ਲੁਧਿਆਣਾ ਫੇਰੀ ਦੌਰਾਨ ਮੁੱਖ ਮੰਤਰੀ ਨੂੰ ਨਾਲ਼ੇ ਦੀ ਮੌਜੂਦਾ ਸਥਿਤੀ ਤੋਂ ਕਰਵਾਇਆ ਜਾਵੇਗਾ ਜਾਣੂ-ਵਿਧਾਇਕ ਰਾਕੇਸ਼ ਪਾਂਡੇ

Loading

ਹਾਈ ਪਾਵਰ ਕਮੇਟੀ ਨੂੰ ਸੌਂਪਿਆ ਜਾਵੇ ਬੁੱਢੇ ਨਾਲ਼ੇ ਦੀ ਸਫਾਈ ਦਾ ਕੰਮ

ਲੁਧਿਆਣਾ, 4 ਸਤੰਬਰ ( ਸਤ ਪਾਲ ਸੋਨੀ ) : ਲੁਧਿਆਣਾ ਉੱਤਰੀ ਦੇ ਵਿਧਾਇਕ ਸ੍ਰੀ ਰਾਕੇਸ਼ ਪਾਂਡੇ ਨੇ ਬੁੱਢੇ ਨਾਲੇ ਨੂੰ ਫਿਰ ਤੋਂ ਬੁੱਢਾ ਦਰਿਆ ਬਣਾਉਣ ਅਰਥਾਤ ਬੁੱਢੇ ਨਾਲੇ ਨੂੰ ਸਾਫ ਸੁਥਰਾ ਰੱਖਣ ਦੀ ਮੁਹਿੰਮ ਤੇਜ਼ ਕਰ ਦਿੱਤੀ ਹੈ। ਉਨਾਂ ਨੇ ਕਿਹਾ ਕਿ ਮਿਤੀ 6 ਸਤੰਬਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਲੁਧਿਆਣਾ ਫੇਰੀ ਦੌਰਾਨ ਉਨਾਂ ਤੋਂ ਮੰਗ ਕਰਨਗੇ ਕਿ ਉਹ ਕੈਬਨਿਟ ਤੋਂ ਪ੍ਰਸਤਾਵ ਪਾਸ ਕਰਵਾ ਕੇ ਬੁੱਢੇ ਨਾਲੇ ਲਈ ਇੱਕ ਸਮਾਂਬੱਧ ਹਾਈ ਪਾਵਰ ਕਮੇਟੀ ਦਾ ਗਠਨ ਕਰਨ, ਜਿਸ ਦਾ ਕੰਮ ਕੇਵਲ ਬੁੱਢੇ ਨਾਲੇ ਦੀ ਸਾਫ-ਸਫਾਈ ਹੀ ਹੋਵੇ।
ਇਸ ਤੋਂ ਇਲਾਵਾ ਇੱਕ ਅਲੱਗ ਤੋਂ ਵਿਭਾਗ ਦਾ ਗਠਨ ਕੀਤਾ ਜਾਵੇ, ਜਿਸਦਾ ਕਾਰਜ ਖੇਤਰ ਬੁੱਢੇ ਨਾਲੇ ਲਈ ਅਲੱਗ-ਅਲੱਗ ਸਥਾਨਾਂ ‘ਤੇ ਇੰਨਫਲੁਏਂਸ ਟਰੀਟਮੈਂਟ ਪਲਾਂਟ ਅਤੇ ਸੀਵਰੇਜ ਟ੍ਰੀਟਮੈਂਟ ਪਲਾਂਟ ਨੂੰ ਸਥਾਪਤ ਅਤੇ ਉਸ ਦਾ ਸੰਚਾਲਨ ਕਰਨਾ, ਬੁੱਢੇ ਦਰਿਆ ਦੇ ਕਿਨਾਰਿਆਂ ‘ਤੇ ਗ੍ਰੀਨ ਬੈਲਟ ਅਤੇ ਫੇਂਸਿੰਗ ਸਥਾਪਤ ਕਰ ਉਸਦੀ ਦੇਖ-ਭਾਲ ਅਤੇ ਸਾਫ-ਸਫਾਈ ਆਦਿ ਹੋਵੇ। ਇਸ ਵਿਭਾਗ ਦੇ ਅਫ਼ਸਰ ਬੁੱਢੇ ਦਰਿਆ ਦੇ ਕਾਰਜਾਂ ਲਈ ਉੱਤਰਦਾਈ ਅਤੇ ਜਵਾਬਦੇਹ ਹੋਣ। ਮੁੱਖ ਮੰਤਰੀ ਨੂੰ ਬੁੱਢੇ ਨਾਲੇ ਦੀ ਇਸ ਸਮੇਂ ਦੀ ਦਸ਼ਾ ਤੋਂ ਜਾਣੂ ਕਰਵਾ ਕੇ ਦੱਸਿਆ ਜਾਵੇਗਾ ਕਿ ਬੁੱਢੇ ਦਰਿਆ ਦੇ ਆਲੇ ਦੁਆਲੇ ਰਹਿਣ ਵਾਲੇ ਲੋਕਾਂ ਨੂੰ ਭਿਆਨਕ ਤੋਂ ਭਿਆਨਕ ਬਿਮਾਰੀਆਂ ਦਾ ਖਤਰਾ ਵਧਦਾ ਜਾ ਰਿਹਾ ਹੈ।
ਉਨਾਂ ਨੇ ਕਿਹਾ ਕਿ ਪਿਛਲੇ 10 ਸਾਲ ਰਾਜ ਕਰਦੀ ਰਹੀ ਅਕਾਲੀ-ਭਾਜਪਾ ਸਰਕਾਰ ਨੇ ਬੁੱਢੇ ਦਰਿਆ ਨੂੰ ਸਾਫ ਕਰਨ ਦੇ ਸਿਰਫ ਵਾਅਦੇ ਕੀਤੇ ਪਰ ਕੰਮ ਕੋਈ ਨਹੀਂ ਕੀਤਾ।ਪਿਛਲੀ ਸਰਕਾਰ ਨੇ ਬੁੱਢਾ ਦਰਿਆ ਲਈ ਬਣੀ ਪੀ. ਰਾਮ ਕਮੇਟੀ ਨੂੰ ਵੀ ਠੰਡੇ ਬਸਤੇ ਵਿੱਚ ਪਾ ਦਿੱਤਾ ਇੱਥੋਂ ਤੱਕ ਕਿ ਪਿਛਲੇ ਕਾਂਗਰਸ ਸਾਂਸਦ ਸ਼੍ਰੀ ਮਨੀਸ਼ ਤਿਵਾਡ਼ੀ ਦੁਆਰਾ ਮਿਲੀ ਗਰਾਂਟ ਨੂੰ ਪਿਛਲੀ ਸਰਕਾਰ ਸਹੀ ਢੰਗ ਨਾਲ ਖਰਚ ਕਰਨ ਵਿੱਚ ਨਾਕਾਮ ਰਹੀ, ਜਦਕਿ ਉਸ ਸਮੇਂ ਰਹਿ ਚੁੱਕੇ ਕੇਂਦਰੀ ਵਾਤਾਵਰਣ ਮੰਤਰੀ ਸ੍ਰੀ ਜੈ ਰਾਮ ਰਮੇਸ਼ ਦੁਆਰਾ ਸ਼ੁਰੂ ਕੀਤੇ ਗਏ ਕਾਰਜਾਂ ਨੂੰ ਵੀ ਸਿਰੇ ਨਹੀਂ ਚਡ਼ਾ ਸਕੀ।
ਸ੍ਰੀ ਪਾਂਡੇ ਨੇ ਕਿਹਾ ਕਿ ਉਪਰੋਕਤ ਸਬੰਧੀ ਉਹ ਜਲਦੀ ਹੀ ਨਗਰ ਨਿਗਮ ਕਮਿਸ਼ਨਰ, ਡਿਪਟੀ ਕਮਿਸ਼ਨਰ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨਾਲ ਇੱਕ ਉੱਚ ਪੱਧਰੀ ਬੈਠਕ ਕਰਨ ਜਾ ਰਹੇ ਹਨ, ਜਿੱਥੇ ਉਹ ਬੁੱਢੇ ਨਾਲੇ ਨਾਲ ਸਬੰਧਿਤ ਸਾਰੇ ਵਿਸ਼ਿਆਂ ‘ਤੇ ਗੰਭੀਰਤਾ ਨਾਲ ਵਿਚਾਰ ਕਰਨਗੇ। ਉਨਾਂ  ਕਿਹਾ ਕਿ ਬੁੱਢੇ ਨਾਲੇ ਨੂੰ ਸਾਫ-ਸੁਥਰਾ ਬਣਾਉਣ ਲਈ ਉਹ ਅਣਥੱਕ ਕੋਸ਼ਿਸ਼ਾਂ ਕਰ ਰਹੇ ਹਨ।

2550cookie-checkਲੁਧਿਆਣਾ ਫੇਰੀ ਦੌਰਾਨ ਮੁੱਖ ਮੰਤਰੀ ਨੂੰ ਨਾਲ਼ੇ ਦੀ ਮੌਜੂਦਾ ਸਥਿਤੀ ਤੋਂ ਕਰਵਾਇਆ ਜਾਵੇਗਾ ਜਾਣੂ-ਵਿਧਾਇਕ ਰਾਕੇਸ਼ ਪਾਂਡੇ

Leave a Reply

Your email address will not be published. Required fields are marked *

error: Content is protected !!