![]()

ਕੌਂਸਲਰ ਮਮਤਾ ਆਸ਼ੂ ਨੇ ਕੀਤਾ ਉਦਘਾਟਨ, ਖ਼ਿਡਾਰੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਖੇਡਾਂ ਨਾਲ ਜੁੜਨ ਦਾ ਸੱਦਾ
ਲੁਧਿਆਣਾ, 23 ਜੁਲਾਈ (ਸਤ ਪਾਲ ਸੋਨੀ) : ਪੰਜਾਬ ਖੇਡ ਵਿਭਾਗ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਨੂੰ ਸਮਰਪਿਤ ਜ਼ਿਲਾ ਪੱਧਰੀ ਕੰਪੀਟੀਸ਼ਨ (ਲੜਕੇ/ਲੜਕੀਆਂ) ਅੰਡਰ 14 ਦੇ ਵੱਖ–ਵੱਖ 16 ਖੇਡਾਂ ਦੇ ਮੁਕਾਬਲੇ ਗੁਰੂ ਨਾਨਕ ਸਟੇਡੀਅਮ, ਲੁਧਿਆਣਾ ਵਿਖੇ ਸ਼ੁਰੂ ਕਰਵਾਏ ਗਏ। ਇਨਾਂ ਖੇਡਾਂ ਦਾ ਉਦਘਾਟਨ ਕੌਂਸਲਰ ਮਮਤਾ ਆਸ਼ੂ ਪਤਨੀ ਭਾਰਤ ਭੂਸਣ ਆਸ਼ੂ ਕੈਬਨਿਟ ਮੰਤਰੀ ਪੰਜਾਬ ਵੱਲੋਂ ਕੀਤਾ ਗਿਆ।ਮੁੱਖ ਮਹਿਮਾਨ ਵੱਲੋਂ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਮਿਸ਼ਨ ਤੰਦਰੁਸਤ ਪੰਜਾਬ ਦੀ ਸਰਾਹਨਾ ਕਰਦੇ ਹੋਏ ਖਿਡਾਰੀਆਂ ਨੂੰ ਨਸਿਆਂ ਤੋਂ ਦੂਰ ਰਹਿਣ ਲਈ ਖੇਡਾਂ ਨਾਲ ਜੁੜਨ ਦੀ ਸਲਾਹ ਦਿੱਤੀ ਗਈ। ਮੁੱਖ ਮਹਿਮਾਨ ਜੀ ਦੀ ਮੌਜੂਦਗੀ ਵਿੱਚ ਖੇਡ ਐਥਲੈਟਿਕਸ ਵਿੱਚ 600 ਮੀਟਰ ਲੜਕੇ ਅਤੇ ਲੜਕੀਆਂ ਦੇ ਮੁਕਾਬਲੇ ਕਰਵਾਏ ਗਏ। ਲੜਕਿਆਂ ਦੇ ਮੁਕਾਬਲਿਆਂ ਵਿੱਚ ਸਾਜਿਮ (ਖੰਨਾ) ਨੇ ਪਹਿਲਾ, ਵਿਸਵਜੀਤ (ਖੰਨਾ) ਨੇ ਦੂਜਾ ਅਤੇ ਸੋਹਿਤ (ਕੋਚਿੰਗ ਸੈਂਟਰ ਗੁਰੂ ਨਾਨਕ ਸਟੇਡੀਅਮ) ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਲੜਕੀਆਂ ਦੇ ਮੁਕਾਬਲਿਆਂ ਵਿੱਚ ਰਮਨਦੀਪ ਕੌਰ (ਕੋਚਿੰਗ ਸੈਂਟਰ ਗੁਰੂ ਨਾਨਕ ਸਟੇਡੀਅਮ) ਨੇ ਪਹਿਲਾ, ਰਣਦੀਪ ਕੌਰ (ਰਾਏਕੋਟ) ਨੇ ਦੂਜਾ ਅਤੇ ਨੇਵੀਜਿਤਾ ਘਈ (ਡੀ.ਏ.ਵੀ ਪਬਲਿਕ ਸਕੂਲ ਬੀ.ਆਰ.ਐਸ.ਨਗਰ) ਨੇ ਤੀਜਾ ਸਥਾਨ ਪ੍ਰਾਪਤ ਕੀਤਾ। 600 ਮੀਟਰ ਦੀ ਦੌਡ਼ ਵਿੱਚ ਜੇਤੂ ਖਿਡਾਰੀਆਂ ਨੂੰ ਮੁੱਖ ਮਹਿਮਾਨ ਮਮਤਾ ਆਸ਼ੂ ਵੱਲੋਂ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਮੁੱਖ ਮਹਿਮਾਨ ਵੱਲੋਂ ਪ੍ਰਸਿੱਧ ਸਖਸ਼ੀਅਤਾਂ ਜੇ.ਐਸ.ਧਾਲੀਵਾਲ ਸਕੱਤਰ, ਰੋਲਰ ਸਕੇਟਿੰਗ ਐਸੋਸੀਏਸਨ, ਸਪੋਰਟਸ ਪਰਮੋਟਰ ਜਗਬੀਰ ਸਿੰਘ ਗਰੇਵਾਲ ਅਤੇ ਪਵਨ ਕੁਮਾਰ ਅੰਤਰਰਾਸਟਰੀ ਬਾਕਸਰ ਅਤੇ ਐਸ.ਐਚ.ਓ ਮਾਡਲ ਟਾਊਨ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜ਼ਿਲਾ ਖੇਡ ਅਫਸਰ ਰਵਿੰਦਰ ਸਿੰਘ ਅਤੇ ਸਮੂਹ ਕੋਚਿਜ ਸਾਮਿਲ ਸਨ। ਇਸ ਟੂਰਨਾਮੈਂਟ ਵਿੱਚ ਭਾਗ ਲੈਣ ਵਾਲੇ 1395 ਖਿਡਾਰੀ ਅਤੇ 838 ਖਿਡਾਰਨਾਂ ਦੀ ਰਜਿਸਟਰੇਸ਼ਨ ਕੀਤੀ ਗਈ।

ਮੈਚਾਂ ਵਿੱਚ ਬਾਸਕਟਬਾਲ ਅੰਡਰ14 ਲੜਕਿਆਂ ਦੇ ਮੈਚਾਂ ਵਿੱਚ ਪੋਠੋਹਾਰ ਖਾਲਸਾ ਸਕੂਲ ਨੇ ਕਿਡੋਫਿੱਡ ਅਕੈਡਮੀ ਨੂੰ 24-6, ਡੀ.ਜੀ.ਐਸ.ਜੀ ਅਕੈਡਮੀ ਨੇ ਬਾਲ ਭਾਰਤੀ ਪਬਲਿਕ ਸਕੂਲ ਨੂੰ 26-7 ਅਤੇ ਦੋਰਾਹਾ ਪਬਲਿਕ ਸਕੂਲ ਨੇ ਬਾਬਾ ਈਸਰ ਸਿੰਘ ਪਬਲਿਕ ਸਕੂਲ ਪਬਲਿਕ ਸਕੂਲ ਨੂੰ 20-18 ਦੇ ਫਰਕ ਨਾਲ ਹਰਾਇਆ। ਟੇਬਲ ਟੈਨਿਸ ਲੜਕਿਆਂ ਦੇ ਸੈਮੀਫਾਈਨਲ ਟੀਮ ਈਵੈਟ ਵਿੱਚ ਡੀ.ਸੀ.ਐਮ ਪ੍ਰੈਜੀਡੈਸੀ ਸਕੂਲ ਨੇ ਇਲਾਈਟ ਅਕੈਡਮੀ ਨੂੰ 3-2 ਅਤੇ ਬਾਲ ਭਾਰਤੀ ਪਬਲਿਕ ਸਕੂਲ ਨੇ ਗੁਰੂ ਨਾਨਕ ਸਟੇਡੀਅਮ ਟੀਮ ਨੂੰ 3-1 ਦੇ ਫਰਕ ਨਾਲ ਹਰਾਇਆ।
ਹੈਂਡਬਾਲ ਲੜਕਿਆਂ ਦੇ ਹੋਏ ਮੁਕਾਬਲਿਆਂ ਵਿੱਚ ਪੀ.ਏ.ਯੂ ਸਕੂਲ ਟੀਮ ਨੇ ਜੀ.ਐਸ.ਐਸ.ਐਸ. ਹੈਬੋਵਾਲ ਖੁਰਦ ਨੂੰ 11-4 ਅਤੇ ਆਈ.ਪੀ.ਐਸ ਸਕੂਲ ਨੇ ਜੀ.ਐਸ.ਐਸ.ਐਸ. ਸਕੂਲ ਸਮਿਟਰੀ ਰੋਡ ਨੂੰ 18-7 ਦੇ ਫਰਕ ਨਾਲ ਹਰਾਇਆ। ਫੁੱਟਬਾਲ ਲੜਕਿਆਂ ਦੇ ਮੁਕਾਬਲਿਆਂ ਵਿੱਚ ਪੀਸ ਪਬਲਿਕ ਸਕੂਲ ਮੁੱਲਾਪੁਰ ਨੇ ਆਈ.ਪੀ.ਐਸ. ਸਕੂਲ ਲੁਧਿਆਣਾ ਨੂੰ 3-0 ਅਤੇ ਸਰਕਾਰੀ ਸੀਨੀ:ਸੈਕੰਡਰੀ ਸਕੂਲ ਪੱਖੋਵਾਲ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚਕਰ ਨੂੰ 3-0 ਦੇ ਫਰਕ ਨਾਲ ਹਰਾਇਆ ਜਦ ਕਿ ਲੜਕੀਆਂ ਦੇ ਮੁਕਾਬਲਿਆਂ ਵਿੱਚ ਰਾੜਾ ਸਾਹਿਬ ਨੇ ਪਿੰਡ ਬੱਲੋਵਾਲ ਨੂੰ 1-0 ਨਾਲ ਅਤੇ ਕੋਟਾਲਾ ਨੇ ਪਿੰਡ ਪੱਖੋਵਾਲ ਨੂੰ 2-0 ਦੇ ਫਰਕ ਨਾਲ ਹਰਾਇਆ।