![]()

ਸੁਧਾਰ ਘਰਾਂ ਤੋਂ ਬਿਗਾਡ਼ ਘਰ ਬਣ ਚੁੱਕੀਆਂ ਜੇਲਾਂ ਦਾ ਮੰਤਰੀ ਅਸਤੀਫਾ ਦੇਵੇ ਅਤੇ ਦੋਸ਼ੀਆਂ ਉੱਤੇ ਪਰਚੇ ਦਰਜ ਕੀਤੇ ਜਾਣ : ਗਡ਼ੀ
ਲੁਧਿਆਣਾ 28 ਜੂਨ (ਸਤ ਪਾਲ ਸੋਨੀ) : ਕੱਲ ਲੁਧਿਆਣਾ ਦੀ ਸੈਂਟਰਲ ਜੇਲ ਵਿੱਚ ਕੈਦੀਆਂ ਅਤੇ ਜੇਲ ਪ੍ਰਸ਼ਾਸਨ ਵਿੱਚ ਹੋਈ ਖੂਨੀ ਝਡ਼ਪ ਨੇ ਸਾਬਿਤ ਕਰ ਦਿੱਤਾ ਕਿ ਪੰਜਾਬ ਦੀ ਬਿਗਡ਼ੀ ਕਾਨੂੰਨ ਵਿਵਸਥਾ ਦੀ ਸਥਿਤੀ ਜੇਲਾਂ ਵਰਗੀਆਂ ਅਤਿ ਸੁਰੱਖਿਅਤ ਥਾਵਾਂ ਤੇ ਵੀ ਦਰੁਸਤ ਨਹੀਂ ਰਹੀ। ਇੱਕ ਤੋਂ ਬਾਅਦ ਇੱਕ ਕਰਕੇ ਵਾਪਰ ਰਹੀਆਂ ਅਜਿਹੀਆਂ ਘਟਨਾਵਾਂ ਪੰਜਾਬ ਸਰਕਾਰ ਦਾ ਹਰ ਫਰੰਟ ਤੇ ਪੂਰੀ ਤਰਾਂ ਫੇਲ ਹੋਣਾ ਸਾਬਿਤ ਕਰਦੀਆਂ ਹਨ ਇਸ ਲਈ ਪੰਜਾਬ ‘ਚ ਗਵਰਨਰੀ ਰਾਜ ਲਾਉਣ ਚਾਹੀਦਾ ਹੈ। ਜੇਲਾਂ ਸੁਧਾਰ ਘਰਾਂ ਦੀ ਬਜਾਏ ਬਿਗਾਡ਼ ਘਰ ਬਣ ਗਈਆਂ ਹਨ ਜਿਸਦੇ ਲਈ ਸਿੱਧੇ ਤੌਰ ਤੇ ਜਿੰਮੇਵਾਰ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੋਂ ਫੌਰਨ ਅਸਤੀਫਾ ਲੈ ਲੈਣਾ ਚਾਹੀਦਾ ਹੈ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਬਹੂਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਡਾ: ਜਸਵੀਰ ਸਿੰਘ ਗਡ਼ੀ ਨੇ ਸਥਾਨਕ ਸਿਵਲ ਹਸਪਤਾਲ ਵਿਖੇ ਕੀਤਾ ਜਿਥੇ ਉਹ ਮ੍ਰਿਤਕ ਕੈਦੀਆਂ ਦੇ ਪਰਿਵਾਰਕ ਮੈਂਬਰਾਂ, ਜਖਮੀਂ ਕੈਦੀਆਂ ਅਤੇ ਪੁਲਿਸ ਮੁਲਾਜਮਾਂ ਦਾ ਹਾਲ ਚਾਲ ਪੁੱਛਣ ਪਹੁੰਚੇ ਸਨ।

ਉਨਾਂ ਮ੍ਰਿਤਕ ਅਜੀਤ ਸਿੰਘ ਦੇ ਪਿਤਾ ਅਤੇ ਮਾਤਾ ਦੀ ਹਾਜਰੀ ਵਿੱਚ ਕਿਹਾ ਕਿ ਕਾਂਗਰਸੀਆਂ ਨੇ ਤਾਂ ਉਡ਼ਦਾ ਪੰਜਾਬ ਫਿਲਮ ਬਣਾਈ ਸੀ ਪਰ ਏਨਾਂ ਦੀ ਸਰਕਾਰ ਵਿੱਚ ਰੋਂਦਾ ਪੰਜਾਬ ਬਣ ਗਿਆ ਹੈ। ਉਨਾਂ ਕਿਹਾ ਕਿ ਬਸਪਾ ਪਰਿਵਾਰ ਨੂੰ ਹਰ ਪ੍ਰਕਾਰ ਦੀ ਸਹਾਇਤਾ ਦੇਣ ਦਾ ਭਰੋਸਾ ਦਿੰਦੀ ਹੈ ਅਤੇ ਇਸ ਘਟਨਾ ਲਈ ਜਿੰਮੇਂਵਾਰ ਜੇਲ ਅਧਿਕਾਰੀਆਂ ਉੱਤੇ 302 ਅਤੇ 307 ਦਾ ਪਰਚਾ ਦਰਜ ਕਰਨ ਦੀ ਮੰਗ ਕਰਦੀ ਹੈ। ਉਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਇਸ ਕਾਂਡ ਦੀ ਮੈਜਿਸਟ੍ਰੇਟ ਜਾਂਚ ਦੇ ਹੁਕਮ ਦੇ ਕੇ ਖੁਦ ਨੂੰ ਅਤੇ ਅਪਣੀ ਸਰਕਾਰ ਨੂੰ ਸਾਫ ਸੁਥਰੇ ਨਹੀਂ ਰੱਖ ਸਕਦੇ। ਇਸ ਮਾਮਲੇ ਵਿੱਚ ਸਰਕਾਰ ਦੇ ਪੂਰੀ ਤਰਾਂ ਨਾਕਾਮੀ ਸਾਬਿਤ ਹੋਣ ਤੇ ਉਹ ਦੋਸ਼ੀ ਹੈ। ਮੈਜਿਸਟ੍ਰੇਟ ਜਾਂਚ ਦੀ ਲਗਾਇਆ ਮੁੱਖੀ ਲੁਧਿਆਣਾ ਦਾ ਡੀ ਸੀ ਅਤੇ ਸਰਕਾਰ ਦੇ ਪ੍ਰਵਾਹ ਹੇਠ ਹੈ ਅਤੇ ਕਿਸੇ ਵੀ ਪੱਖੋਂ ਸਹੀ ਜਾਂਚ ਕਰਨ ਦੀ ਤਾਕਤ ਨਹੀਂ ਰੱਖਦਾ ਇਸ ਲਈ ਪੂਰੇ ਮਾਮਲੇ ਦੀ ਹਾਈ ਕੋਰਟ ਦੇ ਕਿਸੇ ਸਿਟਿੰਗ ਜੱਜ ਤੋਂ ਜਾਂਚ ਕਰਵਾ ਕੇ ਦੋਸ਼ੀਆਂ ਉੱਤੇ ਸਮਾਂ ਵਧ ਕਾਰਵਾਈ ਕੀਤੀ ਜਾਵੇ। ਉਨਾਂ ਕਿਹਾ ਕਿ ਜੇਕਰ ਸਰਕਾਰ ਨੇ ਦੇਰ ਕਰਨ ਦੀ ਕੋਸ਼ਿਸ ਕੀਤੀ ਤਾਂ ਬਸਪਾ ਪੀਡ਼ਤਾਂ ਨੂੰ ਇਨਸਾਫ ਦਿਵਾਉਣ ਲਈ ਸਡ਼ਕਾਂ ਉੱਤੇ ਉੱਤਰ ਕੇ ਸੰਘਰਸ਼ ਕਰਨ ਤੋਂ ਗੁਰੇਜ ਨਹੀਂ ਕਰੇਗੀ। ਉਨਾਂ ਨਾਲ ਹਾਜਰ ਪਰਿਵਾਰਕ ਮੈਂਬਰਾਂ ਨੇ ਵੀ ਜੇਲ ਮੰਤਰੀ ਦਾ ਫੌਰੀ ਅਸਤੀਫਾ ਅਤੇ ਜੇਲ ਅਧਿਕਾਰੀਆਂ ਉੱਤੇ ਪਰਚੇ ਦਰਜ ਕਰਨ ਦੀ ਮੰਗ ਕੀਤੀ। ਮ੍ਰਿਤਕ ਅਜੀਤ ਦੇ ਪਿਤਾ ਨੇ ਇਨਸਾਫ ਲਈ ਸੁਪਰੀਮ ਕੋਰਟ ਤੱਕ ਜਾਣ ਦੀ ਗੱਲ ਆਖੀ। ਇਸ ਮੌਕੇ ਜਿਲਾ ਪ੍ਰਧਾਨ ਪ੍ਰਗਣ ਬਿਲਗਾ, ਦੇਹਾਤੀ ਪ੍ਰਧਾਨ ਨਿਰਮਲ ਸਿੰਘ ਸਾਇਆ ਜੋਨ ਕੋਆਡੀਨੇਟਰ ਰਾਮ ਸਿੰਘ ਗੋਗੀ ਤੇ ਭੁਪਿੰਦਰ ਸਿੰਘ ਜੌਡ਼ਾ, ਯੁਥ ਪ੍ਰਧਾਨ ਹਰਸ਼ਦੀਪ ਸਿੰਘ ਮਹਿਦੂਦਾਂ, ਮਨਜੀਤ ਸਿੰਘ ਬਾਡ਼ੇਵਾਲ, ਸੁਖਦੀਪ ਸਿੰਘ ਬੀਜਾ, ਮਨਜੀਤ ਸਿੰਘ ਕਾਹਲੋਂ, ਨਰੇਸ਼ ਬਸਰਾ, ਸੁਰਿੰਦਰ ਹੀਰਾ, ਬਲਵਿੰਦਰ ਕੁਮਾਰ, ਜੋਨ ਗੱਗਡ਼, ਜਸਵੀਰ ਪੌਲ, ਸੰਜੀਵ ਵਿਸ਼ਵਕਰਮਾ, ਸੁਰਜੀਤ, ਗੁਲਸ਼ਨ ਪੌਲ, ਡਾ ਰਵਿੰਦਰ ਸਰੋਏ ਅਤੇ ਹੋਰ ਹਾਜਰ ਸਨ।