![]()

ਬੋਲੀ ਲੱਗਣੀ ਬਾਕੀ- ਝੋਨਾ ਸਕਾਉਣ ਲਈ ਮਜਬੂਰ
ਸੰਦੌਡ਼ 19 ਨਵੰਬਰ ( ਹਰਮਿੰਦਰ ਸਿੰਘ ਭੱਟ ) : ਅੰਤਲੇ ਪਡ਼ਾਅ ਦੇ ਵਿੱਚ ਚੱਲ ਰਹੇ ਝੋਨੇ ਦੀ ਮੰਡੀ ਦੇ ਸੀਜਨ ਨੂੰ ਬੁਰੀ ਤਰ੍ਹਾਂ ਬੇਮੌਸ਼ਮੀ ਬਾਰਿਸ਼ ਨੇ ਪ੍ਰਭਾਵਿਤ ਕੀਤਾ ਹੈ।ਮੰਡੀਆਂ ਵਿੱਚ ਲੱਖਾਂ ਬੋਰੀ ਖਰੀਦ ਚੁੱਕੇ ਝੋਨੇ ਦੀ ਭਰੀ ਪਈ ਹੈ ਜਿਸਨੇ ਅਲਾਟ ਕੀਤੇ ਸ਼ੈਲਰਾਂ ਵਿੱਚ ਪਹੁੰਚਣਾ ਹੈ ਪਰ ਬਾਰਿਸ਼ ਵਿੱਚ ਭਾਂਵੇ ਆਡ਼ਤੀਆਂ ਵੱਲੋਂ ਇਹਨਾਂ ਬੋਰੀਆਂ ਨੂੰ ਤਰਪਾਲਾਂ ਦੇ ਨਾਲ ਪੂਰੀ ਤਰ੍ਹਾਂ ਢਕ ਕੇ ਰੱਖਿਆ ਗਿਆ ਸੀ ਪਰ ਫਿਰ ਵੀ ਖੁੱਲੇ ਆਸਮਾਨ ਵਿੱਚ ਪਏ ਇਸ ਝੋਨੇ ਦੇ ਮੌਸ਼ਮੀ ਸਿੱਲ੍ਹ ਵਿੱਚ ਵਾਧਾ ਹੋਣਾ ਕੁਦਰਤੀ ਹੈ।ਜਿਸ ਕਾਰਨ ਸੰਭਾਵਨਾ ਹੈ ਕਿ ਹੁਣ ਸ਼ੈਲਰਾਂ ਵਾਲੇ ਇਸ ਝੋਨੇ ਨੂੰ ਲੈਣ ਤੋਂ ਪਹਿਲਾ ਹੋਰ ਸੰਜੀਦਗੀ ਦਿਖਾਉਣਗੇ ਜਾਂ ਫਿਰ ਦੁਬਾਰਾ ਨਮੀ ਜਾਂਚ ਕਰਨਗੇ ਜਿਸਕੇ ਆਡ਼ਤੀਆਂ ਦੀ ਸਿਰਦਰਦੀ ਵਧ ਸਕਦੀ ਹੈ।ਇਕੱਤਰ ਕੀਤੀ ਗਈ ਜਾਣਕਾਰੀ ਦੇ ਅਨੁਸਾਰ ਅਨਾਜ ਮੰਡੀ ਸੰਦੌਡ਼ ਦੇ ਵਿੱਚ ਦੋ ਖਰੀਦ ਇਜੰਸੀਆਂ ਦੀ ਕਰੀਬ ਪੰਜਾਹ ਹਜ਼ਾਰ ਬੋਰੀ ਭਰੀ ਪਈ ਹੈ,ਅਨਾਜ ਮੰਡੀ ਪੰਜਗਰਾਈਆਂ ਦੇ ਵਿੱਚ ਕਰੀਬ ਪੱਚੀ ਹਜ਼ਾਰ ਬੋਰੀ,ਅਨਾਜ ਮੰਡੀ ਕੁਠਾਲਾ ਵਿੱਚ ਕਰੀਬ ਸੱਠ ਹਜ਼ਾਰ ਬੋਰੀ, ਅਨਾਜ ਮੰਡੀ ਗੁਰਬਖਸ਼ਪੁਰਾ ਵਿਖੇ ਕਰੀਬ ਤੇਰਾਂ ਹਜ਼ਾਰ ਬੋਰੀ,ਅਨਾਜ ਮੰਡੀ ਝੁਨੇਰ ਵਿਖੇ ਕਰੀਬ ਪੱਚੀ ਹਜ਼ਾਰ ਬੋਰੀ,ਅਨਾਜ ਮੰਡੀ ਮਿੱਠੇਵਾਲ ਵਿਖੇ ਕਰੀਬ ਪੱਚੀ ਹਜਾਰ ਬੋਰੀ,ਅਨਾਜ ਮੰਡੀ ਦਸੌਧਾ ਸਿੰਘ ਵਾਲਾ ਵਿਖੇ ਅੰਦਾਜਨ ਵੀਹ ਹਜ਼ਾਰ ਬੋਰੀ,ਅਨਾਜ ਮੰਡੀ ਮਾਹਮਮਦਪੁਰ ਵਿਖੇ ਅੰਦਾਜਨ ਤੀਹ ਹਜ਼ਾਰ ਬੋਰੀ ਭਰੀ ਪਈ ਹੈ ਇਹਨਾਂ ਸਮੇਤ ਹੋਰ ਵੀ ਬਹੁਤ ਸਾਰੀਆਂ ਮੰਡੀਆਂ ਦੇ ਵਿੱਚ ਬੋਰੀਆਂ ਦੇ ਅੰਬਾਰ ਲੱਗੇ ਪਏ ਹਨ।ਕਈ ਮੰਡੀਆਂ ਵਿੱਚ ਕੁਝ ਕਿਸਾਨਾਂ ਦਾ ਝੋਨਾ ਅਜੇ ਬੋਲੀ ਲੱਗਣ ਤੋਂ ਵੀ ਰਹਿੰਦਾ ਸੀ ਜੋ ਵੀ ਮੀਂਹ ਦੀ ਲਪੇਟ ਦੇ ਵਿੱਚ ਆ ਗਿਆ ਸੀ ਜਿਸਨੂੰ ਲੈ ਕੇ ਹਮੇਸ਼ਾ ਮਿਹਨਤ ਕਰਨ ਵਾਲਾ ਅੰਨਦਾਤਾ ਚਿੰਤਾ ਦੇ ਆਲਮ ਵਿੱਚ ਹੈ ਕਿਉਂਕਿ ਕੁਦਰਤ ਦੇ ਘਰ ਦਾ ਕੋਈ ਪਤਾ ਨਹੀਂ ਹੈ ਕਿ ਕਦੋ ਫਿਰ ਮੌਸ਼ਮ ਬਾਰਿਸ਼ ਵਾਲਾ ਬਣ ਜਾਵੇ।ਜਿਹਡ਼ੇ ਕਿਸਾਨਾਂ ਦਾ ਝੋਨਾ ਅਜੇ ਮੰਡੀਆਂ ਵਿੱਚ ਪਿਆ ਸੀ ਉਹ ਇਸ ਕੁਦਰਤੀ ਮਾਰ ਹੇਠ ਤਾਂ ਸਨ ਹੀ ਤੇ ਹੁਣ ਉਸ ਨੂੰ ਵੇਚਣ ਦੇ ਲਈ ਫੋਲਕੇ ਸੁਕਾ ਰਹੇ ਸਨ ਜਿਸ ਕਾਰਨ ਉਹਨਾਂ ਦੀਆਂ ਪ੍ਰੇਸ਼ਾਨੀਆਂ ਤਾਂ ਵਧ ਹੀ ਗਈਆਂ ਸਗੋ ਕੰਮ ਵੀ ਵਧ ਗਿਆ ਹੈ। ਜਿਹਡ਼ੀਆਂ ਬੋਰੀਆਂ ਝੋਨੇ ਦੇ ਨਾਲ ਭਰੀਆਂ ਪਈਆਂ ਹਨ ਉਹ ਕਿਸਾਨਾਂ ਵੱਲੋਂ ਤਾਂ ਵਿਕ ਚੁੱਕੀਆਂ ਹਨ ਤੇ ਉਮੀਦ ਹੈ ਕਿ ਬਹੁਤੇ ਕਿਸਾਨਾਂ ਨੂੰ ਇਹਨਾਂ ਦੇ ਚੈੱਕ ਵੀ ਮਿਲ ਗਏ ਹੋਣਗੇ ਪਰ ਜਿੰਨਾ ਚਿਰ ਲਿਫਟਿੰਗ ਨਹੀਂ ਹੁੰਦੀ ਉਹ ਆਡ਼ਤੀਆਂ ਦੀ ਸਿਰਦਰਦੀ ਬਣ ਗਈਆਂ ਹਨ ਇਸ ਲਈ ਬਹੁਤੇ ਆਡ਼ਤੀਏ ਸੂਰਜ ਦੇਵਤਾ ਵੱਲ ਤੱਕ ਰਹੇ ਹਨ ਕਿ ਸਖਤ ਜਿਹੀ ਧੁੱਪ ਨਿੱਕਲੇ ਤੇ ਸਾਰੀ ਸਿੱਲ੍ਹ ਖਤਮ ਹੋ ਕੇ ਲਿਫਟਿੰਗ ਚਾਲੂ ਹੋ ਸਕੇ।ਜੇਕਰ ਇਹ ਝੋਨਾ ਚੁੱਕਿਆ ਜਾਂਦਾ ਹੈ ਤਾਂ ਬਹੁਤੀਆਂ ਅਨਾਜ ਮੰਡੀਆਂ ਦਾ ਕੰਮ ਨੇਪਰੇ ਹੀ ਹੈ ਇਸ ਲਈ ਮਜਦੂਰ ਜਿਹਨਾਂ ਨੇ ਇਸ ਸੀਜਨ ਤੋਂ ਬਾਅਦ ਆਪਣੀ ਰੋਜੀ ਰੋਟੀ ਲਈ ਹੋਰ ਕਾਰਜ ਲੱਗਣਾ ਹੁੰਦਾ ਹੈ ਉਹ ਵੀ ਬਾਰਿਸ਼ ਕਰਕੇ ਰੁਕੇ ਕੰਮ ਨਾਲ ਪ੍ਰਭਾਵਿਤ ਹੋ ਰਹੇ ਹਨ ਤੇ ਮੰਡੀਆਂ ਵਿੱਚ ਹੀ ਰਹਿਣ ਲਈ ਮਜਬੂਰ ਹਨ ਇਸ ਸਬੰਧੀ ਮਜਦੂਰ ਨਿੱਕਾ ਸਿੰਘ ਨੇ ਕਿਹਾ ਕਿ ਮੰਡੀ ਦਾ ਸੀਜਨ ਤਾਂ ਸਾਡਾ ਛਿਮਾਹੀ ਹੁੰਦਾ ਹੈ ਇਸ ਵਿੱਚ ਜਦੋਂ ਕੰਮ ਖਤਮ ਹੋ ਜਾਂਦਾ ਹੈ ਅਸੀਂ ਲੇਬਰ ਦਾ ਦੂਸਰਾ ਕੰਮ ਕਰਨ ਲੱਗ ਜਾਂਦੇ ਹਾਂ।ਇਸ ਸਬੰਧ ਦੇ ਵਿੱਚ ਇੰਸਪੈਕਟਰ ਅਜੇ ਕੁਮਾਰ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਬਾਰਿਸ਼ ਦੇ ਕਾਰਨ ਰੁਕੀ ਇਸ ਲਿਫਟਿੰਗ ਦਾ ਕੰਮ ਭਲਕੇ ਸੁਰੂ ਹੋ ਜਾਵੇਗਾ।