![]()
ਲਧਿਆਣਾ-ਦਿੱਲੀ ਉਡਾਣ ਪ੍ਰਧਾਨ ਮੰਤਰੀ ਦੀ ਉਡਾਣ ਸਕੀਮ ਅਤੇ ਪਿਛਲੀ ਅਕਾਲੀ-ਭਾਜਪਾ ਸਰਕਾਰ ਵੱਲੋਂ ਕੀਤੇ ਜੀਅ-ਤੋਡ਼ ਯਤਨਾਂ ਦਾ ਨਤੀਜਾ ਹੈ-ਮਹੇਸ਼ਇੰਦਰ ਸਿੰਘ ਗਰੇਵਾਲ

ਲੁਧਿਆਣਾ 03 ਸਤੰਬਰ ( ਸਤ ਪਾਲ ਸੋਨੀ ) : ਅੱਜ ਸ਼੍ਰੋਮਣੀ ਅਕਾਲੀ ਦਲ ਨੇ ਸਾਹਨੇਵਾਲ ਹਵਾਈ ਅੱਡੇ ਤੋਂ ਦਿੱਲੀ ਨੂੰ ਉਡਾਣ ਮੁਡ਼ ਸ਼ੁਰੂ ਕਰਨ ਦਾ ਸਿਹਰਾ ਆਪਣੇ ਸਿਰ ਲੈਣ ਲਈ ਪੰਜਾਬ ਕਾਂਗਰਸ ਨੂੰ ਝਾਡ਼ ਪਾਉਂਦਿਆਂ ਕਿਹਾ ਹੈ ਕਿ ਇਹ ਗੱਲ ਸਾਰੇ ਜਾਣਦੇ ਹਨ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਸ਼ੁਰੂ ਕੀਤੀ ਉਡਾਣ (ਉਡੇ ਦੇਸ਼ ਕਾ ਆਮ ਨਾਗਰਿਕ) ਸਕੀਮ ਕਰਕੇ ਅਜਿਹਾ ਸੰਭਵ ਹੋਇਆ ਹੈ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਤਰਜਮਾਨ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਹੈ ਕਿ ਕਿੰਨੇ ਅਫਸੋਸ ਦੀ ਗੱਲ ਹੈ ਕਿ ਲੁਧਿਆਣਾ ਸਾਂਸਦ ਰਵਨੀਤ ਬਿੱਟੂ ਸਮੇਤ ਬਹੁਤ ਸਾਰੇ ਕਾਂਗਰਸੀ ਆਗੂ ਸਾਹਨੇਵਾਲ ਤੋਂ ਦਿੱਲੀ ਉਡਾਣ ਨੂੰ ਦੁਬਾਰਾ ਸ਼ੁਰੂ ਕਰਵਾਉਣ ਦਾ ਸਿਹਰਾ ਲੈਣ ਲਈ ਵੱਡੇ ਵੱਡੇ ਹੋਰਡਿੰਗਜ਼ ਲਗਾ ਕੇ ਆਪਣੀ ਛਾਤੀ ਕੁੱਟ ਰਹੇ ਹਨ। ਰਵਨੀਤ ਬਿੱਟੂ ਇੱਕ ਸਾਂਸਦ ਹੈ। ਉਸ ਜਿਹੇ ਸਾਰੇ ਵਿਅਕਤੀਆਂ ਨੂੰ ਪ੍ਰਧਾਨ ਮੰਤਰੀ ਵੱਲੋਂ ਸ਼ੁਰੂ ਕੀਤੀ ਉਡਾਣ ਸਕੀਮ ਬਾਰੇ ਪਤਾ ਹੋਣਾ ਚਾਹੀਦਾ ਹੈ। ਇਸ ਸਕੀਮ ਨੇ ਉਨਾਂ ਸਾਰੇ ਖੇਤਰੀ ਹਵਾਈ ਅੱਡਿਆਂ ਨੂੰ ਨਵੀਂ ਜ਼ਿੰਦਗੀ ਦੇ ਦਿੱਤੀ ਹੈ, ਜਿਹਡ਼ੇ ਆਪਣੀਆਂ ਉਡਾਣਾਂ ਨੂੰ ਘਾਟੇ ਦਾ ਸੌਦਾ ਹੋਣ ਕਰਕੇ ਜਾਰੀ ਰੱਖਣ ਵਿਚ ਦਿੱਕਤ ਮਹਿਸੂਸ ਕਰ ਰਹੇ ਸਨ। ਖੇਤਰੀ ਸੰਪਰਕ ਨੂੰ ਹੱਲਾਸ਼ੇਰੀ ਦੇਣ ਲਈ ਸ਼ੁਰੂ ਕੀਤੀ ਇਹ ਸਕੀਮ ਉਡਾਣਾਂ ਲਈ ਕੁੱਲ ਹੋਈ ਬੁਕਿੰਗਜ਼ ਵਿਚੋਂ 50 ਫੀਸਦੀ ਕੋਟਾ 2500 ਰੁਪਏ ਪ੍ਰਤੀ ਸੀਟ ਉੱਤੇ ਦਿੱਤੇ ਜਾਣ ਦੀ ਆਗਿਆ ਦਿੰਦੀ ਹੈ।
ਰਵਨੀਤ ਬਿੱਟੂ ਨੂੰ ਇਤਿਹਾਸ ਅਤੇ ਚਲੰਤ ਮਾਮਲਿਆਂ ਤੋਂ ਜਾਣੂ ਹੋਣ ਲਈ ਆਖਦਿਆਂ ਗਰੇਵਾਲ ਨੇ ਕਿਹਾ ਕਿ ਉਸ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਪਹਿਲੀ ਵਾਰ ਲੁਧਿਆਣਾ-ਦਿੱਲੀ ਉਡਾਣ ਸ਼ੁਰੂ ਕਰਨ ਦਾ ਫੁਰਨਾ ਮਈ 2007 ਵਿਚ ਸੂਬੇ ਦੇ ਉਪ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਫੁਰਿਆ ਸੀ ਅਤੇ 13 ਮਾਰਚ 2008 ਨੂੰ ਅਲਾਈਂਸ ਏਅਰ ਨੇ ਲੁਧਿਆਣਾ ਤੋਂ ਉਡਾਣਾਂ ਸ਼ੁਰੂ ਕਰਨ ਬਾਰੇ ਸਿਧਾਂਤਕ ਤੌਰ ਤੇ ਫੈਸਲਾ ਲੈ ਕੇ ਇਸ ਵਿਚਾਰ ਨੂੰ ਹਕੀਕਤ ਦੇ ਰਾਹ ਉੱਤੇ ਤੋਰ ਦਿੱਤਾ ਸੀ। ਅਕਾਲੀ ਆਗੂ ਨੇ ਕਿਹਾ ਕਿ ਇਹ ਪ੍ਰਾਜੈਕਟ ਅਕਾਲੀ-ਭਾਜਪਾ ਸਰਕਾਰ ਅਤੇ ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ ਜੀ ਦੀਆਂ ਜੀਅ ਤੋਡ਼ ਕੋਸ਼ਿਸ਼ਾਂ ਸਦਕਾ ਨੇਪਰੇ ਚਡ਼੍ਹਿਆ ਸੀ। ਸਰਦਾਰ ਬਾਦਲ ਨੇ ਇਸ ਪ੍ਰਸਤਾਵ ਵੱਖ ਵੱਖ ਮਹਿਕਮਿਆਂ ਤੋਂ ਪਾਸ ਕਰਵਾਉਣ ਲਈ ਕੇਂਦਰੀ ਸਿਵਲ ਐਵੀਏਸ਼ਨ ਮੰਤਰਾਲੇ, ਰੱਖਿਆ ਮੰਤਰਾਲੇ ਅਤੇ ਏਅਰਪੋਰਟ ਅਥਾਰਟੀ ਆਫ ਇੰਡੀਆ ਨਾਲ ਬਹੁਤ ਸਾਰੀਆਂ ਮੀਟਿੰਗਾਂ ਕੀਤੀਆਂ ਸਨ।
ਬਿੱਟੂ ਨੂੰ ਕੱਲ੍ ਵਾਂਗ ਆਪਣੇ ਚਾਪਲੂਸਾਂ ਨਾਲ ਮਿਲ ਕੇ ਘਟੀਆ ਡਰਾਮੇਬਾਜ਼ੀ ਕਰਨ ਤੋਂ ਵਰਜਦਿਆਂ ਗਰੇਵਾਲ ਨੇ ਕਿਹਾ ਕਿ ਕਾਂਗਰਸੀ ਆਗੂ ਨੂੰ ਦੂਜਿਆਂ ਵੱਲੋਂ ਕੀਤੇ ਕੰਮਾਂ ਦਾ ਸਿਹਰਾ ਲੈਣ ਦੀ ਥਾਂ ਸ਼ਹਿਰ ਦੇ ਵਿਕਾਸ ਵਿਚ ਖੁਦ ਵੀ ਕੁੱਝ ਯੋਗਦਾਨ ਪਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਉਨਾਂ ਕਿਹਾ ਕਿ ਬਿੱਟੂ ਲਈ ਸਹੀ ਹੋਵੇਗਾ ਕਿ ਜੇਕਰ ਉਹ ਆਪਣੀ ਕਾਰਗੁਜ਼ਾਰੀ ਦਾ ਰਿਪੋਰਟ ਕਾਰਡ ਲੁਧਿਆਣਾ ਦੇ ਵਸਨੀਕਾਂ ਨੂੰ ਸੌਂਪ ਦੇਣ ਤਾਂ ਕਿ ਉਹ ਖੁਦ ਸਮਝ ਜਾਣ ਕਿ ਉਸ ਨੇ ਸ਼ਹਿਰ ਲਈ ਕੀ ਕੀਤਾ ਹੈ। ਉਨਾਂ ਕਿਹਾ ਕਿ ਕਿਰਪਾ ਕਰਕੇ ਦੱਸੋ ਕਿ ਕੀ ਤੁਸੀਂ ਲੁਧਿਆਣਾ ਅੰਦਰ ਇੱਕ ਵੀ ਅਹਿਮ ਸੰਸਥਾ ਜਾਂ ਕੋਈ ਵਿਕਾਸਮਈ ਪ੍ਰਾਜੈਕਟ ਲਿਆਂਦਾ ਹੈ। ਤੁਸੀਂ ਇਸ ਫਰੰਟ ਉੱਤੇ ਬਿਲਕੁੱਲ ਹੀ ਨਾਕਾਮ ਸਾਬਿਤ ਹੋਏ ਹੋ। ਇਸ ਲਈ ਚੰਗਾ ਹੋਵੇਗਾ ਕਿ ਪਹਿਲਾਂ ਤੁਸੀਂ ਕੋਈ ਕਾਰਗੁਜ਼ਾਰੀ ਕਰਕੇ ਵਿਖਾਓ ਅਤੇ ਬਾਅਦ ਵਿਚ ਉਸ ਦਾ ਸਿਹਰਾ ਆਪਣੇ ਸਿਰ ਲਵੋ।