![]()
ਅਕਾਲੀ-ਭਾਜਪਾ ਵੱਲੋਂ ਹਾਲੇ ਤੱਕ ਕੋਈ ਵੀ ਉਮੀਦਵਾਰ ਨਾ ਐਲਾਨੇ ਜਾਣ ਤੇ ਪ੍ਰਗਟਾਈ ਹੈਰਾਨੀ

ਲੁਧਿਆਣਾ, 13 ਅਪ੍ਰੈਲ (ਸਤ ਪਾਲ ਸੋਨੀ): ਲੁਧਿਆਣਾ ਨੂੰ ਆਉਂਦਿਆਂ ਪੰਜ ਸਾਲਾਂ ਚ ਹਰੇਕ ਪੱਖੋਂ ਟਾਪ ਤੇ ਲਿਆਇਆ ਜਾਵੇਗਾ। ਲੁਧਿਆਣਾ ਲੋਕ ਸਭਾ ਦੇ ਵੋਟਰਾਂ ਨੂੰ ਇਹ ਅਪੀਲ ਕਰਦਿਆਂ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਪਿਛਲੀ ਵਾਰ ਲੁਧਿਆਣਾ ਦੇ ਲੋਕਾਂ ਨੇ ਉਨਾਂ ਉੱਪਰ ਮਿਹਰ ਕਰਦਿਆਂ ਆਪਣਾ ਮੈਂਬਰ ਪਾਰਲੀਮੈਂਟ ਚੁਣਿਆ ਸੀ ਅਤੇ ਉਹ ਇਸ ਵਾਰ ਵੀ ਉਨਾਂ ਨੂੰ ਆਪਣਾ ਅਸ਼ੀਰਵਾਦ ਦੇਣਗੇ। ਅੱਜ ਮਲਹਾਰ ਰੋਡ ਤੇ ਆਪਣੇ ਚੋਣ ਦਫ਼ਤਰ ਦਾ ਉਦਘਾਟਨ ਕਰਦਿਆਂ ਬਿੱਟੂ ਨੇ ਕਿਹਾ ਕਿ ਉਹ ਸ਼ਹਿਰ ਨੂੰ ਹਰੇਕ ਪੱਖੋਂ ਨੰਬਰ ਇੱਕ ਦਾ ਸਿਟੀ ਬਣਾਉਣਗੇ ਅਤੇ ਵੱਧਦੀ ਟ੍ਰੈਫਿਕ ਸਮੱਸਿਆ, ਉਦਯੋਗਾਂ ਲਈ ਵਿਸ਼ੇਸ਼ ਰਿਆਇਤਾਂ ਤੇ ਪ੍ਰਦੂਸ਼ਣ ਨਾਲ ਨਿਪਟਣ ਲਈ ਵਿਸ਼ੇਸ਼ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ। ਉਹ ਦੇਸ਼ ਭਰ ਚ ਲੁਧਿਆਣਾ ਨੂੰ ਹਰ ਇੱਕ ਪੱਖੋਂ ਟਾਪ ਤੇ ਦੇਖਣਾ ਚਾਹੁੰਦੇ ਹਨ ਉਹ ਵੋਟਰਾਂ ਨੂੰ ਉਨਾਂ ਨੂੰ ਇੱਕ ਵਾਰ ਫਿਰ ਤੋਂ ਉਨਾਂ ਨੂੰ ਸੇਵਾ ਕਰਨ ਦਾ ਮੌਕਾ ਦੇਣ ਅਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਹੱਥ ਮਜ਼ਬੂਤ ਕਰਨ ਦੀ ਅਪੀਲ ਕਰਦੇ ਹਨ।ਬਿੱਟੂ ਨੇ ਕੇਂਦਰ ਚ ਭਾਜਪਾ ਅਗਵਾਈ ਵਾਲੀ ਮੋਦੀ ਸਰਕਾਰ ਦੀਆਂ ਗਲਤ ਨੀਤੀਆਂ ਤੇ ਪ੍ਰਤੀਕਿਰਿਆ ਜਾਹਿਰ ਕਰਦਿਆਂ ਕਿਹਾ ਕਿ ਨੋਟਬੰਦੀ ਅਤੇ ਜੀਐੱਸਟੀ ਨੇ ਮੱਧਮ ਤੇ ਛੋਟੇ ਬਿਜ਼ਨਸਾਂ ਨੂੰ ਤਬਾਹ ਕਰ ਦਿੱਤਾ ਹੈ। ਭਾਜਪਾ ਸਰਕਾਰ ਵੱਲੋਂ ਚੁੱਕੇ ਗਏ ਲੋਕ ਵਿਰੋਧੀ ਕਦਮਾਂ ਦਾ ਲੁਧਿਆਣਾ ਦੀ ਇੰਡਸਟਰੀ ਤੇ ਬੁਰਾ ਅਸਰ ਪਿਆ ਹੈ ਅਤੇ ਹੁਣ ਲੋਕ ਮੋਦੀ ਨੂੰ ਇੰਡਸਟਰੀ ਦੇ ਕੀਤੇ ਗਏ ਨੁਕਸਾਨ ਦਾ ਜਵਾਬ ਦੇਣਗੇ। ਮੋਦੀ ਵੱਲੋਂ ਸਿਰਫ ਕੁਝ ਵੱਡੇ ਉਦਯੋਗਪਤੀਆਂ ਨੂੰ ਫਾਇਦਾ ਪਹੁੰਚਾਇਆ ਗਿਆ ਹੈ ਜਦਕਿ ਬਾਕੀ ਹੋਰ ਵੈਂਟੀਲੇਟਰ ਤੇ ਹਨ। ਸਾਨੂੰ ਇਸ ਵਾਰ ਕੇਂਦਰ ਚ ਕਾਂਗਰਸ ਸਰਕਾਰ ਲਿਆਉਣੀ ਚਾਹੀਦੀ ਹੈ ਤਾਂ ਜੋ ਉਦਯੋਗਾਂ ਨੂੰ ਇਕ ਵਾਰ ਫਿਰ ਤੋਂ ਖੜ੍ਹਾ ਕੀਤਾ ਜਾ ਸਕੇ।
ਬਿੱਟੂ ਨੇ ਪੰਜਾਬ ਚ ਅਕਾਲੀ-ਭਾਜਪਾ ਨੂੰ ਕਰਡ਼ੇ ਹੱਥੀਂ ਲੈਂਦਿਆਂ ਕਿਹਾ ਕਿ ਜਿਨਾਂ ਦੇ ਖੁਦ ਦੇ ਘਰ ਸ਼ੀਸ਼ੇ ਨਾਲ ਬਣੇ ਹੁੰਦੇ ਹਨ ਉਨਾਂ ਨੂੰ ਦੂਜਿਆਂ ਤੇ ਪੱਥਰ ਨਹੀਂ ਮਾਰਨੇ ਚਾਹੀਦੇ ਹਨ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਦੂਜਿਆਂ ਉੱਪਰ ਤੇ ਨਕਰਾਤਮਕ ਪ੍ਰਤੀਕਿਰਿਆ ਦਾ ਜ਼ਾਹਿਰ ਕਰਨ ਤੋਂ ਪਹਿਲਾਂ ਆਪਣੀ ਪਾਰਟੀ ਨੂੰ ਦੇਖਣਾ ਚਾਹੀਦਾ ਹੈ। ਉਨਾਂ ਨੂੰ ਆਪਣੇ ਘਰ ਨੂੰ ਠੀਕ ਕਰਨਾ ਚਾਹੀਦਾ ਹੈ। ਅੱਜ ਅਕਾਲੀ ਦਲ ਦੇ ਹਾਲਾਤ ਅਜਿਹੇ ਹਨ ਕਿ ਇਨਾਂ ਕੋਲ ਲੁਧਿਆਣਾ ਚ ਕੋਈ ਉਮੀਦਵਾਰ ਨਹੀਂ ਹੈ ਅਤੇ ਇਹੋ ਕਾਰਨ ਹੈ ਕਿ ਇਹ ਅੱਜ ਤੱਕ ਸੋਚ ਰਹੇ ਹਨ ਤੇ ਕੋਈ ਵੀ ਫੈਸਲਾ ਨਹੀਂ ਲੈ ਸਕੇ। ਬਾਦਲ ਫੀਡਬੈਕ ਲੈ ਚੁੱਕੇ ਹਨ ਕਿ ਲੁਧਿਆਣਾ ਚ ਇਨਾਂ ਦੇ ਉਮੀਦਵਾਰ ਨਾਲ ਕੀ ਹੋਣ ਵਾਲਾ ਹੈ, ਇਹੋ ਕਾਰਨ ਹੈ ਕਿ ਇਹ ਹਾਲੇ ਤੱਕ ਸਹੀ ਵਿਅਕਤੀ ਦੀ ਤਲਾਸ਼ ਕਰ ਰਹੇ ਹਨ। ਲੁਧਿਆਣਾ ਦੇ ਲੋਕ ਇਸ ਗੱਲ ਨੂੰ ਸਮਝਦੇ ਹਨ ਅਤੇ ਬੀਤੇ ਦਸ ਸਾਲਾਂ ਦੌਰਾਨ ਬਾਦਲਾਂ ਕਾਰਨ ਪੰਜਾਬ ਨੇ ਜੋ ਸਿਹਾ ਹੈ, ਜਿਨਾਂ ਦੀ ਸਿਆਸੀ ਹੋਂਦ ਹੁਣ ਖ਼ਤਮ ਹੋ ਚੁੱਕੀ ਹੈ। ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਦੀ ਕਾਂਗਰਸ ਸਰਕਾਰ ਸੂਬੇ ਚ ਵਿਕਾਸ ਲਈ ਕੋਈ ਵੀ ਕਸਰ ਬਾਕੀ ਨਹੀਂ ਛੱਡ ਰਹੀ ਹੈ ਅਤੇ 2 ਸਾਲਾਂ ਦੇ ਸ਼ਾਸਨ ਕਾਲ ਚ ਇਨਾਂ ਨੇ ਇਹ ਕਰਕੇ ਦਿਖਾਇਆ ਹੈ।
ਬਿੱਟੂ ਨੇ ਅਸ਼ਟਮੀ (ਨਰਾਤਿਆਂ ਦੇ ਆਖ਼ਰੀ ਦਿਨ) ਮੌਕੇ ਸਾਰਿਆਂ ਧਰਮਾਂ ਦੀਆਂ ਪਵਿੱਤਰ ਪ੍ਰਾਰਥਨਾਵਾਂ ਨਾਲ ਆਪਣੇ ਚੋਣ ਦਫ਼ਤਰ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਹੋਰਨਾਂ ਤੋਂ ਇਲਾਵਾ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ, ਐਮਐਲਏ ਰਾਕੇਸ਼ ਪਾਂਡੇ, ਸੁਰਿੰਦਰ ਡਾਬਰ, ਸੰਜੇ ਤਲਵਾੜ, ਕੁਲਦੀਪ ਵੈਦ, ਮੇਅਰ ਬਲਕਾਰ ਸਿੰਘ ਸੰਧੂ, ਲੁਧਿਆਣਾ ਕਾਂਗਰਸ ਸ਼ਹਿਰ ਦੇ ਪ੍ਰਧਾਨ ਅਸ਼ਵਨੀ ਸ਼ਰਮਾ, ਦਿਹਾਤੀ ਜ਼ਿਲਾ ਕਾਂਗਰਸ ਦੇ ਪ੍ਰਧਾਨ ਕਰਨ ਸੋਨੀ ਸਮੇਤ ਸਾਰੀਆਂ ਪ੍ਰਮੁੱਖ ਜਥੇਬੰਦੀਆਂ (ਮਹਿਲਾ ਕਾਂਗਰਸ, ਯੂਥ ਕਾਂਗਰਸ, ਐਨਐਸਯੂਆਈ, ਸੇਵਾ ਦਲ) ਦੇ ਆਗੂਆਂ ਸਮੇਤ ਜ਼ਿਲ੍ਹਾ ਕਾਂਗਰਸ ਦੇ ਆਗੂ ਵੀ ਮੌਜੂਦ ਰਹੇ।