![]()

ਪੀਡ਼ਤ ਲੋਕਾਂ ਲਈ ਨਿਆਂ ਦੀ ਉਮੀਦ ਬਣੀ ਜੱਜ ਡਾ. ਗੁਰਪ੍ਰੀਤ ਕੌਰ
ਲੁਧਿਆਣਾ, 9 ਅਕਤੂਬਰ ( ਸਤ ਪਾਲ ਸੋਨੀ ) : ਭਾਰਤ ਸਰਕਾਰ ਦੇ ਇਸਤਰੀ ਅਤੇ ਬਾਲ ਵਿਕਾਸ ਮੰਤਰਾਲੇ ਦੇ ਆਦੇਸ਼ਾਂ ‘ਤੇ ਪੂਰੇ ਦੇਸ਼ ਵਿੱਚ ਮਿਤੀ 9 ਅਕਤੂਬਰ ਤੋਂ 14 ਅਕਤਬੂਰ, 2017 ਤੱਕ ‘ਬੇਟੀ ਬਚਾਓ-ਬੇਟੀ ਪਡ਼ਾਓ’ ਜਾਗਰੂਕਤਾ ਹਫ਼ਤਾ ਮਨਾਇਆ ਜਾ ਰਿਹਾ ਹੈ। ਇਸ ਹਫ਼ਤੇ ਦੌਰਾਨ ਜਿੱਥੇ ਵੱਖ-ਵੱਖ ਮਾਧਿਅਮਾਂ ਰਾਹੀਂ ਲੋਕਾਂ ਨੂੰ ਭਰੂਣ ਹੱਤਿਆ ਰੋਕਣ, ਬੇਟੀਆਂ ਦੀ ਪਡ਼ਾਈ ਅਤੇ ਉਨਾਂ ਦੇ ਸਸ਼ਕਤੀਕਰਨ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ, ਉਥੇ ਇਹ ਦੱਸਿਆ ਜਾਣਾ ਵੀ ਯੋਗ ਹੈ ਕਿ ਸਾਡੇ ਦੇਸ਼ ਦੀਆਂ ਬੇਟੀਆਂ ਹੁਣ ਹਰ ਖੇਤਰ ਵਿੱਚ ਅੱਗੇ ਵਧ ਰਹੀਆਂ ਹਨ। ਦੇਸ਼ ਦੇ ਲੋਕਾਂ ਨੂੰ ਨਿਆਂ ਦੇਣ ਲਈ ਨਿਆਂ ਪ੍ਰਣਾਲੀ ਆਪਣਾ ਕਿਰਦਾਰ ਬਾਖ਼ੂਬੀ ਨਿਭਾਅ ਰਹੀ ਹੈ। ਕੋਈ ਸਮਾਂ ਹੁੰਦਾ ਸੀ ਜਦੋਂ ਸਾਡੀ ਨਿਆਂ ਪ੍ਰਣਾਲੀ ਵਿੱਚ ਔਰਤਾਂ ਦੀ ਬਹੁਤ ਕਮੀ ਹੁੰਦੀ ਸੀ ਪਰ ਅੱਜ ਹੋਰਨਾਂ ਖੇਤਰਾਂ ਦੇ ਨਾਲ-ਨਾਲ ਨਿਆਂ ਪ੍ਰਣਾਲੀ ਵਿੱਚ ਵੀ ਔਰਤਾਂ ਦਾ ਅਹਿਮ ਸਥਾਨ ਬਣ ਗਿਆ ਹੈ। ਇਨਾਂ ਨਿਆਂ ਦਾਤੀਆਂ ਵਿੱਚੋਂ ਇੱਕ ਹੈ ਚੀਫ਼ ਜੂਡੀਸ਼ੀਅਲ ਮੈਜਿਸਟ੍ਰੇਟ ਡਾ. ਗੁਰਪ੍ਰੀਤ ਕੌਰ, ਜੋ ਇਸ ਵੇਲੇ ਜ਼ਿਲ਼ਾ ਕਚਿਹਰੀਆਂ ਲੁਧਿਆਣਾ ਵਿਖੇ ਬਤੌਰ ਸਕੱਤਰ, ਜ਼ਿਲ਼ਾ ਕਾਨੂੰਨੀ ਸੇਵਾਵਾਂ ਅਥਾਰਟੀ ਵਜੋਂ ਸੇਵਾਵਾਂ ਨਿਭਾਅ ਰਹੇ ਹਨ।
ਡਾ. ਗੁਰਪ੍ਰੀਤ ਕੌਰ ਸ਼ਹਿਰ ਅਜੀਤਗਡ਼ (ਮੋਹਾਲੀ) ਨਾਲ ਸੰਬੰਧ ਰੱਖਦੇ ਹਨ। ਵਿਦਿਅਕ ਯੋਗਤਾ ਵਿੱਚ ਉਨਾਂ ਨੇ ਐੱਲ. ਐੱਲ. ਐੱਮ., ਪੀ. ਐੱਚ. ਡੀ. (ਐੱਨ. ਡੀ. ਪੀ. ਐੱਸ. ਐਕਟ) ਕੀਤੀ ਹੋਈ ਹੈ ਅਤੇ ਉਹ ਹਿੰਦੀ, ਪੰਜਾਬੀ ਅਤੇ ਅੰਗਰੇਜ਼ੀ ਦੇ ਨਾਲ-ਨਾਲ ਉਰਦੂ ਜ਼ੁਬਾਨ ਵਿੱਚ ਵੀ ਖਾਸੀ ਮੁਹਾਰਤ ਰੱਖਦੇ ਹਨ। ਨੌਕਰੀ ਦੇ ਸ਼ੁਰੂਆਤੀ ਜੀਵਨ ਦੌਰਾਨ ਉਨਾਂ ਪੰਜਾਬ ਯੂਨੀਵਰਸਿਟੀ, ਚੰਡੀਗਡ਼ ਦੇ ਕਾਨੂੰਨ ਅਤੇ ਵਣਜ ਵਿਭਾਗ ਵਿੱਚ ਬਤੌਰ ਲੈਕਚਰਾਰ ਵਜੋਂ ਵੀ ਸੇਵਾਵਾਂ ਦਿੱਤੀਆਂ। ਜਿਸ ਉਪਰੰਤ ਉਨਾਂ ਸਾਲ 2006 ਵਿੱਚ ਪੀ. ਸੀ. ਐੱਸ. (ਜੂਡੀਸ਼ੀਅਲ) ਪਾਸ ਕਰਕੇ ਨਿਆਂ ਪ੍ਰਣਾਲੀ ਦਾ ਅੰਗ ਬਣਨ ਨੂੰ ਪਹਿਲ ਦਿੱਤੀ। ਬਤੌਰ ਜੱਜ ਉਨਾਂ ਨੇ ਪਟਿਆਲਾ, ਫਤਹਿਗਡ਼ ਸਾਹਿਬ ਅਤੇ ਸ਼ਹੀਦ ਭਗਤ ਸਿੰਘ ਨਗਰ ਵਿਖੇ ਸੇਵਾਵਾਂ ਦਿੱਤੀਆਂ, ਜਿਸ ਉਪਰੰਤ ਉਹ ਹੁਣ ਲੁਧਿਆਣਾ ਵਿਖੇ ਬਤੌਰ ਸਕੱਤਰ, ਜ਼ਿਲ਼ਾ ਕਾਨੂੰਨੀ ਸੇਵਾਵਾਂ ਅਥਾਰਟੀ ਵਜੋਂ ਸੇਵਾਵਾਂ ਦੇ ਰਹੇ ਹਨ।
ਉਹ ਅਕਸਰ ਕਹਿੰਦੇ ਹਨ ਕਿ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਨੁਮਾਇੰਦੇ ਬਣ ਕੇ ਕੰਮ ਕਰਨ ਦਾ ਆਪਣਾ ਅਲੱਗ ਹੀ ਸਕੂਨ ਹੈ, ਕਿਉਂਕਿ ਇਸ ਨਾਲ ਤੁਸੀਂ ਔਰਤਾਂ, ਬੱਚਿਆਂ, ਬਜ਼ੁਰਗਾਂ, ਗਰੀਬਾਂ ਅਤੇ ਹੋਰ ਤਬਕਿਆਂ ਦੇ ਲੋਕਾਂ ਨੂੰ ਉਨਾਂ ਦੇ ਕਾਨੂੰਨੀ ਹੱਕਾਂ ਤੋਂ ਜਾਣੂ ਕਰਾਉਣ ਦੇ ਨਾਲ-ਨਾਲ ਉਨਾਂ ਨੂੰ ਉਨਾਂ ਦੇ ਹੱਕ ਦਿਵਾਉਣ ਲਈ ਵੀ ਸੂਤਰਧਾਰ ਵਜੋਂ ਕੰਮ ਕਰਦੇ ਹੋ। ਉਨਾਂ ਕਿਹਾ ਕਿ ਨਿਆਂ ਪ੍ਰਣਾਲੀ ਦੀ ਪ੍ਰਸਾਸ਼ਕੀ ਅਤੇ ਹੋਰ ਪ੍ਰਣਾਲੀਆਂ ਨਾਲ ਤਾਲਮੇਲ ਦੀ ਜਿੰਮੇਵਾਰੀ ਵੀ ਉਨਾਂ ਨੂੰ ਨਿਭਾਉਣੀ ਪੈਂਦੀ ਹੈ, ਜੋ ਕਿ ਬਹੁਤ ਹੀ ਜਿੰਮੇਵਾਰੀ ਵਾਲੀ ਸੇਵਾ ਹੈ।
‘ਬੇਟੀ ਬਚਾਓ-ਬੇਟੀ ਪਡ਼ਾਓ’ ਮੌਕੇ ਬੱਚੀਆਂ ਅਤੇ ਸਮਾਜ ਨੂੰ ਸੰਦੇਸ਼ ਦਿੰਦਿਆਂ ਉਨਾਂ ਕਿਹਾ ਕਿ ਮੇਰੇ ਮਾਪਿਆਂ ਨੇ ਮੈਨੂੰ ਬੇਟਿਆਂ ਦੀ ਤਰਾਂ ਪਡ਼ਾਇਆ ਅਤੇ ਅੱਗੇ ਵਧਣ ਲਈ ਬਰਾਬਰ ਦੇ ਮੌਕੇ ਪ੍ਰਦਾਨ ਕੀਤੇ। ਜਿਸ ਦਾ ਨਤੀਜਾ ਇਹ ਹੋਇਆ ਕਿ ਅੱਜ ਮੈਂ ਜਿਸ ਅਹੁਦੇ ‘ਤੇ ਕੰਮ ਕਰ ਰਹੀ ਹਾਂ, ਉਸ ਅਹੁਦੇ ਤੋਂ ਪੀਡ਼ਤ ਲੋਕਾਂ ਨੂੰ ਇਨਸਾਫ਼ ਦੀ ਉਮੀਦ ਹੁੰਦੀ ਹੈ। ਉਨਾਂ ਨੂੰ ਬਹੁਤ ਖੁਸ਼ੀ ਹੈ ਕਿ ਉਹ ਭਾਰਤੀ ਨਿਆਂ ਪ੍ਰਣਾਲੀ ਦਾ ਅੰਗ ਹਨ ਅਤੇ ਪੀਡ਼ਤ ਲੋਕਾਂ ਨੂੰ ਨਿਆਂ ਦੇਣ ਦੇ ਨਾਲ-ਨਾਲ ਸਮਾਜ ਵਿਰੋਧੀ ਤੱਤਾਂ ਨੂੰ ਕਾਨੂੰਨ ਮੁਤਾਬਿਕ ਬਣਦੀ ਸਜ਼ਾ ਦੇਣ ਦੀ ਸ਼ਕਤੀ ਵੀ ਉਨਾਂ ਕੋਲ ਹੈ। ਲੋਕਾਂ ਨੂੰ ਇਨਸਾਫ਼ ਦੇ ਕੇ ਜਾਂ ਦਿਵਾ ਕੇ ਉਨਾਂ ਨੂੰ ਬਹੁਤ ਸਕੂਨ ਮਿਲਦਾ ਹੈ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬੇਟੀਆਂ ਨੂੰ ਜਨਮ ਲੈਣ ਤੋਂ ਰੋਕਣ ਨਾ, ਸਗੋਂ ਉਨਾਂ ਨੂੰ ਸਮਾਜ ਦਾ ਹਿੱਸਾ ਬਣਾ ਕੇ ਅੱਗੇ ਵਧਣ ਦੇ ਮੌਕੇ ਪ੍ਰਦਾਨ ਕਰਾਓ ਤਾਂ ਜੋ ਬੇਟੀਆਂ (ਮਾਪਿਆਂ) ਦਾ ਨਾਮ ਰੌਸ਼ਨ ਕਰ ਸਕਣ।