ਲਾਡੋਵਾਲ ਮੈਗਾ ਫੂਡ ਪਾਰਕ ਜਲਦ ਹੋਵੇਗਾ ਸ਼ੁਰੂ, 95 ਫੀਸਦੀ ਕੰਮ ਮੁਕੰਮਲ

Loading

ਮੈਨੇਜਿੰਗ ਡਾਇਰੈਕਟਰ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਵੱਲੋਂ ਨਿਵੇਸ਼ਕਾਂ ਨੂੰ ਕਲੱਸਟਰ ਬਣਾ ਕੇ ਨਿਵੇਸ਼ ਕਰਨ ਦਾ ਸੱਦਾ

ਲੁਧਿਆਣਾ, 8 ਫਰਵਰੀ ( ਸਤ ਪਾਲ ਸੋਨੀ ) : ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਵੱਲੋਂ ਲਾਡੋਵਾਲ ਵਿਖੇ ਸਥਾਪਤ ਕੀਤਾ ਜਾ ਰਿਹਾ ‘ਮੈਗਾ ਫੂਡ ਪਾਰਕ’ ਅਗਲੇ ਦੋ ਮਹੀਨੇ ਵਿੱਚ ਚਾਲੂ ਕਰਨ ਦਾ ਟੀਚਾ ਹੈ, ਜਿਸ ਦਾ ਢਾਂਚਾਗਤ ਉਸਾਰੀ ਕੰਮ 95 ਫੀਸਦੀ ਮੁਕੰਮਲ ਹੋ ਚੁੱਕਾ ਹੈ। ਇਹ ਜਾਣਕਾਰੀ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਸਿੱਬਨ ਸੀ ਨੇ ਅੱਜ ਸਥਾਨਕ ਬਚਤ ਭਵਨ ਵਿਖੇ ਪੰਜਾਬ ਭਰ ਤੋਂ ਪਹੁੰਚੇ ਨਿਵੇਸ਼ਕਾਂ ਅਤੇ ਵਿਭਾਗੀ ਅਧਿਕਾਰੀਆਂ ਲਈ ਆਯੋਜਿਤ ਕੀਤੇ ਗਏ ਰਾਜ ਪੱਧਰੀ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਦਿੱਤੀ। ਇਸ ਸੈਮੀਨਾਰ ਵਿੱਚ ਨਿਵੇਸ਼ਕਾਂ ਨੂੰ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਫੂਡ ਪ੍ਰੋਸੈਸਿੰਗ ਖੇਤਰ ਵਿੱਚ ਨਿਵੇਸ਼ ਕਰਨ ਲਈ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ ਗਈ। ਸਿੱਬਨ ਨੇ ਦੱਸਿਆ ਕਿ ਲਾਡੋਵਾਲ ਮੈਗਾ ਫੂਡ ਪਾਰਕ ਵਿੱਚ ਅੰਤਰਰਾਸ਼ਟਰੀ ਪੱਧਰ ਦੇ ਨਿਵੇਸ਼ਕਾਂ ਗੋਦਰੇਜ-ਟਾਈਸਨ ਫੂਡਜ਼, ਇਸਕੋਨ ਬਾਲਾਜੀ ਫੂਡਜ਼ ਅਤੇ ਮੀਟ ਮਾਸਟਰਜ਼ ਨੇ ਨਿਵੇਸ਼ ਕਰਕੇ ਆਪਣੇ ਪ੍ਰੋਜੈਕਟ ਤਿਆਰ ਕਰ ਲਏ ਹਨ, ਜਦਕਿ ਹੋਰ ਨਿਵੇਸ਼ਕਾਂ ਵੱਲੋਂ ਸਨਅਤੀ ਪਲਾਟਾਂ ਦੀ ਖਰੀਦੋ-ਫਰੋਖ਼ਤ ਕਰਕੇ ਲੋੜੀਦੀਆਂ ਕਾਰਵਾਈਆਂ ਮੁਕੰਮਲ ਕੀਤੀਆਂ ਜਾ ਰਹੀਆਂ ਹਨ। ਉਨਾਂ ਕਿਹਾ ਕਿ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਸੂਬੇ ਵਿੱਚ ਫੂਡ ਪ੍ਰੋਸੈਸਿੰਗ ਦਾ ਕੰਮ ਵਧਾਉਣ ਲਈ ਦ੍ਰਿੜ ਯਤਨਸ਼ੀਲ ਹਨ, ਜਿਸ ਕਰਕੇ ਨਿਵੇਸ਼ਕਾਂ ਨੂੰ ਇਸ ਖੇਤਰ ਵਿੱਚ ਨਿਵੇਸ਼ ਕਰਨ ਲਈ ਵੱਡੀਆਂ ਸਬਸਿਡੀਆਂ ਅਤੇ ਹੋਰ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨਾਂ ਨਿਵੇਸ਼ਕਾਂ ਨੂੰ ਸੱਦਾ ਦਿੱਤਾ ਕਿ ਉਹ ਕਲੱਸਟਰ ਬਣਾ ਕੇ ਇਸ ਖੇਤਰ ਵਿੱਚ ਨਿਵੇਸ਼ ਕਰਨ ਤਾਂ ਜੋ ਉਹ ਵੱਧ ਤੋਂ ਵੱਧ ਯੋਜਨਾਵਾਂ ਦਾ ਲਾਭ ਲੈ ਸਕਣ।

ਉਨਾਂ ਕਿਹਾ ਕਿ ਲਾਡੋਵਾਲ ਮੈਗਾ ਫੂਡ ਪਾਰਕ ਤੋਂ ਇਲਾਵਾ ਅਬੋਹਰ, ਹੁਸ਼ਿਆਰਪੁਰ, ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਤਲਵੰਡੀ ਸਾਬੋ ਵਿਖੇ ਪ੍ਰਾਇਮਰੀ ਪ੍ਰੋਸੈਸਿੰਗ ਸੈਂਟਰ ਵੀ ਸਥਾਪਤ ਕੀਤੇ ਜਾ ਰਹੇ ਹਨ। ਮੈਗਾ ਫੂਡ ਪਾਰਕ ਵਿੱਚ ਨਿਵੇਸ਼ ਕਰਨ ਵਾਲੇ ਨਿਵੇਸ਼ਕ ਇਨਾਂ ਸੈਂਟਰਾਂ ਦਾ ਵੀ ਲਾਭ ਲੈ ਸਕਣਗੇ। ਉਨਾਂ ਕਿਹਾ ਕਿ ਜ਼ਿਲਾ ਲੁਧਿਆਣਾ ਤੋਂ ਬਿਨਾਂ ਬਾਕੀ ਜ਼ਿਲਿਆਂ ਵਿੱਚ ‘ਮਿੰਨੀ ਫੂਡ ਪਾਰਕ’ ਵੀ ਸਥਾਪਤ ਕੀਤੇ ਜਾ ਸਕਦੇ ਹਨ, ਜਿਸ ਲਈ ਘੱਟੋ-ਘੱਟ 10 ਏਕੜ ਰਕਬਾ ਹੋਣਾ ਜ਼ਰੂਰੀ ਹੈ। ਉਨਾਂ ਕਿਹਾ ਕਿ ਪੰਜਾਬ ਕੋਲ ਦੇਸ਼ ਦਾ ਮਹਿਜ਼ 1.5 ਫੀਸਦੀ ਭੂਗੋਲਿਕ ਹਿੱਸਾ ਹੈ ਪਰ ਭੋਜਨ ਉਤਪਾਦਨ ਵਿੱਚ ਇਸ ਦਾ ਹਿੱਸਾ ਬਾਕੀ ਸੂਬਿਆਂ ਨਾਲੋਂ ਕਿਤੇ ਜਿਆਦਾ ਹੈ। ਇਹ ਬੜੇ ਦੀ ਦੁੱਖ ਦੀ ਗੱਲ ਹੈ ਕਿ ਪੰਜਾਬ ਵਿੱਚ ਫਸਲਾਂ ਦੀ ਕਟਾਈ ਅਤੇ ਹੋਰ ਪ੍ਰਕਿਰਿਆਵਾਂ ਦੌਰਾਨ ਅਨਾਜ ਦਾ ਕਾਫੀ ਖ਼ਰਾਬਾ ਹੋ ਜਾਂਦਾ ਹੈ, ਜਿਸ ਨੂੰ ਫੂਡ ਪ੍ਰੋਸੈਸਿੰਗ ਰਾਹੀਂ ਹੀ ਖ਼ਤਮ ਕੀਤਾ ਜਾ ਸਕਦਾ ਹੈ।

ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਿਵੇਸ਼ਕਾਂ ਦੀ ਸਹੂਲਤ ਲਈ ‘ਇਨਵੈਸਟ ਪੰਜਾਬ ਬਿਊਰੋ’ ਦੀ ਸਥਾਪਨਾ ਕੀਤੀ ਹੋਈ ਹੈ, ਜਿਸ ਰਾਹੀਂ ਨਿਵੇਸ਼ਕ ਨੂੰ ਲੋਡ਼ੀਂਦੀਆਂ ਹਰ ਤਰਾਂ ਦੀਆਂ ਪ੍ਰਵਾਨਗੀਆਂ ਤੁਰੰਤ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਇਸ ਮੌਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਨੁਮਾਇੰਦੇ ਨੇ ਨਿਵੇਸ਼ਕਾਂ ਅਤੇ ਸਰਕਾਰੀ ਅਧਿਕਾਰੀਆਂ ਨੂੰ ਭਰੋਸਾ ਦਿੱਤਾ ਕਿ ਖੇਤੀ ਵਿੰਭਿੰਨਤਾ ਅਤੇ ਤਕਨੀਕ ਵਿਕਾਸ ਵਿੱਚ ਯੂਨੀਵਰਸਿਟੀ ਵੱਲੋਂ ਪੂਰਨ ਸਹਿਯੋਗ ਦਿੱਤਾ ਜਾਵੇਗਾ। ਮੀਟਿੰਗ ਵਿੱਚ ਹਾਜ਼ਰ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਲਾਡੋਵਾਲ ਮੈਗਾ ਫੂਡ ਪਾਰਕ ਦੀ ਮੌਜੂਦਾ ਸਥਿਤੀ ਬਾਰੇ ਜਾਣੂ ਕਰਵਾਇਆ ਅਤੇ ਦੱਸਿਆ ਕਿ ਇਸ ਪਾਰਕ ਨੂੰ ਪੰਜਾਬ ਦੇ ਹਰੇਕ ਸ਼ਹਿਰ ਨਾਲ ਜੋੜਨ ਲਈ ਤਿਆਰ ਕੀਤਾ ਜਾ ਰਿਹਾ ਲਾਡੋਵਾਲ ਬਾਈਪਾਸ ਵੀ ਜਲਦ ਸ਼ੁਰੂ ਹੋਣ ਜਾ ਰਿਹਾ ਹੈ।

ਸੈਮੀਨਾਰ ਦੌਰਾਨ ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੀਪ੍ਰਧਾਨ ਮੰਤਰੀ ਕਿਸਾਨ ਸੰਪਦਾ ਯੋਜਨਾਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਇਸ ਮੌਕੇ ਨਾਬਾਰਡ ਅਤੇ ਗਰਾਂਟ ਥੌਰੰਟਨ ਦੇ ਨੁਮਾਇੰਦਿਆਂ ਵੱਲੋਂ ਵੀ ਸੰਬੋਧਨ ਕੀਤਾ ਗਿਆ ਸੈਮੀਨਾਰ ਦੌਰਾਨ ਨਿਗਮ ਦੇ ਸੀਨੀਅਰ ਅਧਿਕਾਰੀ ਰਜਨੀਸ਼ ਤੁਲੀ, ਹੋਰ ਅਧਿਕਾਰੀ ਅਤੇ ਵੱਡੀ ਗਿਣਤੀ ਵਿੱਚ ਨਿਵੇਸ਼ਕ ਹਾਜ਼ਰ ਸਨ

34600cookie-checkਲਾਡੋਵਾਲ ਮੈਗਾ ਫੂਡ ਪਾਰਕ ਜਲਦ ਹੋਵੇਗਾ ਸ਼ੁਰੂ, 95 ਫੀਸਦੀ ਕੰਮ ਮੁਕੰਮਲ

Leave a Reply

Your email address will not be published. Required fields are marked *

error: Content is protected !!