![]()

ਲੁਧਿਆਣਾ, 25 ਨਵੰਬਰ ( ਸਤ ਪਾਲ ਸੋਨੀ ) : -ਆਲ ਇੰਡੀਆ ਇੰਟਰ ਯੂਨੀਵਰਸਿਟੀ ਜਿਮਨਾਸਟਿਕ ਚੈਂਪੀਅਨਸ਼ਿਪ (ਮਰਦ ਵਰਗ), ਜੋ ਕਿ ਪੰਜਾਬ ਯੂਨੀਵਰਸਿਟੀ ਚੰਡੀਗਡ਼ ਵਿਖੇ ਖੇਡੀ ਗਈ, ਵਿੱਚ ਲੁਧਿਆਣਾ ਜਿਮਨਾਸਟਿਕ ਕੋਚਿੰਗ ਸੈਂਟਰ ਗੁਰੂ ਨਾਨਕ ਸਟੇਡੀਅਮ ਦਾ ਜਿਮਨਾਸਟ ਕੇਸ਼ਵ ਠਾਕੁਰ ਆਲ ਰਾਊਂਡ ਬੈੱਸਟ ਜਿਮਨਾਸਟ ਚੁਣਿਆ ਗਿਆ ਹੈ। ਇਸ ਚੈਂਪੀਅਨਸ਼ਿਪ ਵਿੱਚ ਦੇਸ਼ ਭਰ ਦੀਆਂ 60 ਯੂਨੀਵਰਸਿਟੀਆਂ ਨੇ ਭਾਗ ਲਿਆ ਸੀ।ਇਸ ਸੰਬੰਧੀ ਲੁਧਿਆਣਾ ਜਿਮਨਾਸਟਿਕ ਕੋਚਿੰਗ ਸੈਂਟਰ, ਗੁਰੂ ਨਾਨਕ ਸਟੇਡੀਅਮ ਦੇ ਕੋਚ ਪ੍ਰੇਮ ਸਿੰਘ ਨੇ ਦੱਸਿਆ ਕਿ ਕੇਸ਼ਵ ਠਾਕੁਰ, ਜਿਸ ਨੇ ਕਿ ਇਨਾਂ ਮੁਕਾਬਲਿਆਂ ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗਡ਼ ਵੱਲੋਂ ਭਾਗ ਲਿਆ, ਨੇ ਇਨਾਂ ਮੁਕਾਬਲਿਆਂ ਵਿੱਚ ਪੈਰੇਲਲ ਬਾਰਜ਼ ਵਰਗ ਮੁਕਾਬਲੇ ਵਿੱਚ ਸੋਨ ਤਮਗੇ ਨਾਲ ਸਰਬੋਤਮ ਦਰਜਾ ਹਾਸਿਲ ਕੀਤਾ। ਇਸ ਤੋਂ ਇਲਾਵਾ ਕੇਸ਼ਵ ਦੀ ਪ੍ਰਤੀਨਿਧਤਾ ਵਾਲੀ ਪੰਜਾਬ ਯੂਨੀਵਰਸਿਟੀ ਦੀ ਟੀਮ ਵੀ ਪਹਿਲੇ ਸਥਾਨ ‘ਤੇ ਰਹੀ। ਕੇਸ਼ਵ ਨੇ ਕੁੱਲ 3 ਸੋਨ ਤਮਗੇ ਹਾਸਿਲ ਕੀਤੇ।
ਦੱਸਣਯੋਗ ਹੈ ਕਿ 63ਵੀਂਆਂ ਰਾਸ਼ਟਰੀ ਸਕੂਲਾਂ ਖੇਡਾਂ, ਜੋ ਕਿ ਕੋਲਕਾਤਾ (ਪੱਛਮੀ ਬੰਗਾਲ) ਵਿਖੇ ਹੋਈਆਂ ਸਨ, ਵਿੱਚ ਵੀ ਲੁਧਿਆਣਾ ਜਿਮਨਾਸਟਿਕ ਕੋਚਿੰਗ ਸੈਂਟਰ ਗੁਰੂ ਨਾਨਕ ਸਟੇਡੀਅਮ ਦਾ ਜਿਮਨਾਸਟ ਕੇਸ਼ਵ ਠਾਕੁਰ ਦੇਸ਼ ਦਾ ਆਲ ਰਾਊਂਡ ਤੀਜਾ ਸਰਬੋਤਮ ਜਿਮਨਾਸਟ ਚੁਣਿਆ ਗਿਆ ਸੀ। ਇਸ ਤੋਂ ਪਹਿਲਾਂ ਸੂਬਾ ਪੱਧਰੀ ਖੇਡਾਂ ਵਿੱਚ ਵੀ ਜ਼ਿਲਾ ਲੁਧਿਆਣਾ ਵੱਲੋਂ ਖੇਡਦਿਆਂ ਕੇਸ਼ਵ ਠਾਕੁਰ ਨੇ 8 ਸੋਨ ਤਮਗੇ ਪ੍ਰਾਪਤ ਕਰਕੇ ਆਲ ਰਾਊਂਡ ਬੈਸਟ ਜਿਮਨਾਸਟ ਆਫ਼ ਪੰਜਾਬ ਦਾ ਖ਼ਿਤਾਬ ਆਪਣੇ ਨਾਮ ਕੀਤਾ ਸੀ।