![]()

ਸਿਧਾਂਤਕ ਜਾਂ ਵਿਚਾਰਧਾਰਕ ਵਖਰੇਵਿਆਂ ਦਾ ਹੱਲ, ਕੁੱਟਮਾਰ ਨਹੀਂ : ਵੈਦ
ਲੁਧਿਆਣਾ, 26 ਅਗਸਤ ( ਸਤ ਪਾਲ ਸੋਨੀ ) : ਅਮਰੀਕਾ ਦੇ ਕੈਲੇਫੋਰਨੀਆ ਸੂਬੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ‘ਤੇ ਕੀਤੇ ਗਏ ਹਮਲੇ ਦੀ ਹਲਕਾ ਗਿੱਲ ਦੇ ਵਿਧਾਇਕ ਕੁਲਦੀਪ ਸਿੰਘ ਵੈਦ ਨੇ ਕਰਡ਼ੇ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਇਸ ਹਮਲੇ ਬਾਰੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਵੈਦ ਨੇ ਕਿਹਾ ਕਿ ਦੋ ਧਿਰਾਂ ਵਿੱਚ ਜੇਕਰ ਸਿਧਾਂਤਕ ਜਾਂ ਵਿਚਾਰਧਾਰਕ ਵਖਰੇਵੇਂ ਹੋਣ ਤਾਂ ਜ਼ਰੂਰੀ ਨਹੀਂ ਉਸਦਾ ਹੱਲ ਕੁੱਟਮਾਰ ਨਾਲ ਹੀ ਕੱਢਿਆ ਜਾਵੇ। ਵੈਦ ਨੇ ਕਿਹਾ ਕਿ ਜੀ. ਕੇ. ਨਾਲ ਕੀਤਾ ਗਿਆ ਵਿਵਹਾਰ ਅਤਿ ਨਿੰਦਣਯੋਗ ਹੈ, ਜਿਸ ਨੂੰ ਕੋਈ ਸਿੱਖ ਜਾਂ ਹੋਰ ਬਰਦਾਸ਼ਤ ਨਹੀਂ ਕਰ ਸਕਦਾ।
ਉਨਾਂ ਕਿਹਾ ਕਿ ਜੇਕਰ ਕਿਸੇ ਤਰਾਂ ਦਾ ਕੋਈ ਮਸਲਾ ਹੋਵੇ ਤਾਂ ਉਸਨੂੰ ਗੱਲ ਜਾਂ ਤਕਰੀਰ ਨਾਲ ਰੱਖਣਾ ਚਾਹੀਦਾ ਹੈ ਅਤੇ ਉਸਨੂੰ ਕੌਮ ਦੀ ਭਲਾਈ ਨੂੰ ਮੂਹਰੇ ਰੱਖ ਕੇ ਸੁਲਝਾਉਣ ਦੀ ਦਿਸ਼ਾ ਵਿੱਚ ਚੱਲਣਾ ਚਾਹੀਦਾ ਹੈ। ਪਰ ਆਪਣੇ ਗੁੱਸੇ ਦਾ ਪ੍ਰਗਟਾਵਾ ਹਿੰਸਾ ਦੇ ਰੂਪ ਵਿੱਚ ਕਰਨਾ ਅਣਉਚਿਤ ਹੈ ਕਿਉਂਕਿ ਸਿੱਖ ਧਰਮ ਵਿੱਚ ਹਿੰਸਾ ਨੂੰ ਕੋਈ ਸਥਾਨ ਨਹੀਂ ਹੈ। ਇਸ ਤੋਂ ਇਲਾਵਾ ਸਾਨੂੰ ਦਸਤਾਰ ਦੀ ਵੀ ਕਦਰ ਕਰਨੀ ਚਾਹੀਦੀ ਹੈ।