![]()
ਕਿਸੇ ਵੀ ਸਮੇਂ ਕੀਤੀ ਜਾ ਸਕਦੀ ਹੈ ਸ਼ਿਕਾਇਤ, ਹੁਣ ਤੱਕ 5 ਸ਼ਿਕਾਇਤਾਂ ਆਈਆਂ
ਲੁਧਿਆਣਾ, 9 ਫਰਵਰੀ ( ਸਤ ਪਾਲ ਸੋਨੀ ) : ਨਗਰ ਨਿਗਮ ਲੁਧਿਆਣਾ ਦੀ ਆਗਾਮੀ ਆਮ ਚੋਣ ਨੂੰ ਧਿਆਨ ਵਿੱਚ ਰੱਖਦਿਆਂ ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਦੇ ਆਦੇਸ਼ ‘ਤੇ ਨਗਰ ਨਿਗਮ ਲੁਧਿਆਣਾ ਕਮਿਸ਼ਨਰ ਜਸਕਿਰਨ ਸਿੰਘ ਵੱਲੋਂ ਵੋਟਰਾਂ ਦੀ ਸਹੂਲਤ ਲਈ ਸ਼ਿਕਾਇਤ ਸੈੱਲ ਦੀ ਸਥਾਪਨਾ ਕਰਕੇ ਚਾਲੂ ਕਰ ਦਿੱਤਾ ਗਿਆ ਹੈ।
ਸ਼ਿਕਾਇਤ ਸੈੱਲ ਦੇ ਨੋਡਲ ਅਫ਼ਸਰ-ਕਮ-ਸੰਯੁਕਤ ਕਮਿਸ਼ਨਰ ਨਗਰ ਨਿਗਮ ਡਾ. ਪੂਨਮ ਪ੍ਰੀਤ ਕੌਰ ਨੇ ਦੱਸਿਆ ਕਿ ਇਹ ਸ਼ਿਕਾਇਤ ਸੈੱਲ ਨਗਰ ਨਿਗਮ ਦੇ ਜ਼ੋਨ-ਬੀ ਦਫ਼ਤਰ (ਸ਼ਿੰਗਾਰ ਸਿਨੇਮਾ ਦੇ ਪਿੱਛੇ), ਸਮਰਾਲਾ ਚੌਕ ਵਿਖੇ ਸ਼ੁਰੂ ਕੀਤਾ ਗਿਆ ਹੈ। ਵੋਟਰਾਂ ਦੀ ਸਹੂਲਤ ਲਈ ਵਟਸਐਪ ਨੰਬਰ 6280805734 ਅਤੇ ਲੈਂਡਲਾਈਨ ਨੰਬਰ 01612224312 ਚਾਲੂ ਕੀਤੇ ਗਏ ਹਨ, ਜਿੱਥੇ ਕਿ ਕੋਈ ਵੀ ਵਿਅਕਤੀ 24 ਘੰਟੇ ਸ਼ਿਕਾਇਤ ਦਰਜ ਕਰਵਾ ਸਕਦਾ ਹੈ। ਸ਼ਿਕਾਇਤ ਈ-ਮੇਲ ਪਤੇ mclcomplaintcell0gmail.com ‘ਤੇ ਵੀ ਭੇਜੀ ਜਾ ਸਕਦੀ ਹੈ।
ਉਨਾਂ ਦੱਸਿਆ ਕਿ ਸ਼ਿਕਾਇਤ ਸੈੱਲ ਵਿੱਚ 24 ਫਰਵਰੀ ਤੱਕ ਸ਼ਿਫ਼ਟਾਂ ਵਿੱਚ ਪੱਕੇ ਤੌਰ ‘ਤੇ ਡਿਊਟੀ ਲਗਾ ਦਿੱਤੀ ਗਈ ਹੈ, ਸਹਾਇਕ ਨੋਡਲ ਅਫ਼ਸਰ ਵਜੋਂ ਸੁਖਪਿੰਦਰ ਸਿੰਘ ਐਕਸੀਅਨ ਜਲ ਸਪਲਾਈ ਅਤੇ ਸੈਨੀਟੇਸ਼ਨ ਲੁਧਿਆਣਾ ਨੂੰ ਲਗਾਇਆ ਗਿਆ ਹੈ। ਉਨਾਂ ਦੱਸਿਆ ਕਿ ਇਹ ਸ਼ਿਕਾਇਤ ਸੈੱਲ 8 ਫਰਵਰੀ ਨੂੰ ਹੀ ਚਾਲੂ ਹੋ ਗਿਆ ਸੀ, ਜਿਸ ਦੌਰਾਨ 8 ਫਰਵਰੀ ਨੂੰ ਚਾਰ ਅਤੇ 9 ਫਰਵਰੀ ਨੂੰ ਇੱਕ ਸ਼ਿਕਾਇਤ ਪ੍ਰਾਪਤ ਹੋਈ ਹੈ, ਜੋ ਕਿ ਗੈਰਕਾਨੂੰਨੀ ਤਰੀਕੇ ਨਾਲ ਲਗਾਏ ਪੋਸਟਰਾਂ ਅਤੇ ਵੋਟਾਂ ਕੱਟਣ ਸੰਬੰਧੀ ਹਨ। ਇਨਾਂ ਸ਼ਿਕਾਇਤਾਂ ‘ਤੇ ਸਮਾਂਬੱਧ ਤਰੀਕੇ ਨਾਲ ਕਾਰਵਾਈ ਜਾਰੀ ਹੈ।