ ਜੋਸ਼ੀ ਨਗਰ ਸਥਿਤ ਨਾਲਾ ਸਡ਼ਕ (ਵਾਰਡ ਨੰਬਰ 81), ਕੋਹਿਨੂਰ ਪਾਰਕ (ਵਾਰਡ ਨੰਬਰ 74) ਅਤੇ ਸ਼ਹੀਦ ਕਰਨੈਲ ਸਿੰਘ ਨਗਰ (ਵਾਰਡ ਨੰਬਰ 70) ਸ਼ਾਮਿਲ ਹਨ। ਵਾਰਡ ਨੰਬਰ 81 ਵਿੱਚ 45 ਲੱਖ ਰੁਪਏ ਦੀ ਲਾਗਤ ਨਾਲ, ਵਾਰਡ ਨੰਬਰ 74 ਵਿੱਚ 42 ਲੱਖ ਰੁਪਏ ਦੀ ਲਾਗਤ ਨਾਲ ਅਤੇ ਵਾਰਡ ਨੰਬਰ 70 ਵਿੱਚ 86 ਲੱਖ ਰੁਪਏ ਦੀ ਲਾਗਤ ਨਾਲ ਸਡ਼ਕਾਂ ਦੀ ਮੁਰੰਮਤ ਕੀਤੀ ਜਾ ਰਹੀ ਹੈ। ਆਸ਼ੂ ਨੇ ਕਿਹਾ ਕਿ ਇਹ ਵਿਕਾਸ ਕਾਰਜ ਜਲਦ ਹੀ ਮੁਕੰਮਲ ਕੀਤੇ ਜਾਣਗੇ। ਸ਼ਹਿਰ ਦੇ ਵਿਕਾਸ ਲਈ ਬਕਾਇਦਾ ਖਾਕਾ ਤਿਆਰ ਕਰ ਲਿਆ ਗਿਆ ਹੈ, ਜਿਸ ਤਹਿਤ ਸਾਰੇ ਵਿਕਾਸ ਕੰਮ ਪਡ਼ਾਅ ਵਾਰ ਮੁਕੰਮਲ ਕੀਤੇ ਜਾਣਗੇ।
ਇਸ ਮੌਕੇ ਪ੍ਰਭਾਵਸ਼ਾਲੀ ਇਕੱਠਾਂ ਨੂੰ ਸੰਬੋਧਨ ਕਰਦਿਆਂ ਆਸ਼ੂ ਨੇ ਕਿਹਾ ਕਿ ਉਨਾਂ ਨੇ ਖੁਦ ਤਿੰਨ ਵਾਰ ਕੌਂਸਲਰ ਬਣਕੇ ਸ਼ਹਿਰਵਾਸੀਆਂ ਦੀ ਸੇਵਾ ਕੀਤੀ ਹੈ ਅਤੇ ਉਨਾਂ ਨੂੰ ਸ਼ਹਿਰਵਾਸੀਆਂ ਦੀ ਲੋਡ਼ਾਂ ਦਾ ਬਾਖ਼ੂਬੀ ਪਤਾ ਹੈ। ਪਿਛਲੇ ਦੋ ਦਹਾਕਿਆਂ ਤੋਂ ਉਹ ਸਮਾਜਿਕ ਤੌਰ ‘ਤੇ ਸ਼ਹਿਰ ਵਿੱਚ ਵਿਚਰ ਕੇ ਸ਼ਹਿਰ ਦੇ ਵਿਕਾਸ ਲਈ ਯਤਨਸ਼ੀਲ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਕੌਂਸਲਰ ਹੇਮਰਾਜ ਅਗਰਵਾਲ, ਕੌਂਸਲਰ ਰਾਸ਼ੀ ਅਗਰਵਾਲ, ਮਹਾਰਾਜ ਸਿੰਘ ਰਾਜੀ, ਪੰਕਜ ਸ਼ਰਮਾ, ਦਿਲਰਾਜ ਸਿੰਘ ਅਤੇ ਹੋਰ ਵੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।