ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਲੁਧਿਆਣਾ ਵਿਖੇ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ ਦਾ ਉਦਘਾਟਨ

Loading

ਪੰਜਾਬ ਸਕਿੱਲ ਡਿਵੈੱਲਪਮੈਂਟ ਮਿਸ਼ਨ ਦੇ ਪੋਰਟਲ ਅਤੇ ਮੋਬਾਈਲ ਐਪਲੀਕੇਸ਼ਨ ਵੀ ਜਾਰੀ

ਲੁਧਿਆਣਾ, 21 ਨਵੰਬਰ ( ਸਤ ਪਾਲ ਸੋਨੀ ) : ਪੰਜਾਬ ਸਰਕਾਰ ਦੇ ‘ਘਰ-ਘਰ ਰੋਜ਼ਗਾਰ’ ਪ੍ਰੋਗਰਾਮ ਨੂੰ ਹੋਰ ਮਜ਼ਬੂਤ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਲੁਧਿਆਣਾ ਵਿਖੇ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ ਦਾ ਰਸਮੀ ਤੌਰ ‘ਤੇ ਉਦਘਾਟਨ ਕੀਤਾ। ਇਹ ਬਿਉਰੋ ਜਿੱਥੇ ਨੌਕਰੀ ਦੀ ਭਾਲ ਕਰਨ ਵਾਲਿਆਂ ਲਈ ਸਹਾਈ ਸਿੱਧ ਹੋਵੇਗਾ, ਉਥੇ ਹੀ ਸਵੈ-ਰੋਜ਼ਗਾਰ ਵੱਲ ਤੁਰਨ ਵਾਲੇ ਨੌਜਵਾਨਾਂ ਨੂੰ ਨਵੀਂ ਸੇਧ ਵੀ ਦੇਵੇਗਾ। ਅੱਜ ਹਰੇਕ ਜ਼ਿਲੇ  ਵਿੱਚ ਅਜਿਹੇ ਬਿਉਰੋ ਖੁੱਲਣ ਨਾਲ ਸੂਬੇ ਵਿੱਚ ਰੋਜ਼ਗਾਰ ਉੱਤਪਤੀ ਲਈ ਲੋਡ਼ੀਂਦੇ ਬੁਨਿਆਦੀ ਢਾਂਚੇ ਵਿੱਚ ਮਜ਼ਬੂਤੀ ਆਵੇਗੀ। ਇਹ ਬਿਉਰੋ ਹੁਣ ਪੁਰਾਤਨ ਰੋਜ਼ਗਾਰ ਦਫ਼ਤਰਾਂ ਦੀ ਜਗਾ ਲੈਣਗੇ।


ਇਸ ਦਿਸ਼ਾ ਵਿੱਚ ਰੋਜ਼ਗਾਰ ਉੱਤਪਤੀ ਅਤੇ ਸਿਖ਼ਲਾਈ ਵਿਭਾਗ ਦੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਨਵੇਂ ਬਿਉਰੋ ਬੇਰੁਜ਼ਗਾਰ ਨੌਜਵਾਨਾਂ ਨੂੰ ਸਰਕਾਰੀ, ਗੈਰ ਸਰਕਾਰੀ ਅਤੇ ਨਿੱਜੀ ਅਦਾਰਿਆਂ ਵਿੱਚ ਉਨਾਂ ਦੀ ਯੋਗਤਾ ਮੁਤਾਬਿਕ ਚੰਗੇ ਮਿਹਨਤਾਨੇ ਵਾਲੀਆਂ ਨੌਕਰੀਆਂ ਮੁਹੱਈਆ ਕਰਵਾਉਣ ਵਿੱਚ ਬਹੁਤ ਸਹਾਈ ਸਿੱਧ ਹੋਣਗੇ। ਅਤਿ-ਆਧੁਨਿਕ ਤਕਨੀਕ ਨਾਲ ਲੈੱਸ ਇਹ ਬਿਉਰੋ ਨੌਜਵਾਨਾਂ ਨੂੰ ਸਵੈ-ਰੋਜ਼ਗਾਰ ਵੱਲ ਤੁਰਨ ਦੇ ਨਾਲ-ਨਾਲ ਉੱਦਮੀ ਵਜੋਂ ਸਥਾਪਤ ਕਰਨ ਲਈ ਸੇਧ ਵੀ ਮੁਹੱਈਆ ਕਰਾਉਣਗੇ।
ਦੱਸਣਯੋਗ ਹੈ ਕਿ ਰੋਜ਼ਗਾਰ ਉੱਤਪਤੀ ਅਤੇ ਸਿਖ਼ਲਾਈ ਵਿਭਾਗ ਵੱਲੋਂ ਮਿਤੀ 12 ਨਵੰਬਰ ਤੋਂ 22 ਨਵੰਬਰ ਤੱਕ ਸੂਬੇ ਭਰ ਵਿੱਚ ਲਗਾਏ ਜਾ ਰਹੇ ਮੈਗਾ ਰੋਜ਼ਗਾਰ ਮੇਲਿਆਂ ਦੌਰਾਨ ਹੁਣ ਤੱਕ 16 ਹਜ਼ਾਰ ਬੇਰੁਜ਼ਗਾਰਾਂ ਨੂੰ ਉਨਾਂ ਦੀ ਯੋਗਤਾ ਮੁਤਾਬਿਕ ਨੌਕਰੀ ਮੁਹੱਈਆ ਕਰਵਾਈ ਜਾ ਚੁੱਕੀ ਹੈ, ਜਦਕਿ 15 ਹਜ਼ਾਰ ਨੌਜਵਾਨਾਂ ਨੂੰ ਵੱਖ-ਵੱਖ ਨੌਕਰੀਆਂ ਲਈ ਸ਼ਾਰਟਲਿਸਟ ਕੀਤਾ ਗਿਆ ਹੈ। ਇਸੇ ਤਰਾਂ 1500 ਤੋਂ ਵਧੇਰੇ ਨੌਜਵਾਨਾਂ ਨੂੰ ਆਪਣਾ ਰੋਜ਼ਗਾਰ ਸ਼ੁਰੂ ਕਰਨ ਲਈ ਸੇਧ ਅਤੇ ਹੋਰ ਸਹਾਇਤਾ ਮੁਹੱਈਆ ਕਰਵਾਈ ਗਈ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਪੰਜਾਬ ਸਰਕਾਰ ਦੇ ‘ਘਰ-ਘਰ ਰੋਜ਼ਗਾਰ’ ਪ੍ਰੋਗਰਾਮ ਤਹਿਤ ਹੁਣ ਤੱਕ 4 ਲੱਖ ਤੋਂ ਵਧੇਰੇ ਨੌਜਵਾਨਾਂ ਨੂੰ ਨੌਕਰੀਆਂ ਮੁਹੱਈਆ ਕਰਵਾਈਆਂ ਜਾ ਚੁੱਕੀਆਂ ਹਨ।


ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਸਕਿੱਲ ਡਿਵੈੱਲਪਮੈਂਟ ਮਿਸ਼ਨ ਦਾ ਦੋਭਾਸ਼ੀ ਵੈੱਬ ਪੋਰਟਲ ਅਤੇ ਐਂਡਰਾਈਡ ਫੋਨ ਮੋਬਾਈਲ ਐਪਲੀਕੇਸ਼ਨ ਨੂੰ ਵੀ ਲਾਂਚ ਕੀਤਾ ਗਿਆ। ਵੈੱਬ ਪੋਰਟਲ ਅਤੇ ਮੋਬਾਈਲ ਐਪਲੀਕੇਸ਼ਨ ‘ਤੇ ਨੌਜਵਾਨਾਂ ਨੂੰ ਨੌਕਰੀਆਂ ਨਾਲ ਸੰਬੰਧਤ ਹਰ ਤਰਾਂ ਦੀ ਜਾਣਕਾਰੀ ਆਸਾਨੀ ਨਾਲ ਮਿਲ ਸਕੇਗੀ। ਪੰਜਾਬ ਸਕਿੱਲ ਡਿਵੈੱਲਪਮੈਂਟ ਮਿਸ਼ਨ ਵੱਲੋਂ ਨੌਜਵਾਨਾਂ ਨੂੰ ਨੌਕਰੀਆਂ ਮੁਹੱਈਆ ਕਰਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਆਨਲਾਈਨ ਪੋਰਟਲ ਲੋਕਾਂ ਨੂੰ ਤੁਰੰਤ ਸੇਵਾਵਾਂ ਮੁਹੱਈਆ ਕਰਾਉਣ ਵਿੱਚ ਬਹੁਤ ਸਹਾਈ ਸਿੱਧ ਹੋਵੇਗਾ।
ਇਸ ਮੌਕੇ ਹਾਜ਼ਰ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਇਸ ਆਨਲਾਈਨ ਪਲੇਟਫਾਰਮ ਨਾਲ ਸਰਕਾਰੀ ਸੇਵਾਵਾਂ ਪ੍ਰਾਪਤ ਕਰਨ ਵਿੱਚ ਆਮ ਲੋਕਾਂ ਨੂੰ ਬਹੁਤ ਆਸਾਨੀ ਹੋਵੇਗੀ ਅਤੇ ਨੌਜਵਾਨਾਂ ਨੂੰ ਹੁਨਰਮੰਦ ਬਣਾਉਣ ਵਿੱਚ ਸਹਾਇਤਾ ਮਿਲੇਗੀ। ਉਨਾਂ ਕਿਹਾ ਕਿ ਪੰਜਾਬ ਸਕਿੱਲ ਡਿਵੈੱਲਪਮੈਂਟ ਮਿਸ਼ਨ ਨਾਲ ਸੰਬੰਧਤ ਸਾਰੀ ਜਾਣਕਾਰੀ ਇਸ ਪੋਰਟਲ ਅਤੇ ਮੋਬਾਈਲ ਐਪਲੀਕੇਸ਼ਨ ‘ਤੇ ਪ੍ਰਾਪਤ ਹੋਵੇਗੀ। ਇਸ ਪੋਰਟਲ ‘ਤੇ ਨੌਜਵਾਨ ਆਪਣੇ ਆਪ ਨੂੰ ਸਕਿੱਲ ਟਰੇਨਿੰਗ ਲਈ ਵੀ ਇਨਰੋਲ ਕਰ ਸਕਣਗੇ। ਇਸ ਤੋਂ ਇਲਾਵਾ ਨੌਕਰੀ ਪ੍ਰਾਪਤ ਕਰਨ ਵਾਲੇ ਅਤੇ ਆਪਣਾ ਰੋਜ਼ਗਾਰ ਸ਼ੁਰੂ ਕਰਨ ਵਾਲੇ ਨੌਜਵਾਨਾਂ ਬਾਰੇ ਵੀ ਇਸ ਪੋਰਟਲ ‘ਤੇ ਸੂਚਨਾ ਉਪਲਬੱਧ ਹੋਵੇਗੀ।
ਮੁੱਖ ਮੰਤਰੀ ਨੇ ਦੱਸਿਆ ਕਿ ਨੌਜਵਾਨਾਂ ਦੀ ਸੋਸ਼ਲ ਮੀਡੀਆ ਪ੍ਰਤੀ ਦਿਨੋਂ ਦਿਨ ਵਧ ਰਹੀ ਰੁਚੀ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਸਕਿੱਲ ਡਿਵੈੱਲਪਮੈਂਟ ਮਿਸ਼ਨ ਦੇ ਸੋਸ਼ਲ ਮੀਡੀਆ ਖਾਤਿਆਂ (ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ) ਨੂੰ ਵੀ ਇਸ ਨਾਲ ਜੋਡ਼ਿਆ ਜਾਵੇਗਾ, ਜਿਸ ਨਾਲ ਨੌਜਵਾਨਾਂ ਨੂੰ ਰੋਜ਼ਗਾਰ ਨਾਲ ਸੰਬੰਧਤ ਪਲ-ਪਲ ਦੀ ਜਾਣਕਾਰੀ ਮਿਲ ਸਕੇਗੀ। ਜਿਸ ਦੀ ਸਹਾਇਤਾ ਨਾਲ ਨੌਜਵਾਨ ਨਜ਼ਦੀਕ ਦੇ ਸਿਖ਼ਲਾਈ ਕੇਂਦਰਾਂ ਦੀ ਜਾਣਕਾਰੀ ਆਦਿ ਪ੍ਰਾਪਤ ਕਰ ਸਕਣਗੇ। ਸੂਬੇ ਭਰ ਵਿੱਚ ਇਸ ਵੇਲੇ 150 ਤੋਂ ਵਧੇਰੇ ਸਿਖ਼ਲਾਈ ਕੇਂਦਰ ਚੱਲ ਰਹੇ ਹਨ। ਜਿਨਾਂ ਨਾਲ ਸੰਬੰਧਤ ਹਰ ਤਰਾਂ ਦੀ ਸੂਚਨਾ ਆਨਲਾਈਨ ਪ੍ਰਾਪਤ ਹੋਵੇਗੀ। ਮੌਜੂਦਾ ਸਮੇਂ ਸੂਬੇ ਵਿੱਚ 130 ਸਿਖ਼ਲਾਈ ਪ੍ਰੋਗਰਾਮ ਚੱਲ ਰਹੇ ਹਨ। ਇਸ ਪੋਰਟਲ ਰਾਹੀਂ ਨੌਜਵਾਨਾਂ ਨੂੰ ਰੋਜ਼ਗਾਰ ਮੇਲਿਆਂ ਬਾਰੇ ਵੀ ਡਿਜ਼ੀਟਲ ਸੂਚਨਾ ਮੁਹੱਈਆ ਕਰਵਾਈ ਜਾਇਆ ਕਰੇਗੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ, ਖੁਰਾਕ ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਮੰਤਰੀ  ਭਾਰਤ ਭੂਸ਼ਣ ਆਸ਼ੂ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ, ਰਾਕੇਸ਼ ਪਾਂਡੇ, ਸੰਜੇ ਤਲਵਾਡ਼, ਕੁਲਦੀਪ ਸਿੰਘ ਵੈਦ, ਲਖ਼ਬੀਰ ਸਿੰਘ ਲੱਖਾ (ਸਾਰੇ ਵਿਧਾਇਕ), ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਗੁਰਕਿਰਤ ਕ੍ਰਿਪਾਲ ਸਿੰਘ, ਮੇਅਰ ਬਲਕਾਰ ਸਿੰਘ ਸੰਧੂ, ਡਿਪਟੀ ਕਮਿਸ਼ਨਰ  ਪ੍ਰਦੀਪ ਕੁਮਾਰ ਅਗਰਵਾਲ, ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ, ਵਧੀਕ ਡਾਇਰੈਕਟਰ ਰੋਜ਼ਗਾਰ ਉੱਤਪਤੀ ਅਤੇ ਸਿਖ਼ਲਾਈ ਰਾਜਦੀਪ ਕੌਰ ਅਤੇ ਹੋਰ ਹਾਜ਼ਰ ਸਨ।

28830cookie-checkਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਲੁਧਿਆਣਾ ਵਿਖੇ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ ਦਾ ਉਦਘਾਟਨ

Leave a Reply

Your email address will not be published. Required fields are marked *

error: Content is protected !!