![]()

ਕਿਸਾਨਾਂ ਨੂੰ ਮੰਡੀਆਂ ਵਿੱਚ ਰੁਲਣ ਨਹੀਂ ਦਿੱਤਾ ਜਾਵੇਗਾ-ਭਾਰਤ ਭੂਸ਼ਣ ਆਸ਼ੂ
ਜਗਰਾਂਉ/ਮੁੱਲਾਂਪੁਰ/ਲੁਧਿਆਣਾ, 22 ਅਪ੍ਰੈੱਲ ( ਸਤ ਪਾਲ ਸੋਨੀ ) : ਪੰਜਾਬ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲਿਆਂ ਬਾਰੇ ਵਿਭਾਗਾਂ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਹੈ ਕਿ ਸੂਬੇ ਭਰ ਵਿੱਚ ਕਣਕ ਦੀ ਖਰੀਦ ਪ੍ਰਕਿਰਿਆ ਸੁਚੱਜੇ ਤਰੀਕੇ ਨਾਲ ਜਾਰੀ ਹੈ। ਖਰੀਦ ਅਤੇ ਅਦਾਇਗੀ ਵਿੱਚ ਕੋਈ ਵੀ ਦਿੱਕਤ ਨਹੀਂ ਹੈ, ਜਦਕਿ ਲਿਫਟਿੰਗ ਦੀ ਚੱਲ ਰਹੀ ਸਮੱਸਿਆ ਨੂੰ ਦੋ ਤਿੰਨ ਦਿਨ ਵਿੱਚ ਹੱਲ ਕਰ ਲਿਆ ਜਾਵੇਗਾ।
ਕੈਬਨਿਟ ਮੰਤਰੀ ਬਣਦਿਆਂ ਦੂਜੇ ਦਿਨ ਹੀ ਮੰਡੀਆਂ ਦਾ ਦੌਰਾ ਕਰਨ ਨਿੱਕਲੇ ਆਸ਼ੂ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਫ਼ਸਲ ਦਾ ਇੱਕ-ਇੱਕ ਦਾਣਾ ਖਰੀਦਣ ਲਈ ਵਚਨਬੱਧ ਹੈ। ਪੰਜਾਬ ਸਰਕਾਰ ਵੱਲੋਂ ਅਪਣਾਈ ਗਈ ਵਿਸ਼ੇਸ਼ ਨੀਤੀ ਤਹਿਤ ਸੂਬੇ ਭਰ ਵਿੱਚ ਕਣਕ ਦੀ ਖਰੀਦ ਅਤੇ ਅਦਾਇਗੀ ਪ੍ਰਕਿਰਿਆ ਬੜੇ ਸੁਚੱਜੇ ਤਰੀਕੇ ਨਾਲ ਚੱਲ ਰਹੀ ਹੈ। ਕਿਸਾਨਾਂ ਦੀ ਜਿਣਸ ਦੀ ਕੀਮਤ ਉਨਾਂ ਨੂੰ ਨਾਲ-ਨਾਲ ਖਰੀਦ ਤੋਂ 48 ਘੰਟੇ ਵਿੱਚ-ਵਿੱਚ ਕੀਤੀ ਜਾ ਰਹੀ ਹੈ, ਤਾਂ ਜੋ ਕਿਸਾਨਾਂ ਨੂੰ ਆਪਣੀ ਅਦਾਇਗੀ ਲਈ ਸਰਕਾਰੇ-ਦਰਬਾਰੇ ਪ੍ਰੇਸ਼ਾਨ ਨਾ ਹੋਣਾ ਪਵੇ। ਇਸੇ ਤਰਾਂ ਕਿਸਾਨਾਂ ਦੀ ਫ਼ਸਲ ਦੀ ਅਦਾਇਗੀ ਆਨਲਾਈਨ ਵਿਧੀ ਰਾਹੀਂ ਨਾਲ ਦੀ ਨਾਲ ਹੀ ਕੀਤੀ ਜਾ ਰਹੀ ਹੈ।
ਉਨਾਂ ਕਿਹਾ ਕਿ ਉਨਾਂ ਨੇ ਹਾਲੇ ਵਿਭਾਗ ਦਾ ਚਾਰਜ ਸੰÎਭਾਲਣਾ ਹੈ ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮਿਲੇ ਆਦੇਸ਼ ‘ਤੇ ਉਨਾਂ ਅੱਜ ਮੰਡੀਆਂ ਦਾ ਦੌਰਾ ਕਰਕੇ ਖਰੀਦ ਪ੍ਰਬੰਧਾਂ ਨੂੰ ਦੇਖਣ ਚਾਹਿਆ। ਉਨਾਂ ਕਿਹਾ ਕਿ ਉਨਾਂ ਦੇ ਧਿਆਨ ਵਿੱਚ ਆਇਆ ਹੈ ਕਿ ਮੰਡੀਆਂ ਵਿੱਚ ਲਿਫਟਿੰਗ ਦੀ ਸਮੱਸਿਆ ਗੰਭੀਰ ਹੈ। ਉਨਾਂ ਕਿਹਾ ਕਿ ਇਸ ਵਾਰ ਮੌਸਮ ਦੇ ਮਿਜ਼ਾਜ਼ ਦੇ ਚੱਲਦਿਆਂ ਅਤੇ ਝੋਨੇ ਦੀ ਲੱਗੀ ਸਪੈਸ਼ਲ ਕਾਰਨ ਕਣਕ ਦੀ ਲਿਫ਼ਟਿੰਗ ਵਿੱਚ ਖੜੋਤ ਆਈ ਹੈ। ਉਨਾਂ ਦੀ ਇਸ ਬਾਬਤ ਉੱਚ ਅਧਿਕਾਰੀਆਂ ਨਾਲ ਗੱਲ ਹੋ ਚੁੱਕੀ ਹੈ ਅਤੇ ਕੋਸ਼ਿਸ਼ ਕੀਤੀ ਜਾਵੇਗੀ ਕਿ ਲਿਫ਼ਟਿੰਗ ਦੀ ਸਮੱਸਿਆ ਨੂੰ ਦੋ ਤਿੰਨ ਦਿਨਾਂ ਵਿੱਚ ਮੁਕੰਮਲ ਤੌਰ ‘ਤੇ ਹੱਲ ਕਰ ਲਿਆ ਜਾਵੇ। ਉਨਾਂ ਹੋਰ ਕਿਹਾ ਕਿ ਮੰਡੀਵਾਈਜ਼ ਟਰੱਕਾਂ ਦੀ ਵੰਡ ਦਰੁਸਤ ਕਰਾਈ ਜਾਵੇਗੀ। ਉਨਾਂ ਦਾਅਵੇ ਨਾਲ ਕਿਹਾ ਕਿ ਮੰਡੀਆਂ ਵਿੱਚ ਬਾਰਦਾਨਾ ਦੀ ਕਮੀ ਨਹੀਂ ਹੈ ਅਤੇ ਖਰੀਦ ਅਤੇ ਅਦਾਇਗੀ ਪ੍ਰਕਿਰਿਆ ਵੀ ਸੁਚਾਰੂ ਤਰੀਕੇ ਨਾਲ ਚੱਲ ਰਹੀ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਸ਼ੂ ਨੇ ਕਿਹਾ ਕਿ ਕੈਬਨਿਟ ਮੰਤਰੀ ਬਣਨ ਉਪਰੰਤ ਉਨਾਂ ਦੀ ਪਹਿਲੀ ਤਰਜੀਹ ਖਰੀਦ ਪ੍ਰਬੰਧਾਂ ਨੂੰ ਸੁਚਾਰੂ ਤਰੀਕੇ ਨਾਲ ਚਲਾਉਣਾ ਹੈ, ਜਦਕਿ ਉਸ ਤੋਂ ਬਾਅਦ ਵਿਭਾਗ ਵਿੱਚ ਪਾਰਦਰਸ਼ਤਾ ਲਿਆਉਣ ਅਤੇ ਭ੍ਰਿਸ਼ਟਾਚਾਰ ਖ਼ਤਮ ਕਰਨ ‘ਤੇ ਜ਼ੋਰ ਦਿੱਤਾ ਜਾਵੇਗਾ। ਉਨਾਂ ਕਿਹਾ ਕਿ ਪਿਛਲੇ ਇੱਕ ਸਾਲ ਦੇ ਸਮੇਂ ਦੌਰਾਨ ਵਿਭਾਗੀ ਕੰਮਾਂ ਵਿੱਚ ਕਾਫੀ ਸੁਧਾਰ ਆਇਆ ਹੈ।
ਇਸ ਮੌਕੇ ਗੱਲਬਾਤ ਕਰਦਿਆਂ ਲੋਕ ਸਭਾ ਮੈਂਬਰਰਵਨੀਤ ਸਿੰਘ ਬਿੱਟੂ ਨੇ ਜਿੱਥੇ ਸ੍ਰੀ ਭਾਰਤ ਭੂਸ਼ਣ ਆਸ਼ੂ ਨੂੰ ਕੈਬਨਿਟ ਮੰਤਰੀ ਬਣਨ ‘ਤੇ ਵਧਾਈ ਦਿੱਤੀ, ਉਥੇ ਨਾਲ ਹੀ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਸਰਬਪੱਖੀ ਵਿਕਾਸ ਲਈ ਦ੍ਰਿੜ ਯਤਨਸ਼ੀਲ ਹੈ। ਕਣਕ ਦੀ ਖਰੀਦ ਪ੍ਰਕਿਰਿਆ ਦੌਰਾਨ ਕਿਸਾਨਾਂ ਨੂੰ ਮੰਡੀਆਂ ਵਿੱਚ ਰੁਲਣ ਨਹੀਂ ਦਿੱਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਧਾਇਕ ਸੰਜੇ ਤਲਵਾੜ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ, ਵਧੀਕ ਡਿਪਟੀ ਕਮਿਸ਼ਨਰ ਨੀਰੂ ਕਤਿਆਲ ਗੁਪਤਾ, ਦਮਨਜੀਤ ਸਿੰਘ ਮਾਨ ਐੱਸ. ਡੀ. ਐੱਮ. ਲੁਧਿਆਣਾ (ਪੱਛਮੀ), ਰਾਮ ਸਿੰਘ ਐੱਸ. ਡੀ. ਐੱਮ. ਜਗਰਾਂਉ, ਮੇਜਰ ਸਿੰਘ ਭੈਣੀ, ਮੇਜਰ ਸਿੰਘ ਮੁੱਲਾਂਪੁਰ, ਮਨਜੀਤ ਸਿੰਘ ਹੰਬੜਾਂ, ਆਨੰਦ ਸਰੂਪ ਸਿੰਘ ਮੋਹੀ ਅਤੇ ਹੋਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।