ਮੁਡ਼ ਪਡ਼ਤਾਲ ਦੇ ਨਾਮ ਉੱਪਰ ਪੈਨਸ਼ਨ ਯੋਜਨਾਵਾਂ ਦੇ ਲਾਭਾਂ ਵਿੱਚ ਬੇਲੋਡ਼ੀ ਦੇਰੀ ਨਾ ਕੀਤੀ ਜਾਵੇ-ਰਵਨੀਤ ਸਿੰਘ ਬਿੱਟੂ

Loading


ਅਧਿਕਾਰੀਆਂ ਅਤੇ ਕੌਂਸਲਰਾਂ ਦੀ ਸਾਂਝੀ ਮੀਟਿੰਗ ਦੌਰਾਨ ਆਪਸੀ ਤਾਲਮੇਲ ਵਧਾਉਣ ਅਤੇ ਬਕਾਇਆ ਰਹਿੰਦੀਆਂ ਪਡ਼ਤਾਲਾਂ ਜਲਦ ਮੁਕੰਮਲ ਕਰਨ ਦੀ ਹਦਾਇਤ
ਲੁਧਿਆਣਾ, 8 ਜੂਨ ( ਸਤ ਪਾਲ ਸੋਨੀ ) : ਲੋਕ ਸਭਾ ਮੈਂਬਰ  ਰਵਨੀਤ ਸਿੰਘ ਬਿੱਟੂ ਨੇ ਅਧਿਕਾਰੀਆਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਪੈਨਸ਼ਨ ਕੇਸਾਂ ਵਿੱਚ ਮੁਡ਼ ਪਡ਼ਤਾਲਾਂ ਦੇ ਨਾਮ ਉੱਪਰ ਬੇਲੋਡ਼ੀ ਦੇਰੀ ਨਾ ਕੀਤੀ ਜਾਵੇ। ਕਿਸੇ ਵੀ ਯੋਗ ਲਾਭਪਾਤਰੀ ਨੂੰ ਪੈਨਸ਼ਨਰੀ ਅਤੇ ਹੋਰ ਲਾਭ ਮੁਹੱਈਆ ਕਰਾਉਣ ਵਿੱਚ ਦੇਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਅੱਜ ਸਥਾਨਕ ਬਚਤ ਭਵਨ ਵਿਖੇ ਪੈਨਸ਼ਨ ਕੇਸਾਂ ਦੇ ਬਕਾਇਆ ਪਏ ਮਾਮਲਿਆਂ ਦਾ ਰਿਵਿਊ ਕਰਨ ਲਈ ਸੱਦੀ ਵਿਸ਼ੇਸ਼ ਮੀਟਿੰਗ ਨੂੰ ਸੰਬੋਧਨ ਕਰਦਿਆਂ ਬਿੱਟੂ ਨੇ ਕਿਹਾ ਕਿ ਪੰਜਾਬ ਸਰਕਾਰ ਯੋਗ ਲਾਭਪਾਤਰੀਆਂ (ਬਜੁਰਗ, ਵਿਧਵਾ, ਅਨਾਥ ਬੱਚੇ, ਬੇਸਹਾਰਾ ਔਰਤਾਂ, ਦਿਵਿਆਂਗ ਵਿਅਕਤੀ ਅਤੇ ਹੋਰ) ਨੂੰ ਵੱਖ-ਵੱਖ ਯੋਜਨਾਵਾਂ ਦਾ ਲਾਭ ਦਿਵਾਉਣ ਲਈ ਦ੍ਰਿਡ਼ ਯਤਨਸ਼ੀਲ ਹੈ। ਪਰ ਕਈ ਵਾਰ ਸਰਕਾਰੀ ਪ੍ਰਕਿਰਿਆ ਦੌਰਾਨ ਇਹ ਲਾਭਪਾਤਰੀ ਲਾਭ ਲੈਣ ਤੋਂ ਵਾਂਝੇ ਰਹਿ ਜਾਂਦੇ ਹਨ ਜਾਂ ਦੇਰੀ ਕਾਰਨ ਮਾਨਸਿਕ ਤੌਰ ਉੱਪਰ ਪ੍ਰੇਸ਼ਾਨ ਰਹਿੰਦੇ ਹਨ, ਜੋ ਕਿ ਠੀਕ ਨਹੀਂ ਹੈ। ਪਡ਼ਤਾਲ ਦੇ ਨਾਮ ਉੱਪਰ ਅਜਿਹੇ ਮਾਮਲਿਆਂ ਵਿੱਚ ਦੇਰੀ ਨਾ ਕੀਤੀ ਜਾਵੇ, ਜੋ ਕਿ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਉਨਾਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਬਕਾਇਆ ਪਈਆਂ ਪਡ਼ਤਾਲਾਂ ਸੰਬੰਧੀ ਅਰਜੀਆਂ ਦਾ ਵੇਰਵਾ ਸੰਬੰਧਤ ਕੌਂਸਲਰਾਂ ਨਾਲ ਸਾਂਝਾ ਕਰ ਲੈਣ ਤਾਂ ਜੋ ਉਨਾਂ ਦੇ ਸਹਿਯੋਗ ਨਾਲ ਇਸ ਕੰਮ ਨੂੰ ਜਲਦ ਤੋਂ ਜਲਦ ਮੁਕੰਮਲ ਕਰ ਲਿਆ ਜਾਵੇ। ਉਨਾਂ ਕਿਹਾ ਕਿ ਕੌਂਸਲਰ ਲੋਕਾਂ ਦੇ ਨੁਮਾਇੰਦੇ ਹਨ ਅਤੇ ਉਨਾਂ ਨੂੰ ਜਵਾਬਦੇਹ ਵੀ ਹਨ। ਕੌਂਸਲਰਾਂ ਦੀ ਇਸ ਕੰਮ ਵਿੱਚ ਸਹਾਇਤਾ ਲਈ ਜਾ ਸਕਦੀ ਹੈ। ਬਿੱਟੂ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਬਕਾਇਆ ਪਈਆਂ ਅਰਜੀਆਂ ਦਾ ਵਾਰਡ ਵਾਈਜ਼ ਵੇਰਵਾ ਕੌਂਸਲਰਾਂ ਨਾਲ ਸਾਂਝਾ ਕਰ ਲੈਣ। ਇਸ ਤੋਂ ਇਲਾਵਾ ਕੌਂਸਲਰਾਂ ਨੂੰ ਮਿਲਣ ਲਈ ਹਫ਼ਤੇ ਦਾ ਇੱਕ ਦਿਨ ਨਿਸਚਿਤ ਕਰ ਲਿਆ ਜਾਵੇ।
ਜਿਲਾ ਸਮਾਜਿਕ ਸੁਰੱਖਿਆ ਅਫ਼ਸਰ  ਇੰਦਰਪ੍ਰੀਤ ਕੌਰ ਨੇ ਸਪੱਸ਼ਟ ਕੀਤਾ ਕਿ ਜਦੋਂ ਕਿਸੇ ਯੋਗ ਲਾਭਪਾਤਰੀ ਦੀ ਪੈਨਸ਼ਨ ਮਨਜੂਰ ਹੋ ਜਾਂਦੀ ਹੈ ਤਾਂ ਉਸ ਦੀ ਪੈਨਸ਼ਨ ਸਾਰੀਆਂ ਲੋਡ਼ੀਂਦੀਆਂ ਕਾਰਵਾਈਆਂ ਉਪਰੰਤ ਹੀ ਜਾਰੀ ਹੁੰਦੀ ਹੈ। ਉਨਾਂ ਕਿਹਾ ਕਿ ਮੌਜੂਦਾ ਸਮੇਂ ਸਰਕਾਰ ਦੀਆਂ ਹਦਾਇਤਾਂ ਉੱਪਰ ਹੀ ਪਡ਼ਤਾਲਾਂ ਕਾਰਨ ਪੈਨਸ਼ਨਾਂ ਦਾ ਕੰਮ ਰੁਕਿਆ ਹੋਇਆ ਹੈ। ਵਧੀਕ ਡਿਪਟੀ ਕਮਿਸ਼ਨਰ (ਵ) ਡਾ. ਸ਼ੇਨਾ ਅਗਰਵਾਲ ਨੇ ਸੁਝਾਅ ਦਿੱਤਾ ਕਿ ਕੌਂਸਲਰਾਂ ਅਤੇ ਸਮਾਜਿਕ ਸੁਰੱਖਿਆ ਵਿਭਾਗ ਦੇ ਅਧਿਕਾਰੀਆਂ ਦੀ ਸਮੇਂ-ਸਮੇਂ ਉਪਰ ਹੁੰਦੀ ਰਹਿਣੀ ਚਾਹੀਦੀ ਹੈ ਤਾਂ ਜੋ ਬਕਾਇਆ ਕੰਮ ਜਲਦ ਹੁੰਦੇ ਰਹਿਣ।
ਇਸ ਮੌਕੇ ਹਾਜ਼ਰ ਕੌਂਸਲਰਾਂ ਨੇ ਪੈਨਸ਼ਨ ਅਤੇ ਪਡ਼ਤਾਲਾਂ ਦੀ ਪ੍ਰਕਿਰਿਆ ਨੂੰ ਸਰਲ ਬਣਾਉਣ ਦੀ ਅਪੀਲ ਕੀਤੀ ਤਾਂ ਜੋ ਲਾਭਪਾਤਰੀਆਂ ਨੂੰ ਕੋਈ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੀਨੀਅਰ ਡਿਪਟੀ ਮੇਅਰ  ਸ਼ਾਮ ਸੁੰਦਰ ਮਲਹੋਤਰਾ, ਡਿਪਟੀ ਮੇਅਰ ਸਰਬਜੀਤ ਕੌਰ, ਕੌਂਸਲਰ, ਜਿਲਾ ਪ੍ਰੋਗਰਾਮ ਅਫ਼ਸਰ  ਰੁਪਿੰਦਰ ਕੌਰ, ਸੀ. ਡੀ. ਪੀ. ਓਜ਼, ਸੀਨੀਅਰ ਕਾਂਗਰਸੀ ਆਗੂ  ਕਮਲਜੀਤ ਸਿੰਘ ਕਡ਼ਵਲ ਅਤੇ ਹੋਰ ਹਾਜ਼ਰ ਸਨ।

20010cookie-checkਮੁਡ਼ ਪਡ਼ਤਾਲ ਦੇ ਨਾਮ ਉੱਪਰ ਪੈਨਸ਼ਨ ਯੋਜਨਾਵਾਂ ਦੇ ਲਾਭਾਂ ਵਿੱਚ ਬੇਲੋਡ਼ੀ ਦੇਰੀ ਨਾ ਕੀਤੀ ਜਾਵੇ-ਰਵਨੀਤ ਸਿੰਘ ਬਿੱਟੂ

Leave a Reply

Your email address will not be published. Required fields are marked *

error: Content is protected !!