![]()

ਲੁਧਿਆਣਾ, 12 ਜੁਲਾਈ (ਸਤ ਪਾਲ ਸੋਨੀ) : ਸਥਾਨਕ ਗਿੱਲ ਰੋਡ ਸਥਿਤ ਮਲਟੀ ਸਕਿੱਲ ਡਿਵੈੱਲਪਮੈਂਟ ਸੈਂਟਰ ਵਿਖੇ ਨਵੇਂ ਕੋਰਸ ਆਰ. ਏ. ਸੀ. ਡਬਲਿਊ. (ਰੈਫਰੀਜੀਰੇਸ਼ਨ ਏਅਰ ਕੰਡੀਸ਼ਨਿੰਗ ਐਂਡ ਵਾਸ਼ਿੰਗ ਮਸ਼ੀਨ ਸਰਵਿਸ ਟੈਕਨੀਸ਼ੀਅਨ) ਦੀ ਸ਼ੁਰੂਆਤ ਕੀਤੀ ਗਈ ਹੈ। ਨਵੇਂ ਵਿਦਿਆਰਥੀਆਂ ਦਾ ਸਵਾਗਤ ਕਰਨ ਲਈ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਮੁੱਖ ਮਹਿਮਾਨ ਵਜੋਂ ਪ੍ਰਭਦੀਪ ਸਿੰਘ ਨੱਥੋਵਾਲ ਜ਼ਿਲਾ ਲੋਕ ਸੰਪਰਕ ਅਫ਼ਸਰ, ਲੁਧਿਆਣਾ ਨੇ ਸ਼ਮੂਲੀਅਤ ਕੀਤੀ। ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਭਦੀਪ ਸਿੰਘ ਨੱਥੋਵਾਲ ਨੇ ਵਿਦਿਆਰਥੀਆਂ ਨੂੰ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਰੋਜ਼ਗਾਰ ਦੇ ਕਾਬਿਲ ਬਣਾਉਣ ਅਤੇ ਉਨਾਂ ਨੂੰ ਯੋਗ ਨੌਕਰੀ ਦਿਵਾਉਣ ਲਈ ਸ਼ੁਰੂ ਕੀਤੀਆਂ ਵੱਖ–ਵੱਖ ਯੋਜਨਾਵਾਂ ਬਾਰੇ ਜਾਣੂ ਕਰਵਾਇਆ ਅਤੇ ਸੱਦਾ ਦਿੱਤਾ ਕਿ ਵੱਧ ਤੋਂ ਵੱਧ ਨੌਜਵਾਨਾਂ ਇਨਾਂ ਦਾ ਲਾਭ ਲੈਣ। ਇਹ ਯੋਜਨਾਵਾਂ ਉਨਾਂ ਦਾ ਭਵਿੱਖ ਸੰਵਾਰ ਸਕਦੀਆਂ ਹਨ।
ਸੰਸਥਾ ਦੇ ਇੰਚਾਰਜ ਪੁਸ਼ਕਰ ਮਿਸ਼ਰਾ ਨੇ ਦੱਸਿਆ ਕਿ ਇਹ ਸੰਸਥਾ ਨੌਜਵਾਨਾਂ ਨੂੰ ਪੈਰਾਂ ‘ਤੇ ਖੜਾ ਕਰਨ ਵਿੱਚ ਅਹਿਮ ਯੋਗਦਾਨ ਪਾ ਰਹੀ ਹੈ। ਬੁਨਿਆਦੀ ਸਹੂਲਤਾਂ, ਵਧੀਆ ਸਿਖ਼ਲਾਈ ਅਤੇ ਨੌਕਰੀਆਂ ਦੇ ਮੌਕੇ ਮੁਹੱਈਆ ਕਰਾਉਣ ਵਿੱਚ ਇਸ ਸੰਸਥਾ ਦਾ ਅਹਿਮ ਯੋਗਦਾਨ ਹੈ। ਇਹ ਅਜਿਹੀ ਇਕੱਲੀ ਸੰਸਥਾ ਹੈ, ਜੋ ਕਿ 3 ਮਹੀਨੇ ਤੋਂ ਲੈ ਕੇ 1 ਸਾਲ ਤੱਕ ਦੇ 8 ਕੋਰਸ ਇੱਕੋ ਸਮੇਂ ਚਲਾ ਰਹੀ ਹੈ। ਇਥੇ ਕਰਵਾਏ ਜਾਂਦੇ ਸਾਰੇ ਕੋਰਸ ਪ੍ਰੈਕਟੀਕਲ ‘ਤੇ ਅਧਾਰਿਤ ਹਨ। ਇਸ ਮੌਕੇ ਨੈਸ਼ਨਲ ਅਰਬਨ ਲਾਈਵਲੀਹੁੱਡ ਮਿਸ਼ਨ ਤਹਿਤ ਸ਼ੁਰੂ ਕੀਤੇ ਗਏ ਇਸ ਕੋਰਸ ਦੇ 30 ਵਿਦਿਆਰਥੀਆਂ ਨੂੰ ਮੁਫ਼ਤ ਕਿਤਾਬਾਂ, ਸਟੇਸ਼ਨਰੀ ਅਤੇ ਵਰਦੀਆਂ ਦੀ ਵੰਡ ਕੀਤੀ ਗਈ। ਪੁਸ਼ਕਰ ਮਿਸ਼ਰਾ ਨੇ ਕਿਹਾ ਕਿ ਇਸ ਸੰਸਥਾ ਵਿੱਚ ਕੋਰਸ ਕਰਨ ਵਾਲੇ ਸਿਖਿਆਰਥੀਆਂ ਨੂੰ ਕੋਰਸ ਕਰਨ ਉਪਰੰਤ ਉਨਾਂ ਦੀ ਯੋਗਤਾ ਮੁਤਾਬਿਕ ਨੌਕਰੀ ਆਸਾਨੀ ਨਾਲ ਮਿਲ ਜਾਂਦੀ ਹੈ।