![]()
ਹਰੇਕ ਮਹੀਨੇ ਦੇ ਪਹਿਲੇ ਮੰਗਲਵਾਰ ਹੋਇਆ ਕਰੇਗੀ ਮੀਟਿੰਗ, ਮਹੀਨਾਵਾਰ ਟੀਚੇ ਹੋਣਗੇ ਨਿਰਧਾਰਤ

ਗਤੀਵਿਧੀਆਂ ਸੰਬੰਧੀ ਤਿਆਰ ਕੈਲੰਡਰ ਤਿਆਰ ਕੀਤਾ ਜਾਵੇਗਾ
ਲੁਧਿਆਣਾ, 3 ਅਕਤੂਬਰ ( ਸਤ ਪਾਲ ਸੋਨੀ ) : ਮਿਸ਼ਨ ਤੰਦਰੁਸਤ ਪੰਜਾਬ ਤਹਿਤ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਦੀ ਨਿਗਰਾਨੀ ਅਤੇ ਇਨਾਂ ਵਿੱਚ ਹੋਰ ਵਾਧਾ ਕਰਨ ਲਈ ਪੰਜਾਬ ਸਰਕਾਰ ਦੇ ਨਿਰਦੇਸ਼ ‘ਤੇ ਜ਼ਿਲਾ ਪੱਧਰੀ ਕਮੇਟੀਆਂ ਦਾ ਗਠਨ ਕਰ ਦਿੱਤਾ ਗਿਆ ਹੈ। ਜਿਸ ਤਹਿਤ ਜ਼ਿਲਾ ਲੁਧਿਆਣਾ ਵਿੱਚ ਵੀ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਦੀ ਚੇਅਰਮੈਂਨਸ਼ਿਪ ਹੇਠ ਕਮੇਟੀ ਦਾ ਗਠਨ ਕੀਤਾ ਗਿਆ ਹੈ। ਉਪ–ਅਰਥ ਅੰਕੜਾ ਸਲਾਹਕਾਰ ਨੂੰ ਇਸ ਕਮੇਟੀ ਦਾ ਮੈਂਬਰ ਕਨਵੀਨਰ ਨਿਯੁਕਤ ਕੀਤਾ ਗਿਆ ਹੈ। ਉਪਰਕੋਤ ਤੋਂ ਇਲਾਵਾ ਇਸ ਕਮੇਟੀ ਵਿੱਚ 20 ਹੋਰ ਵਿਭਾਗਾਂ ਦੇ ਜ਼ਿਲਾ ਮੁੱਖੀ ਮੈਂਬਰ ਵਜੋਂ ਸ਼ਾਮਿਲ ਕੀਤੇ ਗਏ ਹਨ।
ਇਸ ਸਬੰਧੀ ਸੱਦੀ ਵਿਸ਼ੇਸ਼ ਮੀਟਿੰਗ ਦੌਰਾਨ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਅਗਰਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ‘ਮਿਸ਼ਨ ਤੰਦਰੁਸਤ ਪੰਜਾਬ‘ ਦੇ ਬਹੁਤ ਹੀ ਸਾਰਥਕ ਨਤੀਜੇ ਸਾਹਮਣੇ ਆ ਰਹੇ ਹਨ, ਜਿਸ ਤੋਂ ਉਤਸ਼ਾਹਿਤ ਹੋ ਕੇ ਪੰਜਾਬ ਸਰਕਾਰ ਨੇ ਇਸ ਮਿਸ਼ਨ ਤਹਿਤ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਨੂੰ ਹੋਰ ਵਧਾਉਣ ਅਤੇ ਸੁਚੱਜੀ ਨਿਗਰਾਨੀ ਰੱਖਣ ਲਈ ਜ਼ਿਲਾ ਪੱਧਰੀ ਕਮੇਟੀਆਂ ਗਠਨ ਕਰਨ ਦਾ ਫ਼ੈਸਲਾ ਕੀਤਾ ਹੈ। ਉਨਾਂ ਦੱਸਿਆ ਕਿ ਇਸ ਕਮੇਟੀ ਦੀ ਹਰੇਕ ਮਹੀਨੇ ਦੇ ਪਹਿਲੇ ਮੰਗਲਵਾਰ ਮੀਟਿੰਗ ਹੋਇਆ ਕਰੇਗੀ, ਜਿਸ ਵਿੱਚ ਪਿਛਲੇ ਐਤਵਾਰ ਤੱਕ ਦੀਆਂ ਮਹੀਨਾਵਾਰ ਗਤੀਵਿਧੀਆਂ ਦਾ ਮੁਲਾਂਕਣ ਕੀਤਾ ਜਾਇਆ ਕਰੇਗਾ ਅਤੇ ਅਗਲੇ ਮਹੀਨੇ ਦੇ ਟੀਚੇ ਨਿਰਧਾਰਿਤ ਕੀਤੇ ਜਾਇਆ ਕਰਨਗੇ।
ਉਨਾਂ ਦੱਸਿਆ ਕਿ ਮਿਸ਼ਨ ਤਹਿਤ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਵਿੱਚ ਵਾਧਾ ਕਰਨ ਲਈ ਇੱਕ ਜ਼ਿਲਾ ਪੱਧਰੀ ਕੈਲੰਡਰ ਤਿਆਰ ਕੀਤਾ ਜਾਵੇਗਾ, ਜਿਸ ਵਿੱਚ ਹਰੇਕ ਵਿਭਾਗ ਦੀਆਂ ਗਤੀਵਿਧੀਆਂ ਮਿਤੀਵਾਰ ਸ਼ਾਮਿਲ ਹੋਣਗੀਆਂ।ਕਮੇਟੀ ਵੱਲੋਂ ਹਰੇਕ ਮਹੀਨੇ ਇੱਕ ਵਿਭਾਗ ਦੀ ਅਗਵਾਈ ਵਿੱਚ ਵਿਸ਼ੇਸ਼ ਜਾਗਰੁਕਤਾ ਸਮਾਗਮ/ਵਰਕਸ਼ਾਪ/ਸੈਮੀਨਾਰ ਆਦਿ ਕਰਵਾਇਆ ਜਾਇਆ ਕਰੇਗਾ, ਜਿਸ ਵਿੱਚ ਇਸ ਮਿਸ਼ਨ ਤਹਿਤ ਕੰਮ ਕਰਨ ਵਾਲੀਆਂ ਸਮੂਹ ਧਿਰਾਂ ਨੂੰ ਸ਼ਾਮਿਲ ਕੀਤਾ ਜਾਇਆ ਕਰੇਗਾ।ਇਸ ਮੌਕੇ ਖੇਤੀਬਾੜੀ ਵਿਭਾਗ ਨੂੰ ਅਗਾਮੀ ਪਰਾਲੀ ਸਾੜਨ ਦੇ ਸੀਜ਼ਨ ਸਬੰਧੀ ਜਾਗਰੂਕਤਾ ਫੈਲਾਉਣ ਲਈ ਅਗਲੇ ਦਿਨਾਂ ਦੌਰਾਨ ਵਿਸ਼ੇਸ਼ ਸੈਮੀਨਾਰ ਕਰਵਾਉਣ ਦੀ ਹਦਾਇਤ ਕੀਤੀ ਗਈ।ਅਗਰਵਾਲ ਨੇ ਵਣ ਵਿਭਾਗ ਨੂੰ ਹਦਾਇਤ ਕੀਤੀ ਕਿ ਪੰਜਾਬ ਸਰਕਾਰ ਵੱਲੋਂ ਦਿੱਤੇ ਗਏ ਪ੍ਰਤੀ ਪਿੰਡ 550 ਪੌਦੇ ਲਗਾਉਣ ਦਾ ਟੀਚਾ ਪੂਰਾ ਕਰਨ ਸਬੰਧੀ ਰੂਪ ਰੇਖਾ ਤਿਆਰ ਕੀਤੀ ਜਾਵੇ।ਜ਼ਿਲਾ ਵਿਕਾਸ ਅਤੇ ਪੰਚਾਇਤ ਵਿਭਾਗ ਨੂੰ ਹਦਾਇਤ ਕੀਤੀ ਗਈ ਕਿ ਉਹ ਹਰੇਕ ਪਿੰਡ ਦਾ ਸਰਵੇ ਕਰਕੇ ਉਨਾਂ ਸਥਾਨਾਂ ਦਾ ਪਤਾ ਲਗਾਉਣ, ਜਿੱਥੇ ਪੌਦੇ ਲਗਾਏ ਜਾ ਸਕਦੇ ਹਨ।ਉਨਾਂ ਇਹ ਵੀ ਕਿਹਾ ਕਿ ਇਹ ਪੌਦੇ ਉਨਾਂ ਸਥਾਨਾਂ/ਸੰਸਥਾਵਾਂ ਵਿੱਚ ਲਗਾਏ ਜਾਣ, ਜਿੱਥੇ ਇਨਾਂ ਨੂੰ ਸੰਭਾਲਣ ਵਿੱਚ ਮੁਸ਼ਕਿਲ ਨਾ ਪੇਸ਼ ਆਵੇ।ਉਨਾਂ ਵੱਖ–ਵੱਖ ਵਿਭਾਗਾਂ ਤੋਂ ਮਿਸ਼ਨ ਤਹਿਤ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਅਤੇ ਲੋੜੀਦੀਆਂ ਹਦਾਇਤਾਂ ਜਾਰੀ ਕੀਤੀਆਂ।ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਵ) ਡਾ. ਸ਼ੇਨਾ ਅਗਰਵਾਲ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।