ਮਲਟੀ ਸਕਿੱਲ ਡਿਵੈੱਲਪਮੈਂਟ ਸੈਂਟਰ ਦਾ ਚੌਖ਼ਾ ਫਾਇਦਾ ਲੈ ਰਹੇ ਹਨ ਪੇਂਡੂ ਵਿਦਿਆਰਥੀ

Loading

ਨੌਜਵਾਨ ਸਿਖ਼ਲਾਈ ਲੈ ਕੇ ਆਪਣੇ ਪੈਰਾਂ ‘ਤੇ ਖਡ਼ੇ ਹੋਣ ਨੂੰ ਤਰਜੀਹ ਦੇਣ-ਡਿਪਟੀ ਕਮਿਸ਼ਨਰ

ਲੁਧਿਆਣਾ 19 ਦਸੰਬਰ ( ਸਤ ਪਾਲ ਸੋਨੀ ) :  ਸਥਾਨਕ ਗਿੱਲ ਸਡ਼ਕ ‘ਤੇ ਸਥਿਤ ਮਲਟੀ ਸਕਿੱਲ ਡਿਵੈੱਲਪਮੈਂਟ ਸੈਂਟਰ ਜ਼ਰੂਰਤਮੰਦ ਸਿੱਖਿਆਰਥੀਆਂ ਨੂੰ ਹੁਨਰਮੰਦ ਬਣਾਉਣ ਵਿੱਚ ਤਾਂ ਵਰਦਾਨ ਸਾਬਿਤ ਹੋ ਹੀ ਰਿਹਾ ਹੈ, ਇਸਦੇ ਨਾਲ ਹੀ ਹੁਣ ਪੇਂਡੂ ਸਿਖਿਆਰਥੀਆਂ ਨੂੰ ਮੁਫ਼ਤ ਪਡ਼ਾਈ ਦੇ ਨਾਲ-ਨਾਲ ਆਉਣ ਜਾਣ ਦਾ ਖਰਚਾ ਵੀ ਮਿਲਣ ਲੱਗਾ ਹੈ, ਜਿਸ ਦਾ ਸਿੱਖਿਆਰਥੀ ਭਰਪੂਰ ਲਾਭ ਲੈ ਰਹੇ ਹਨ।
ਸੰਸਥਾ ਦੀ ਮੁੱਖੀ ਮਿਸ ਸਵਾਤੀ ਠਾਕੁਰ ਅਤੇ ਟਰੇਨਰ ਜਤਿੰਦਰਪਾਲ ਸਿੰਘ ਨੇ ਦੱਸਿਆ ਕਿ ਮਾਰਚ 2017 ਵਿੱਚ ਸ਼ੁਰੂ ਹੋਏ ਇਸ ਸੈਂਟਰ ਵਿੱਚ ਪਹਿਲਾਂ ਤਾਂ ਇਕੱਲੇ ਸ਼ਹਿਰੀ ਸਿੱਖਿਆਰਥੀਆਂ ਲਈ ਕੋਰਸ ਸ਼ੁਰੂ ਕੀਤੇ ਗਏ ਸਨ। ਪੰਜਾਬ ਸਰਕਾਰ ਵੱਲੋਂ ਮਿਲ ਰਹੇ ਲਗਾਤਾਰ ਉਤਸ਼ਾਹ ਅਤੇ ਸਹਿਯੋਗ ਦੇ ਚੱਲਦਿਆਂ ਹੁਣ ਸੰਸਥਾ ਵਿੱਚ ਪੇਂਡੂ ਨੌਜਵਾਨਾਂ (ਲਡ਼ਕੇ/ਲਡ਼ਕੀਆਂ) ਲਈ ਵੀ ਕੋਰਸ ਸ਼ੁਰੂ ਕੀਤੇ ਗਏ ਹਨ। ਪਹਿਲੇ ਗੇਡ਼ ਵਿੱਚ ਨਵੰਬਰ 2017 ਮਹੀਨੇ ਤੋਂ ਤਿੰਨ ਕੋਰਸ (ਸਿਲਾਈ ਮਸ਼ੀਨ ਆਪਰੇਟਰ, ਕਸਟਮਰ ਕੇਅਰ ਐਗਜ਼ੀਕਿਊਟਿਵ ਅਤੇ ਕੰਪਿਊਟਰ ਨੁਮੈਰੀਕਲ ਕੰਟਰੋਲ) ਸ਼ੁਰੂ ਕੀਤੇ ਗਏ ਹਨ। ਇਨਾਂ  ਤਿੰਨਾਂ ਕੋਰਸਾਂ ਦੇ ਪਹਿਲੇ ਬੈਚ ਵਿੱਚ 85 ਸਿੱਖਿਆਰਥੀ ਸਿਖ਼ਲਾਈ ਲੈ ਰਹੇ ਹਨ।
ਉਨਾਂ  ਦੱਸਿਆ ਕਿ ਪੇਂਡੂ ਸਿੱਖਿਆਰਥੀਆਂ ਨੂੰ ਜਿੱਥੇ ਬਿਲਕੁਲ ਮੁਫ਼ਤ ਸਿੱਖਿਆ ਦਿੱਤੀ ਜਾ ਰਹੀ ਹੈ, ਉਥੇ ਹੀ ਆਉਣ ਜਾਣ ਲਈ ਪ੍ਰਤੀ ਦਿਨ 109 ਰੁਪਏ ਦੇ ਹਿਸਾਬ ਨਾਲ ਕਿਰਾਇਆ ਭੱਤਾ ਵੀ ਦਿੱਤਾ ਜਾ ਰਿਹਾ ਹੈ। ਪੇਂਡੂ ਸਿੱਖਿਆਰਥੀਆਂ ਨੂੰ ਉਤਸ਼ਾਹਿਤ ਕਰਨ ਲਈ ਇਸ ਕਿਰਾਏ ਦੀ ਸਹੂਲਤ ਪੰਜਾਬ ਸਕਿੱਲ ਡਿਵੈੱਲਪਮੈਂਟ ਸੈਂਟਰ ਵੱਲੋਂ ਦਿੱਤੀ ਜਾ ਰਹੀ ਹੈ। ਇਹ ਸਹੂਲਤ ਲੈਣ ਲਈ ਸਿੱਖਿਆਰਥੀਆਂ ਨੂੰ 80 ਫੀਸਦੀ ਹਾਜ਼ਰੀ ਪੂਰੀ ਕਰਨੀ ਜ਼ਰੂਰੀ ਹੁੰਦੀ ਹੈ ਅਤੇ ਇਹ ਭੱਤਾ ਸਿੱਧਾ ਉਨਾਂ  ਦੇ ਬਚਤ ਖਾਤੇ ਵਿੱਚ ਅਦਾ ਕੀਤਾ ਜਾਂਦਾ ਹੈ। ਸੰਸਥਾ ਨੂੰ ਚਲਾਉਣ ਵਾਲੇ ਗਰਾਮ ਤਰੰਗ ਵੱਲੋਂ ਸਿੱਖਿਆਰਥੀਆਂ ਨੂੰ ਸਿਖ਼ਲਾਈ ਦੌਰਾਨ ਬੈਗ, ਕਿਤਾਬਾਂ, ਵਰਦੀ ਅਤੇ ਕਲਾਸਾਂ ਵਿੱਚ ਟੈਬਲੇਟ ਵੀ ਮੁਫ਼ਤ ਮੁਹੱਈਆ ਕਰਵਾਏ ਜਾਂਦੇ ਹਨ।
ਉਨਾਂ  ਦੱਸਿਆ ਕਿ ਸੈਂਟਰ ਵਿਖੇ ਚੱਲ ਰਹੇ ਸ਼ਾਰਟ ਟਰਮ ਕੋਰਸਾਂ ਵਿੱਚ ਇੰਡਸਟਰੀਅਲ ਸਿਲਾਈ ਮਸ਼ੀਨ ਆਪਰੇਟਰ, ਅਸਿਸਟੈਂਟ ਫੈਸ਼ਨ ਡਿਜ਼ਾਈਨਿੰਗ, ਕਸਟਮਰ ਰਿਲੇਸ਼ਨਸ਼ਿਪ ਮੈਨੇਜਮੈਂਟ, ਅਸਿਸਟੈਂਟ ਜਿੰਮ ਟਰੇਨਰ ਅਤੇ ਫਿਟਰ ਮਕੈਨੀਕਲ ਅਸੈਂਬਲੀ ਕੋਰਸ ਸ਼ਾਮਿਲ ਹਨ। ਇਸ ਤੋਂ ਇਲਾਵਾ ਕੁਝ ਪੇਡ ਕੋਰਸ ਵੀ ਕਰਵਾਏ ਜਾਂਦੇ ਹਨ, ਜਿਨਾਂ  ਵਿੱਚ ਕੰਪਿਊਟਰ ਅਕਾਂਊਂਟਿੰਗ, ਅਸ਼ੋਕ ਲੇਲੈਂਡ ਸਰਵਿਸ ਟੈਕਨੀਸ਼ੀਅਨ ਅਤੇ ਫੈਸ਼ਨ ਡਿਜ਼ਾਈਨਿੰਗ ਸ਼ਾਮਿਲ ਹਨ। ਇਨਾਂ  ਸਾਰੇ ਕੋਰਸਾਂ ਲਈ ਵਿਦਿਅਕ ਯੋਗਤਾ 10ਵੀਂ ਜਾਂ 12ਵੀਂ ਜਮਾਤ ਪਾਸ ਜ਼ਰੂਰੀ ਹੈ। ਲੋਡ਼ਵੰਦ ਲਡ਼ਕੀਆਂ ਲਈ ਮੁਫ਼ਤ ਹੋਸਟਲ ਦੀ ਸਹੂਲਤ ਵੀ ਹੈ ਜਦਕਿ ਲਡ਼ਕਿਆਂ ਦਾ ਹੋਸਟਲ ਵੀ ਜਲਦ ਹੀ ਬਣ ਕੇ ਤਿਆਰ ਹੋ ਜਾਵੇਗਾ। ਇਸ ਸੈਂਟਰ ਵਿੱਚ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਸਿਖ਼ਲਾਈ ਦਿੱਤੀ ਜਾਂਦੀ ਹੈ।
ਉਨਾਂ  ਦੱਸਿਆ ਕਿ ਹੁਣ ਤੱਕ ਇਸ ਸੈਂਟਰ ਤੋਂ ਕਰੀਬ 186 ਸਿੱਖਿਆਰਥੀ ਸਿਖ਼ਲਾਈ ਲੈ ਕੇ ਆਪਣੇ ਪੈਰਾਂ ‘ਤੇ ਖਡ਼ੇ  ਹੋਣ ਵਿੱਚ ਸਫ਼ਲ ਰਹੇ ਹਨ, ਜੋ ਕਿ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਹੁਨਰਮੰਦ ਬਣਾਉਣ ਦੇ ਟੀਚੇ ਨੂੰ ਪੂਰਾ ਕਰਨ ਲਈ ਸ਼ੁਭ ਸੰਕੇਤ ਹੈ। ਇਨਾਂ  ਸਿੱਖਿਆਰਥੀਆਂ ਵਿੱਚੋਂ 110 ਸਿੱਖਿਆਰਥੀਆਂ ਦੀ ਵੱਖ-ਵੱਖ ਉਦਯੋਗਿਕ ਇਕਾਈਆਂ ਵਿੱਚ ਪਲੇਸਮੈਂਟ ਹੋ ਚੁੱਕੀ ਹੈ ਅਤੇ ਉਹ ਵਧੀਆ ਤਨਖ਼ਾਹ ਲੈ ਰਹੇ ਹਨ, ਜਦਕਿ ਬਾਕੀ ਸਿੱਖਿਆਰਥੀਆਂ ਨੇ ਆਪਣੇ ਰੋਜ਼ਗਾਰ ਜਾਂ ਤਾਂ ਸ਼ੁਰੂ ਕਰ ਲਏ ਹਨ ਜਾਂ ਫਿਰ ਸ਼ੁਰੂ ਕਰਨ ਦੀ ਤਿਆਰੀ ਵਿੱਚ ਹਨ।
ਇਸ ਸੈਂਟਰ ਦੀ ਹੁਣ ਤੱਕ ਦੀ ਕਾਰਗੁਜ਼ਾਰੀ ‘ਤੇ ਤਸੱਲੀ ਪ੍ਰਗਟ ਕਰਦਿਆਂ ਡਿਪਟੀ ਕਮਿਸ਼ਨਰ  ਪ੍ਰਦੀਪ ਕੁਮਾਰ ਅਗਰਵਾਲ ਨੇ ਜ਼ਰੂਰਤਮੰਦ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਸੈਂਟਰ ਤੋਂ ਸਿਖ਼ਲਾਈ ਲੈ ਕੇ ਆਪਣੇ ਪੈਰਾਂ ‘ਤੇ ਖੁਦ ਖਡ਼ੇ  ਹੋਣ ਨੂੰ ਤਰਜੀਹ ਦੇਣ। ਇਥੇ ਕੋਰਸ ਕਰਨ ਵਾਲੇ ਸਿੱਖਿਆਰਥੀ ਨੂੰ ਜਿੱਥੇ ਨੈਸ਼ਨਲ ਸਕਿੱਲ ਡਿਵੈੱਲਪਮੈਂਟ ਕਾਰਪੋਰੇਸ਼ਨ ਵੱਲੋਂ ਸਰਟੀਫਿਕੇਟ ਦਿੱਤਾ ਜਾਂਦਾ ਹੈ। ਉਥੇ ਵੱਖ-ਵੱਖ ਕੰਪਨੀਆਂ ਨਾਲ ਰਾਬਤਾ ਕਾਇਮ ਕਰਕੇ ਉਨਾਂ  ਦੀ ਪਲੇਸਮੈਂਟ (ਨੌਕਰੀ) ਵੀ ਕਰਵਾਈ ਜਾਂਦੀ ਹੈ। ਸ੍ਰੀ ਅਗਰਵਾਲ ਨੇ ਕਿਹਾ ਕਿ ਜੋ ਸਿੱਖਿਆਰਥੀ ਕੋਰਸ ਕਰਨ ਉਪਰੰਤ ਆਪਣਾ ਰੋਜ਼ਗਾਰ ਸ਼ੁਰੂ ਕਰਨਾ ਚਾਹੁੰਦੇ ਹਨ, ਉਨਾਂ  ਨੂੰ ਪੰਜਾਬ ਸਰਕਾਰ ਦੇ ਨਿਰਦੇਸ਼ ‘ਤੇ ਕਰਜ਼ਾ ਵੀ ਮੁਹੱਈਆ ਕਰਵਾਇਆ ਜਾਂਦਾ ਹੈ।

9960cookie-checkਮਲਟੀ ਸਕਿੱਲ ਡਿਵੈੱਲਪਮੈਂਟ ਸੈਂਟਰ ਦਾ ਚੌਖ਼ਾ ਫਾਇਦਾ ਲੈ ਰਹੇ ਹਨ ਪੇਂਡੂ ਵਿਦਿਆਰਥੀ

Leave a Reply

Your email address will not be published. Required fields are marked *

error: Content is protected !!