![]()

ਮੀਂਹ ਪੈਣ ਨਾਲ ਤਾਪਮਾਨ ‘ਚ ਆਈ ਭਾਰੀ ਗਿਰਾਵਟ, ਕਣਕ ਦੀ ਬਿਜਾਈ ਪਛੜਣ ਦਾ ਖ਼ਦਸ਼ਾ
ਸੰਦੌੜ 15 ਨਵੰਬਰ (ਹਰਮਿੰਦਰ ਸਿੰਘ ਭੱਟ) ਬੀਤੀ ਦੇਰ ਰਾਤ ਆਸਮਾਨ ਵਿੱਚ ਛਾਏ ਬੱਦਲਾਂ ਅਤੇ ਨਾਲ ਹੀ ਪਏ ਮੀਂਹ ਤੋਂ ਬਾਅਦ ਸੰਦੌੜ ਖੇਤਰ ਦੇ ਲੋਕਾਂ ਨੂੰ ਪ੍ਰਦੂਸ਼ਿਤ ਧੁੰਦ ਤੋਂ ਰਾਹਤ ਮਹਿਸੂਸ ਹੋਈ ਹੈ। ਠੰਡ ਵਿੱਚ ਭਾਵੇਂ ਹੁਣ ਵਾਧਾ ਹੋ ਗਿਆ ਹੈ, ਪਰ ਮੌਸਮ ਸਾਫ ਹੋਣ ਦੇ ਨਾਲ ਲੋਕ ਆਪੋ ਆਪਣੇ ਕੰਮਾਂ ‘ਤੇ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਪਿਛਲੇ ਕਰੀਬ 20-25 ਦਿਨਾਂ ਤੋਂ ਪੂਰੇ ਉੱਤਰ ਭਾਰਤ ਵਿੱਚ ਧੁੰਦ ਅਤੇ ਧੂੰਏ ਦਾ ਕਹਿਰ ਸੀ ਅਤੇ ਇਸ ਧੁੰਦ ਦੇ ਕਾਰਨ ਅਨੇਕਾਂ ਲੋਕਾਂ ਦੀਆਂ ਮੌਤਾਂ ਹੋ ਚੁੱਕੀਆਂ ਸਨ। ਮੌਸਮ ਵਿਭਾਗ ਨੇ ਤਾਂ ਚੇਤਾਵਨੀ ਭਰਿਆ ਪੱਤਰ ਵੀ ਜਾਰੀ ਕਰ ਦਿੱਤਾ ਸੀ ਕਿ ਜਿਹੜਾ ਇਸ ਜ਼ਹਿਰੀਲੀ ਧੁੰਦ ਵਿੱਚ ਘੁੰਮੇਗਾ ਤਾਂ ਉਸ ਦੀ ਸਿਹਤ ‘ਤੇ ਮਾੜਾ ਅਸਰ ਪੈ ਸਕਦਾ ਹੈ। ਬੀਤੇ ਦਿਨ ਪਏ ਮੀਂਹ ਨੇ ਜਿੱਥੇ ਧੁੰਦ ਤੋਂ ਰਾਹਤ ਦਿਵਾਈ ਹੈ, ਉੱਥੇ ਹੀ ਆਮ ਜਨਜੀਵਨ ਨੂੰ ਵੀ ਕਾਫੀ ਸੁਖਾਲਾ ਕੀਤਾ ਹੈ। ਮੀਂਹ ਪੈਣ ਤੋਂ ਮਗਰੋਂ ਤਾਪਮਾਨ ਵਿੱਚ ਇਕਦਮ ਭਾਵੇਂ ਗਿਰਾਵਟ ਆਈ ਹੈ, ਪਰ ਮੌਸਮ ਸਾਫ ਹੋਣ ਨਾਲ ਲੋਕ ਠੰਡ ਵਿੱਚ ਸੜਕਾਂ ਅਤੇ ਆਪਣੇ ਕੰਮਾਂਕਾਰਾਂ ਤੇ ਜਾ ਰਹੇ ਹਨ। ਦੂਜੇ ਪਾਸੇ ਵੇਖਿਆ ਜਾਵੇ ਤਾਂ ਕਿਸਾਨਾਂ ਦੀ ਜ਼ਮੀਨ ਦਾ ਵੱਤਰ ਨਾ ਆਉਣ ਕਾਰਨ ਕਣਕ ਦੀ ਬਿਜਾਈ ਨਹੀਂ ਹੋ ਰਹੀ। ਪਰਾਲੀ ਨਾ ਸਾੜਨ ਦੇ ਹੁਕਮਾਂ ਦੇ ਬਾਵਜੂਦ ਕਈ ਕਿਸਾਨ ਪਰਾਲੀ ਨੂੰ ਸਾੜ ਰਹੇ ਹਨ, ਪਰ ਪਰਾਲੀ ਗਿੱਲੀ ਹੋਣ ਕਰਕੇ ਸੜ ਨਹੀਂ ਰਹੀ ਤੇ ਜੇਕਰ ਪਰਾਲੀ ਨਹੀਂ ਸੜਦੀ ਤਾਂ ਕਣਕ ਦੀ ਬਿਜਾਈ ਲਈ ਵਾਹਨ ਤਿਆਰ ਕਰਨਾ ਬਹੁਤ ਔਖਾ ਹੈ। ਕਿਸਾਨਾਂ ਦਾ ਕਹਿਣਾ ਸੀ ਕਿ ਮੀਂਹ ਦੇ ਨਾਲ ਧੁੰਦ ਗਾਇਬ ਹੋ ਗਈ ਹੈ ਅਤੇ ਧੁੱਪਾਂ ਨਿਕਲਣ ਤੇ ਹੀ ਉਹ ਕਣਕ ਦੀ ਬਿਜਾਈ ਕਰ ਸਕਣਗੇ ਨਹੀਂ ਤਾਂ ਬਿਜਾਈ ਪਛੇਤੀ ਪੈ ਗਈ ਤਾਂ ਝਾੜ ਵੀ ਘੱਟ ਸਕਦਾ ਹੈ।